(ਸਮਾਜਵੀਕਲੀ)
ਜਾਗਦੇ ਜ਼ਮੀਰਾਂ ਵਾਲ਼ੇ ਝੁਕਦੇ ਕਦੇ ਨਾ
ਚੜ੍ਹ ਜਾਂਦੇ ਸੂਲ਼ੀ ਨਾਲ ਮਾਣ ਦੇ
ਰੌਸ਼ਨ ਦਿਮਾਗਾਂ ਵਾਲ਼ੇ ਮਰਦੇ ਕਦੇ ਨਾ
ਮਰਦੇ ਵੀ ਸਦਾ ਨਾਲ ਸ਼ਾਨ ਦੇ
ਦਿੱਤੀ ਕੁਰਬਾਨੀ ਅਜਾਈਂ ਨਹੀਂ ਜਾਂਦੀ
ਚਾਹੇ ਚੀਰ ਕੋਈ ਦੇਵੇ ਤਾਂ ਸਰੀਰ ਨੂੰ
ਡੁੱਲ੍ਹੇ ਹੋਏ ਕਤਰੇ ਜ਼ਮੀਨ ਤੇ ਲਹੂ ਦੇ
ਝੰਜੋੜਦੇ ਜ਼ਰੂਰ ਨੇ ਜ਼ਮੀਰ ਨੂੰ
ਆਰੇ ਨਾਲ ਚੀਰ ਕੇ ਦੇਖੀ ਐ ਅਣਖ਼
ਮੂੰਹੋਂ ਕਦੇ ਬੋਲੀ ਨਾ ਸੀਅ ਏ
ਸਾਹਾਂ ਦਾ ਮੁੱਕ ਜਾਣਾ ਮੌਤ ਨਹੀਂ ਹੁੰਦੀ
ਅਣਖਾਂ ਦਾ ਮੁੱਕਣਾ ਵੀ ਕੀ ਏ
ਕਿਸੇ ਲਈ ਚੱਲ ਕੇ ਸੀਸ ਕਟਵਾਉਣਾ
ਕਰਿਓ ਤਾਂ ਯਾਦ ਉਹ ਅਮੀਰ ਨੂੰ
ਡੁੱਲ੍ਹੇ ਹੋਏ ਕਤਰੇ ਜ਼ਮੀਨ ਤੇ ਲਹੂ ਦੇ
ਝੰਜੋੜਦੇ ਜ਼ਰੂਰ ਨੇ ਜ਼ਮੀਰ ਨੂੰ
ਛੋਟੇ ਛੋਟੇ ਮਸੂਮ ਕੰਧਾਂ ਵਿੱਚ ਚਿਣ ਕੇ
ਪਰਖ਼ ਦੇ ਰਹੇ ਨੇ ਕਦੇ ਅਣਖ਼ ਨੂੰ
ਨੀਵੀਂ ਅੱਖ ਕਰਕੇ ਝੁਕਿਆ ਨਾ ਸਿਰ
ਵੰਗਾਂਰ ਦਿੱਤਾ ਜ਼ਬਰ ਦੀ ਤਣਖ਼ ਨੂੰ
ਜ਼ਬਰ ਜ਼ੁਲਮ ਨੂੰ ਦੇਣੀ ਜੇ ਟੱਕਰ
ਇੱਕ ਜੁੱਟ ਹੋ ਜਾਓ ਅਖੀਰ ਨੂੰ
ਡੁੱਲ੍ਹੇ ਹੋਏ ਕਤਰੇ ਜ਼ਮੀਨ ਤੇ ਲਹੂ ਦੇ
ਝੰਜੋੜਦੇ ਜ਼ਰੂਰ ਨੇ ਜ਼ਮੀਰ ਨੂੰ
ਉਨੀਂ ਸਾਲਾਂ ਦਾ ਪੁੱਤ ਸੂਲ਼ੀ ਚੜ੍ਹ ਜਾਏ
ਮਾਂ ਦਾ ਹੀ ਦਿਲ ਜਾਂਦਾ ਪੁੱਛਿਆ
ਕਹਿ ਕਰਤਾਰ ਜਿਸਨੂੰ ਬੁਲਾਉਂਦੀ ਹੋਵੇ
ਗੋਦੀ ਚੋਂ ਪਿਆਰ ਜਾਂਦਾ ਖੁੱਸਿਆ
ਅਣਖਾਂ ਬਜ਼ਾਰ ਚੋਂ ਨਾ ਜਾਣ ਖਰੀਦੀਆਂ
ਲਗਦੇ ਨਾ ਜਾਗ਼ ਕਦੇ ਦੁੱਧ ਖ਼ਮੀਰ ਨੂੰ
ਡੁੱਲ੍ਹੇ ਹੋਏ ਕਤਰੇ ਜ਼ਮੀਨ ਤੇ ਲਹੂ ਦੇ
ਝੰਜੋੜਦੇ ਜ਼ਰੂਰ ਨੇ ਜ਼ਮੀਰ ਨੂੰ
ਵੀਹ ਸਾਲ ਬਲ਼ਦੀ ਅੱਗ ਰਹੀ ਸੀਨੇ ਵਿੱਚ
ਕਰ ਲਿਓ ਯਾਦ ਕਦੇ ਡਾਇਰ ਨੂੰ
ਪਾਰੋਂ ਪਾਰ ਦਬੋਚਿਆ ਦਮੂਹਾਂ ਸੱਪ ਫੜ੍ਹਕੇ
ਗੋਲ਼ੀ ਨਾਲ਼ ਮਾਰਿਆ ਸੀ ਕਾਇਰ ਨੂੰ
ਅਣਖਾਂ ਤੇ ਲਗਦਾ ਐ ‘ਜੀਤ’ ਮੁੱਲ ਸਿਰ ਦਾ
ਬਾਅਦ ਵਿੱਚ ਕੁੱਟਣਾ ਐ ਕਾਸਤੋਂ ਲਕੀਰ ਨੂੰ
ਡੁੱਲ੍ਹੇ ਹੋਏ ਕਤਰੇ ਜ਼ਮੀਨ ਤੇ ਲਹੂ ਦੇ
ਝੰਜੋੜਦੇ ਜ਼ਰੂਰ ਨੇ ਜ਼ਮੀਰ ਨੂੰ
ਸਰਬਜੀਤ ਸਿੰਘ ਨਮੋਲ਼
ਪਿੰਡ ਨਮੋਲ਼ ਜ਼ਿਲ੍ਹਾ ਸੰਗਰੂਰ
9877358044
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly