ਬਾਦਲ ਪਰਿਵਾਰ ਅਕਾਲ ਤਖਤ ਦੀ ਮਾਣ ਮਰਿਆਦਾ ਦਾ ਘਾਣ ਕਰ ਰਿਹਾ ਹੈ —ਸਿੰਘ ਸਾਹਿਬ ਜਥੇਦਾਰ ਰਣਜੀਤ ਸਿੰਘ

ਸਿੰਘ ਸਾਹਿਬ ਜੱਥੇਦਾਰ ਨੇ ਕੀਤਾ “ਜੰਨਤ ਏ ਜਰਖੜ ” ਦਾ ਦੌਰਾ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਰਣਜੀਤ ਸਿੰਘ ਨੇ ਅੱਜ ਅਚਨਚੇਤ ਪਿੰਡ ਜਰਖੜ ਵਿਖੇ ਬਣੇ ਮਿਊਜ਼ੀਅਮ ” ਜੰਨਤ ਏ ਜਰਖੜ ” ਦਾ ਦੌਰਾ ਕਰਦਿਆਂ ਦੱਸਿਆ ਕਿ ਇਹ ਵਿਰਾਸਤੀ ਮਿਊਜ਼ੀਅਮ ਸਾਡੇ ਸਕੂਲੀ ਬੱਚਿਆਂ ਲਈ ਇੱਕ ਪ੍ਰੇਰਨਾ ਸਰੋਤ ਹੈ। ਇਸ ਮਿਊਜ਼ੀਅਮ ਤੋਂ ਜਿੱਥੇ ਸਾਡੀ ਵਿਰਾਸਤ, ਸਾਡੇ ਇਤਿਹਾਸ ਦੀ ਜਾਣਕਾਰੀ ਮਿਲਦੀ ਹੈ ਉੱਥੇ ਇਹ ਮਿਊਜੀਅਮ ਪੁਰਾਣੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀਆਂ ਯਾਦਾਂ ਨੂੰ ਵੀ ਸਾਂਝਾ ਕਰਦਾ ਹੈ । ਉਹਨਾਂ ਆਖਿਆ ਜੰਨਤ ਏ ਜਰਖੜ  ਆਮ ਲੋਕਾਂ ਲਈ ਇਹ ਇੱਕ ਗਿਆਨਵਾਨ ਥਾਂ  ਹੈ। ਇਸ ਮੌਕੇ ਉਹਨਾਂ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਬਾਦਲ ਪਰਿਵਾਰ ਅਕਾਲ ਤਖਤ ਦੀ ਮਾਣ ਮਰਿਆਦਾ ਦਾ ਬੁਰੀ ਤਰਾਂ ਘਾਣ ਕਰ ਰਿਹਾ ਹੈ। ਉਹਨਾਂ ਆਖਿਆ ਕਿ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਸਥਾਵਾਂ ਇੱਕ ਬਾਦਲ ਪਰਿਵਾਰ ਤੱਕ ਸੀਮਤ ਹੋ ਕੇ ਰਹਿ ਗਈਆਂ ਹਨ। ਜੇਕਰ ਆਉਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿੱਚ ਬਾਦਲ ਪਰਿਵਾਰ ਨੂੰ ਸਿੱਖ ਵੋਟਰਾਂ ਨੇ ਕਮੇਟੀ ਤੋਂ ਲਾਂਭੇ ਨਾ ਕੀਤਾ ਤਾਂ ਸਿੱਖੀ ਲਈ ਇਹ ਬਹੁਤ ਘਾਤਕ ਹੋ ਜਾਵੇਗਾ । ਸਿੱਖੀ ਬਚਾਉਣੀ ਵੀ ਮੁਸ਼ਕਿਲ ਹੋ ਜਾਵੇਗੀ। ਗੁਰੂ ਘਰਾਂ ਵਿੱਚ ਲੱਖਾਂ ਕਰੋੜਾਂ ਦੇ ਘਪਲੇ ਹੋ ਰਹੇ ਹਨ। ਸਿੰਘ ਸਾਹਿਬ ਜਥੇਦਾਰ ਰਣਜੀਤ ਸਿੰਘ ਨੇ ਆਖਿਆ ਕਿ ਪੜ੍ਹੇ ਲਿਖੇ ਸਿੱਖ ਨੌਜਵਾਨਾਂ ਨੂੰ ਰਣਨੀਤੀ ਅਤੇ ਧਾਰਮਿਕ ਸਿਆਸਤ ਵਿੱਚ ਅੱਗੇ ਆਉਣਾ ਚਾਹੀਦਾ ਹੈ । ਉਹਨਾਂ ਆਖਿਆ ਨੌਜਵਾਨਾਂ ਨੂੰ ਵੱਧ ਤੋਂ ਵੱਧ ਅੰਮ੍ਰਿਤਪਾਨ ਕਰਕੇ ਸਿੱਖੀ ਦੇ ਲੜ ਲੱਗਣਾ ਚਾਹੀਦਾ ਹੈ। ਇਸ ਮੌਕੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਅਤੇ ਪਿੰਡ ਜਰਖੜ ਨਿਵਾਸੀਆਂ ਨੇ ਸਿੰਘ ਸਾਹਿਬ ਜਥੇਦਾਰ ਰਣਜੀਤ ਸਿੰਘ ਨੂੰ “ਜੰਨਤ ਏ ਜਰਖੜ” ਵਿਖੇ “ਵਿਰਾਸਤੀ ਸਨਮਾਨ ” ਐਵਾਰਡ ਨਾਲ  ਦੋਸ਼ਾਲਾ ਪਾ ਕੇ ਸਨਮਾਨਿਤ ਕੀਤਾ ।  ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਰਪੂਰ ਸਿੰਘ ਧਾਂਦਰਾ, ਸੁਖਪਾਲ ਸਿੰਘ ਨਾਰੰਗਵਾਲ, ਗੁਰਸੇਵਕ ਸਿੰਘ ਘਵੱਦੀ, ਜਥੇਦਾਰ ਹਰਪਾਲ ਸਿੰਘ ਬਿਜਲੀਪੁਰ, ਜਗਰੂਪ ਸਿੰਘ ਜਰਖੜ, ਜਰਖੜ ਗੁਰਦੁਆਰਾ ਸੁਖ ਸਾਗਰ ਦੇ ਪ੍ਰਧਾਨ ਸਵਰਨ ਸਿੰਘ ਪੰਮਾ, ਸ਼ਿੰਗਾਰਾ ਸਿੰਘ ਜਰਖੜ, ਸਰਪੰਚ ਸੰਦੀਪ ਸਿੰਘ ਜਰਖੜ, ਤਪਿੰਦਰ ਸਿੰਘ ਗੋਗਾ, ਜਰਨੈਲ ਸਿੰਘ ਜਰਖੜ, ਪ੍ਰੀਤ ਮਹਿੰਦਰ ਸਿੰਘ ਨਿੱਪੀ, ਕੁਲਦੀਪ ਸਿੰਘ ਘਵੱਦੀ, ਧੋਨੀ ਜਰਖੜ, ਸੁਖਦੇਵ ਸਿੰਘ ਸੁਖੂ, ਸ਼ਿੰਦਰ ਸਿੰਘ ਗੋਗੀ, ਅਮਰਜੀਤ ਸਿੰਘ ਸਿਮਰ, ਅਮਰੀਕ ਸਿੰਘ ਜਰਖੜ, ਸੰਤ ਸਿੰਘ ਆਦਿ ਇਲਾਕੇ ਦੀਆਂ ਸਖਸ਼ੀਅਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਇੱਕੋ ਸਮੇਂ ਭਰਤੀ ਹੋਏ ਅਧਿਆਪਕ ਲੈ ਰਹੇ ਹਨ ਵੱਖ ਵੱਖ ਤਨਖਾਹਾਂ, ਸੂਬੇ ਵਿੱਚ ਅਧਿਆਪਕਾਂ ਦੀਆਂ ਤਨਖਾਹਾਂ ਵਿੱਚ ਵਖਰੇਵੇਂ ਨੂੰ ਦੂਰ ਕੀਤਾ ਜਾਵੇ – ਰਛਪਾਲ ਸਿੰਘ ਵੜੈਚ
Next articleਫੋਰਟਿਸ ਹਸਪਤਾਲ ਲੁਧਿਆਣਾ ਵੱਲੋਂ ਵਿਸ਼ੇਸ਼ ਜਿਗਰ ਦੇ ਇਲਾਜ ਲਈ ਮੁਫ਼ਤ ਲਿਵਰ ਓ.ਪੀ.ਡੀ. ਕਲੀਨਿਕ ਸ਼ੁਰੂ