ਕਪੂਰਥਲਾ, (ਸਮਾਜ ਵੀਕਲੀ) (ਕੌੜਾ )– ਬੇਬੇ ਨਾਨਕੀ ਯੂਨੀਵਰਸਿਟੀ ਕਾਲਜ, ਫੱਤੂਢੀਂਗਾ ਵੱਲੋਂ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਫ੍ਰੈਸ਼ਰ ਪਾਰਟੀ ਦਾ ਆਯੋਜਨ ਪ੍ਰਿੰਸੀਪਲ ਡਾਕਟਰ ਦਲਜੀਤ ਸਿੰਘ ਖਹਿਰਾ ਜੀ ਦੀ ਰਹਿਨੁਮਾਈ ਵਿੱਚ ‘ਧਾਮ ਪੈਲੇਸ’ ਵਿੱਚ ਕੀਤਾ ਗਿਆ। ਇਸ ਸਮਾਗਮ ਨੇ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਆਪਸੀ ਜਾਣ-ਪਛਾਣ ਵਧਾਉਣ ਦਾ ਅਨਮੋਲ ਮੌਕਾ ਪ੍ਰਦਾਨ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਧਾਰਮਿਕ ਮਾਹੌਲ ਵਿੱਚ ਸ਼ਬਦ ਗਾਇਨ ਨਾਲ ਹੋਈ। ਮੰਚ ਸੰਭਾਲਣ ਦੀ ਭੂਮਿਕਾ ਬੀ.ਕਾਮ ਫ਼ਾਈਨਲ ਦੀ ਵਿਦਿਆਰਥਣ ਕੋਮਲਪ੍ਰੀਤ ਨੇ ਨਿਭਾਈ ।ਇਸ ਤੋਂ ਬਾਅਦ ਮੰਚ ‘ਤੇ ਵਿਦਿਆਰਥੀਆਂ ਵੱਲੋਂ ਭੰਗੜੇ, ਗਿੱਧੇ ਦੇ ਨਾਲ–ਨਾਲ ਗੀਤ, ਕਵਿਤਾ ਪਾਠ ਅਤੇ ਸਕਿਟ ਨਾਲ ਭਰਪੂਰ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਸਮਾਰੋਹ ਦਾ ਸਭ ਤੋਂ ਰੋਮਾਂਚਕ ਪਲ ਟਾਈਟਲ ਰਾਊਂਡ ਰਿਹਾ। ਵਿਦਿਆਰਥੀਆਂ ਨੇ ਆਪਣੇ ਆਤਮਵਿਸ਼ਵਾਸ ਅਤੇ ਹੁਨਰ ਨਾਲ ਮੰਚ ‘ਤੇ ਚਾਰ ਚੰਦ ਲਗਾ ਦਿੱਤੇ। ਟਾਈਟਲ ਮੁਕਾਬਲੇ ਵਿੱਚ ਕੋਮਲਪ੍ਰੀਤ ਕੌਰ (ਬੀ ਕਾਮ ਭਾਗ ਪਹਿਲਾ ) ਮਿਸ ਫ੍ਰੈਸ਼ਰ, ਪੁਸ਼ਮਪ੍ਰੀਤ ਕੌਰ (ਬੀ ਸੀ ਏ ਭਾਗ ਪਹਿਲਾ ) ਮਿਸ ਡੀਵਾ ਅਤੇ ਸੰਦੀਪ ਕੌਰ (ਬੀ ਏ ਭਾਗ ਪਹਿਲਾ ) ਮਿਸ ਪੈਨਾਸ਼ੇ ਚੁਣੀਆਂ ਗਈਆਂ। ਇਸ ਮੌਕੇ ਕਾਲਜ ਕਮੇਟੀ ਦਾ ਗਠਨ ਵੀ ਕੀਤਾ ਗਿਆ, ਜਿਸ ਵਿੱਚ ਕੋਮਲਪ੍ਰੀਤ ਕੌਰ ਨੂੰ ਪ੍ਰੈਜ਼ੀਡੈਂਟ, ਅਮਨਦੀਪ ਕੌਰ ਨੂੰ ਆਰਟਸ ਪ੍ਰਤੀਨਿਧੀ, ਜਸਮੀਨ ਕੌਰ ਨੂੰ ਕਾਮਰਸ ਪ੍ਰਤੀਨਿਧੀ ਅਤੇ ਗੁਰਸ਼ਰਨ ਕੌਰ ਨੂੰ ਕੰਪਿਊਟਰ ਸਾਇੰਸ ਪ੍ਰਤੀਨਿਧੀ ਨਿਯੁਕਤ ਕੀਤਾ ਗਿਆ। ਸਮਾਰੋਹ ਦੇ ਸੁਚਾਰੂ ਸੰਚਾਲਨ ਵਿੱਚ ਕੋਆਰਡੀਨੇਟਰ ਪ੍ਰੋ. ਸੰਦੀਪ ਕੌਰ ਅਤੇ ਪ੍ਰੋ.ਜੀਤਨ ਦੀ ਅਹਿਮ ਭੂਮਿਕਾ ਰਹੀ। ਇਸ ਮੌਕੇ ਪ੍ਰਿੰਸੀਪਲ ਡਾ. ਦਲਜੀਤ ਸਿੰਘ ਖਹਿਰਾ ਜੀ ਨੇ ਨਵੇਂ ਵਿਦਿਆਰਥੀਆਂ ਨੂੰ ਅਕਾਦਮਿਕ ਅਤੇ ਨਿੱਜੀ ਜੀਵਨ ਵਿੱਚ ਤਰੱਕੀ ਲਈ ਪ੍ਰੇਰਿਤ ਕੀਤਾ ਤੇ ਉਨ੍ਹਾਂ ਨੂੰ ਚੰਗੇ ਭਵਿੱਖ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸਮਾਰੋਹ ਦਾ ਸਮਾਪਨ ਖੁਸ਼ੀ ਅਤੇ ਉਤਸ਼ਾਹ ਭਰੇ ਮਾਹੌਲ ਵਿੱਚ ਹੋਇਆ ਜੋ ਹਰੇਕ ਵਿਦਿਆਰਥੀ ਦੀ ਯਾਦਾਂ ਵਿੱਚ ਹਮੇਸ਼ਾਂ ਲਈ ਦਰਜ ਰਹੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



