ਡੱਕਾ ਤੋੜ ਓਏ ਬਾਬਾ

ਬਲਜਿੰਦਰ ਸਿੰਘ "ਬਾਲੀ ਰੇਤਗੜੵ"

(ਸਮਾਜ ਵੀਕਲੀ)

ਪਾਵੋਂ ਹਰ ਦਿਨ ਖੱਪਾਂ ਨਾਲ ਦੁਹਾਈ
ਵੀਡੀਓ ਹਰ ਮੀਡੀਆ ਉਪਰ ਪਾਈ
ਕੀ ਜੁਮਲਿਆ ਦੀ ਲੋੜ ਓਏ ਬਾਬਾ–?
ਹੁਣ ਸਮਾਂ ਰਹਿ ਗਿਆ ਥੋੜਾ
ਕੋਈ ਤਾਂ ਡੱਕਾ ਤੋੜ ਓਏ ਬਾਬਾ
ਹੁਣ ਕੋਈ ਤਾਂ ਡੱਕਾ ਤੋੜ ਓਏ ਬਾਬਾ———

ਕੀਮਤਾਂ ਚੌਗੁਣਾ ਪਹਿਲਾ ਵਧਾ ਕੇ
ਮਗਰੋਂ ਰੁਪਈਏ ਪੰਜ ਘਟਾ ਕੇ
ਕਿੱਥੇ ਸਾਢੇ-ਚਾਰ ਸਾਲ ਰਹੇ ਸੀ ਸੁੱਤੇ
ਪੀਹ ਪੀਹ ਖਾ ਗਏ ਮਾਫ਼ੀਆ ਕੁੱਤੇ
ਆਸ਼ਿਕ ਹੋ ਗਏ ਬੁੱਢੇ ਬੋਹੜ ਓਏ ਬਾਬਾ
ਹੁਣ ਕੋਈ ਤਾਂ ਡੱਕਾ ———-‘

ਛੇਤੀ ਮੁੜ ਬਿਗ਼ਲ ਚੋਣਾਂ ਦਾ ਵੱਜਣੈ
ਮੁੜ ਤੁਸੀਂ ਤਾਂ ਲਾੜਿਆਂ ਵਾਂਗੂੰ ਸੱਜਣੈ
ਨਿਆਂ ਰਾਤ ਨੂੰ ਸੜਕਾਂ ਉਪਰ ਕਿੱਥੇ ?
ਅਫਸਰ ਨਾ ਦਿਨ ‘ਚ ਰਹਿੰਦੇ ਇੱਥੇ
ਰਿਸ਼ਵਤ ਦਾ ਲੱਗਿਐ ਕੋਹੜ ਓਏ ਬਾਬਾ
ਹੁਣ ਕੋਈ ਤਾਂ ਡੱਕਾ— ————-

ਯਾਰ ਇਹ ਤਾਂ ਛੱਡ ਡਰਾਮੇ ਕਰਨੇ
ਬੇਰੁਜ਼ਗਾਰ ਲਾੳਂਦੇ ਕਿਉਂ ਧਰਨੇ ?
ਸਕੂਲ ਬੰਦ ਛੱਡ ਦਿਓ ਕਰਨੇ
ਨਾ ਜੁਮਲੇਬਾਜ਼ ਚਾਹੀਂਦੇ ਡਰਨੇ
ਬੜੇ ਮਾਫ਼ੀਆ, ਤੋੜ ਕਮਰੋੜ ਓਏ ਬਾਬਾ
ਹੁਣ ਕੋਈ ਤਾਂ ਡੱਕਾ———–

ਬਿਜਲੀ ਤਿੰਨ ਰੁਪਈਏ ਜੇ ਸਸਤੀ
ਲੁੱਟ ਰੇਤ ਮਾਫੀਏ ਨੇ ਜਾਹ ਕਰਤੀ
ਮੁੱਦੇ ਅਸਲ ਪੰਜਾਬ ਦੇ ਰੋਲ਼ੇ
ਅੰਦੋਲਨ ਕਰ ਦਿੱਤੇ ਅਣਗੌਲ਼ੇ
ਰਿਹੈਂ ਹਿਸਾਬ ਵੋਟਾਂ ਦਾ ਜੋੜ ਓਏ ਬਾਬਾ
ਹੁਣ ਕੁੱਝ ਤਾਂ ਡੱਕਾ————–

ਨਰਮਾ ਖਾਹ ਗਈ ਸੁੰਡੀ ਸਾਰੀ
ਗਏ ਕਿਸਾਨੀ ਲੁੱਟ ਵਿਉਪਾਰੀ
ਬੀਜ ਮਾੜੇ ਵੇਚ ਗਏ ਜੱਟ ਨੂੰ
ਕਰਜ਼ੇ ਚੜ ਗਏ ਸਿਰ ਤੇ ਭਾਰੀ
ਗਿਐ ਮਹਿਕਮਾ ਖੇਤੀ , ਢਾਂਗਾ ਜੋੜ ਓਏ ਬਾਬਾ
ਹੁਣ ਕੁੱਝ ਤਾਂ ਡੱਕਾ—————-

ਲੋਕਾਂ ਕੋਈ ਸੁਣਨੇ ਨਹੀਂ ਬਹਾਨੇ
ਮੂੰਹ ਵਿੱਚ ਠੋਕ ਦੇਣਗੇ ਫਾਨੇ
“ਰੇਤਗੜੵ ” ਪਿੰਡ ਕਿਸੇ ਵੜਨ ਨਾ ਦੇਣੇ
“ਬਾਲੀ” ਡੱਬੇ ਖਾਲੀ, ਛਣਕਣੇ ਛੈਣੇ
ਲੋਕਾਂ ਦੇਣੇ ਕੰਨ ਮਰੋੜ ਓਏ ਬਾਬਾ
ਹੁਣ ਕੁੱਝ ਤਾਂ—————-

ਬਲਜਿੰਦਰ ਸਿੰਘ” ਬਾਲੀ ਰੇਤਗੜੵ “
+919465129168 ਵਟਸਐਪ
+917087629168

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next articleਸਾਕਾਰਾਤਮਕ ਸੋਚ ਕਿਵੇਂ ਅਪਣਾਈਏ?