ਦਲਿਤ ਚੇਤਨਾ ਲਹਿਰ ਵਿੱਚ ਯੋਗਦਾਨ ਪਾਉਣ ਦੇ ਸਮਰੱਥ ਦੋਵੇਂ ਗੀਤ–ਰਣਜੀਤ ਸਿੰਘ “ਹਠੂਰ” ————
(ਸਮਾਜ ਵੀਕਲੀ): ਮਿਤੀ 9 ਅਪ੍ਰੈਲ ਨੂੰ ਗੀਤਕਾਰ ਰਣਜੀਤ ਸਿੰਘ ਹਠੂਰ ਦੀ ਕਲਮ ਰਾਹੀਂ ਸਿਰਜੇ ਦੋ ਅਜਿਹੇ ਗੀਤ ਰਿਲੀਜ਼ ਕੀਤੇ ਜੋ ਭਾਰਤ ਦੇ ਬਹੁਜਨ ਸਮਾਜ ਦੇ ਦਿਲਾਂ ਵਿੱਚ ਖੂਬ ਉਤਰਨਗੇ ।”ਭੀਮ ਰਾਓ ਅੰਬੇਡਕਰ “ਗੀਤ ਨੂੰ ਆਪਣੇ ਸ਼ਬਦਾਂ ਵਿੱਚ ਖੁਦ ਗੀਤਕਾਰ ਰਣਜੀਤ ਸਿੰਘ ਹਠੂਰ ਨੇ ਪਰੋਇਆ ਤੇ ਗਾਇਆ।
ਗਾਇਕੀ ਵਿੱਚ ਨਾਮਣਾ ਖੱਟ ਰਹੇ ਗੋਲਡੀ ਮਲਕ ਨੇ “ਜੇ ਨਾ ਜੰਮਦਾ ਅੰਬੇਡਕਰ ਸੂਰਮਾਂ” ਗੀਤ ਖੁਦ ਲਿਖਿਆ ਤੇ ਗਾਇਆ ।
ਵਰਨਣਯੋਗ ਹੈ ਕਿ ਰਣਜੀਤ ਸਿੰਘ ਹਠੂਰ ਅਤੇ ਗੋਲਡੀ ਮਲਕ ਅੰਧ ਵਿਸ਼ਵਾਸਾਂ ਵਾਲੇ ਗੀਤ ਲਿਖਣ ਤੋਂ ਕੋਹਾਂ ਦੂਰ ਹੁੰਦਿਆਂ ਜਮੀਨੀ ਹਕੀਕਤਾਂ ਨੂੰ ਗੀਤਾਂਰਾਹੀਂ ਬਿਆਨਦੇ ਹਨ।
ਡਾ. ਅੰਬੇਡਕਰ ਦੀ ਮਨੂੰਵਾਦ ਖਿਲਾਫ ਚੱਲ ਰਹੀ ਵਿਵਸਥਾ ਪਰਿਵਰਤਨ ਦੀ ਲਹਿਰ ਨੂੰ ਮਜਬੂਤ ਕਰਨ ਵਿੱਚ ਆਪਣਾ ਬਣਦਾ ਹਿੱਸਾ ਆਪਣੇ ਪ੍ਰੇਰਨਾਮਈ ਗੀਤਾਂ ਰਾਹੀਂ ਪਾ ਰਹੇ ਹਨ।ਜਿੱਥੇ ਇਹਨਾਂ ਗੀਤਾਂ ਵਿੱਚ ਮਨੂੰਵਾਦੀ ਆਰੀਆ ਲੋਕਾਂ ਦੀ ਲੋਟੂ ਵਿਵਸਥਾ ਨੂੰ ਸਮਾਜ ਸਾਹਮਣੇ ਪੇਸ਼ ਕੀਤਾ ਹੈ ਓਥੇ ਬਹੁਜਨ ਸਮਾਜ ਦੇ ਵਿਕਾਊ ਲੋਕਾਂ ਦੀ ਮਾਨਸਿਕਤਾ ਨੂੰ ਦਰਸਾ ਕੇ ਸੱਚੇ ਅੰਬੇਡਕਰੀ ਮਿਸ਼ਨ ਦਾ ਰਾਹ ਰੁਸ਼ਨਾਇਆ ਅਤੇ ਬਾਬਾ ਸਾਹਿਬ ਦੇ ਜੀਵਨ ਸੰਘਰਸ਼ ਨੂੰ ਖੂਬਸੂਰਤ ਤਰੀਕੇ ਨਾਲ ਪੇਸ਼ ਕੀਤਾ ਗਿਆ।
ਗੀਤ ਰਿਲੀਜ਼ ਕਰਨ ਮੌਕੇ ਡਾ. ਅੰਬੇਡਕਰ ਵੈਲਫੇਅਰ ਟਰੱਸਟ ਜਗਰਾਉਂ ਦੇ ਪ੍ਰਧਾਨ ਅਮਰਜੀਤ ਸਿੰਘ ਚੀਮਾ ਨੇ ਗਾਇਕ ਗੋਲਡੀ ਮਲਕ ਅਤੇ ਗੀਤਕਾਰ ਰਣਜੀਤ ਸਿੰਘ ਹਠੂਰ ਨੂੰ ਇਸ ਸਾਰਥਕ ਉਪਰਾਲੇ ਹਿਤ ਵਧਾਈਆਂ ਦਿੰਦਿਆਂ ਆਖਿਆ ਕਿ ਇਹ ਗੀਤ 22 ਅਪ੍ਰੈਲ ਨੂੰ ਅੰਬੇਡਕਰ ਭਵਨ ਜਗਰਾਉਂ ਵਿਖੇ ਮਨਾਏ ਜਾ ਰਹੇ ਬਾਬਾ ਸਾਹਿਬ ਜੈਯੰਤੀ ਮੌਕੇ ਵੀ ਪੇਸ਼ ਕੀਤੇ ਜਾਣਗੇ ਅਤੇ ਇੰਨਾ ਕਲਾਕਾਰਾਂ ਦਾ ਸਨਮਾਨ ਵੀ ਕੀਤਾ ਜਾਏਗਾ ਤਾਂ ਕਿ ਭਵਿੱਖ ਵਿੱਚ ਵੀ ਇਸ ਤਰਾਂ ਦੇ ਹੋਰ ਗੀਤਾਂ ਦੀ ਸਿਰਜਣਾ ਰਾਹੀਂ ਬਹੁਜਨ ਸਮਾਜ ਵਿੱਚ ਚੇਤਨਾ ਲਿਆਉਣ ਦਾ ਪ੍ਰਚਲਨ ਬਾ-ਦਸਤੂਰ ਜਾਰੀ ਰਹੇ। ਟਰੱਸਟੀ ਮੈਂਬਰ ਡਾ. ਸੁਰਜੀਤ ਸਿੰਘ ਦੌਧਰ, ਸਰਪੰਚ ਦਰਸ਼ਨ ਸਿੰਘ ਪੋਨਾ,ਸ ਮਸਤਾਨ ਸਿੰਘ, ਡਾ.ਜਸਵੀਰ ਸਿੰਘ,ਸ ਘੁਮੰਡਾ ਸਿੰਘ, ਸਤਨਾਮ ਸਿੰਘ, ਮੈਨੇਜਰ ਗੁਰਦੀਪ ਸਿੰਘ ਹਠੂਰ, ਅਮਰ ਨਾਥ,ਮਹਿੰਗਾ ਸਿੰਘ ਮੀਰਪੁਰ, ਮੈਨੇਜਰ ਸਰੂਪ ਸਿੰਘ ਆਦਿ ਵਿਸ਼ੇਸ਼ ਤੌਰ ‘ਤੇ ਹਾਜਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly