(ਸਮਾਜ ਵੀਕਲੀ)
ਹਰ ਇੱਕ ਦੇ ਨਹੀਂ ਵੱਸ ਪਹੁੰਚਣਾ ਉਪਰ ਉਚਾਈਆਂ ਦੇ
ਸਿਦਕ ਦਿਲੀ ਨਾਲ ਕਰਨੇ ਪੈਂਦੇ ਸਫ਼ਰ ਸਚਾਈਆਂ ਦੇ
ਸ਼ੋਹਰਤ ਨਹੀਂ ਹੈ ਸਸਤੀ ਜੀ ਬਾਬਾ ਵਿਸ਼ਵਕਰਮਾ ਦੀ।
ਬੜੀ ਸਤਿਕਾਰਯੋਗ ਹੈ ਹਸਤੀ ਜੀ ਬਾਬਾ ਵਿਸ਼ਵਕਰਮਾ ਦੀ।
ਸ਼ਿਲਪ ਕਲਾ ਦੇ ਮੌਢੀ ਕਹਿ ਸਤਿਕਾਰੇ ਜਾਂਦੇ ਨੇ,
ਕਿਰਤੀ ਭਾਈਚਾਰੇ ਵੱਲੋਂ ਪਿਆਰੇ ਜਾਂਦੇ ਨੇ,
ਸਖ਼ਸ਼ੀਅਤ ਹੈ ਬੁਹਪਰਤੀ ਜੀ ਬਾਬਾ ਵਿਸ਼ਵਕਰਮਾ ਦੀ।
ਬੜੀ ਸਤਿਕਾਰਯੋਗ…………………………..।
ਨਿਰਮਾਣਕਾਰੀ ਦੇ ਧਨੀ ਹੱਥਾਂ ਦੇ ਸਚਿਆਰੇ ਨੇ,
ਉਨ੍ਹਾਂ ਕਰਕੇ ਹੋਂਦ ਵਿਚ ਕਈ ਆਏ ਪਸਾਰੇ ਨੇ,
ਸਭਨਾ ਵਿਚ ਵਰਤਦੀ ਸ਼ਕਤੀ ਜੀ ਬਾਬਾ ਵਿਸ਼ਵਕਰਮਾ ਦੀ।
ਬੜੀ ਸਤਿਕਾਰਯੋਗ ……………………………..।
ਵਿਚ ਦੇਵਤਿਆਂ ਉਨ੍ਹਾਂ ਦਾ ਸਥਾਨ ਅਹਿਮ ਹੈ ਜੀ,
ਲੰਕਾ ਨੂੰ ਉਸਾਰਨ ਵਿਚ ਯੋਗਦਾਨ ਅਹਿਮ ਹੈ ਜੀ,
ਅਹਿਸਾਨਮੰਦ ਰਹੂ ਧਰਤੀ ਜੀ ਬਾਬਾ ਵਿਸ਼ਵਕਰਮਾ ਦੀ।
ਬੜੀ ਸਤਿਕਾਰਯੋਗ…………………………..।
ਕਿਰਤ ਕਰਨ ਲਈ ਬੇਸ਼ਕੀਮਤੀ ਔਜਾਰ ਬਣਾਏ ਨੇ,
ਇਨ੍ਹਾਂ ਨਾਲ ਕਈ ਕਾਰਜ ਜਾਂਦੇ ਸਿਰੇ ਚੜ੍ਹਾਏ ਨੇ,
ਇੰਜੀਨੀਅਰ ਦੀ ਹੈ ਪੱਧਤੀ ਜੀ ਬਾਬਾ ਵਿਸ਼ਵਕਰਮਾ ਦੀ।
ਬੜੀ ਸਤਿਕਾਰਯੋਗ…………………………….।
ਪੂਰੇ ਵਿਸ਼ਵ ਵਿਚ ਨਾਮ ਹੈ ਅੱਜ ਬਾਬਾ ਵਿਸ਼ਵਕਰਮਾ ਦਾ,
ਵੱਖਰਾ ਜਿਹਾ ਮੁਕਾਮ ਹੈ ਅੱਜ ਬਾਬਾ ਵਿਸ਼ਵਕਰਮਾ ਦਾ,
ਮਿਹਨਤਕਸ਼ ਹੈ ਬਸਤੀ ਜੀ ਬਾਬਾ ਵਿਸ਼ਵਕਰਮਾ ਦੀ।
ਬੜੀ ਸਤਿਕਾਰਯੋਗ…………………………।
ਨਜ਼ਰ ਪੈਂਦੇ ਜੋ ਦੂਰ ਦੂਰ ਤੱਕ ਮਹਿਲ ਮੁਨਾਰੇ ਨੇ,
ਬਾਬਾ ਜੀ ਦੀ ਕਿਰਪਾ ਦੇ ਨਾਲ ਗਏ ਉਸਾਰੇ ਨੇ,
ਕਹੇ ‘ਚੋਹਲਾ’ਪਹੁੰਚ ਹੈ ਦਸਤੀ ਜੀ ਬਾਬਾ ਵਿਸ਼ਵਕਰਮਾ ਦੀ।
ਬੜੀ ਸਤਿਕਾਰਯੋਗ……………………………….।
ਰਮੇਸ਼ ਬੱਗਾ ਚੋਹਲਾ
#1348/17/1 ਗਲੀ ਨੰ: 8 ਰਿਸ਼ੀ ਨਗਰ
ਐਕਸਟੈਨਸ਼ਨ (ਲੁਧਿਆਣਾ) ਮੋਬ:9463132719
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly