(ਸਮਾਜ ਵੀਕਲੀ)
ਸਾਉਣ ਦਾ ਮਹੀਨਾ ਇੱਕ ਬੜਾ ਹੀ ਮਹੱਤਵਪੂਰਨ ਮਹੀਨਾ ਹੈ।ਜਿਵੇਂ ਜਿਵੇਂ ਸਮਾ ਬਦਲਿਆ, ਨਾਲ ਹੀ ਦੁਨੀਆਂ ਦੇ ਸਾਰੇ ਰੀਤੀ ਰਿਵਾਜ ਵੀ ਬਦਲ ਗਏ ਹਨ, ਪਰ ਕਈਆਂ ਇਲਾਕਿਆਂ ਵਿੱਚ ਅੱਜ ਵੀ ਉਹ ਪਹਿਲਾਂ ਵਾਲੇ ਰੀਤੀ ਰਿਵਾਜ ਅਤੇ ਪ੍ਰੰਪਰਾ ਚੱਲੀ ਆਉਂਦੀ ਹੈ। ਇਸ ਮਹੀਨੇ ਮਾਵਾਂ ਆਪਣੀਆਂ ਬੇਟੀਆਂ ਦੀ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦੀਆਂ ਹਨ ਖਾਸ ਕਰਕੇ ਜਿੰਨਾਂ ਦੀਆਂ ਬੇਟੀਆਂ ਦਾ ਸੱਜਰਾ ਵਿਆਹ ਹੋਇਆ ਹੁੰਦਾ ਹੈ, ਉਹ ਆਪਣੀਆਂ ਧੀਆਂ ਨੂੰ ਪੇਕੇ ਲਿਆਉਣ ਲਈ ਦੋ ਤਿੰਨ ਦਿਨ ਸਾਉਣ ਚੜ੍ਹਨ ਤੋਂ ਪਹਿਲਾਂ ਹੀ ਧੀ ਦੇ ਸਾਹੁਰੇ ਘਰ ਆਪ ਜਾਂ ਆਪਣੇ ਪੁੱਤ ਨੂੰ ਭੇਜ ਦਿੰਦੀਆਂ ਹਨ, ਅਤੇ ਵਾਪਿਸ ਆਪਣੀ ਧੀ ਨੂੰ ਪੇਕੇ ਘਰ ਮੰਗਾ ਲੈਂਦੀਆਂ ਹਨ ।
ਸਾਉਣ ਦਾ ਸਾਰਾ ਮਹੀਨਾ ਧੀਆਂ ਆਪਣੇ ਪੇਕੇ ਘਰ ਕੱਟਦੀਆਂ ਹਨ। ਭਾਂਦਰੋਂ ਦੀ ਸੰਗਰਾਂਦ ਤੋਂ ਬਾਅਦ ਹੀ ਨੂੰਹਾਂ ਆਪਣੀ ਸੱਸ ਦੇ ਮੱਥੇ ਲੱਗਦੀਆਂ ਸਨ। ਮਾਂਵਾਂ ਆਪਣੀਆਂ ਧੀਆਂ ਦੇ ਨਾਲ ਸਾਰਾ ਮਹੀਨਾ ਖੁਸ਼ੀ ਖੁਸ਼ੀ ਬਤੀਤ ਕਰਦੀਆਂ ਸਨ, ਦੁੱਖ ਸੁੱਖ ਫੋਲਦੇ ਰਹਿਣਾ ਅਤੇ ਰੰਗ ਬਰੰਗੇ ਸਵਾਦਿਸ਼ਟ ਖਾਣੇ ਬਣਾ ਕੇ ਆਪਣੀਆਂ ਬੇਟੀਆਂ ਨੂੰ ਖਵਾਉਂਦੀਆਂ ਸਨ। ਜੇ ਕਿਤੇ ਬੇਟੀ ਨੇ ਕਹਿਣਾ ਕਿ ਮਾਂ ਤੁਸੀਂ ਬੈਠ ਜਾਉ ਮੈ ਕਰਦੀਂ ਆਂ ਸਾਰਾ ਕੰਮ ਤਾਂ ਅੱਗੋਂ ਝੱਟ ਮਾਂ ਨੇ ਆਖ ਦੇਣਾ ਕਿ ਤੂੰ ਧੀਏ ਬਹਿ ਜਾਹ, ਸਾਹੁਰੇ ਘਰ ਤੈਨੂੰ ਬਹਿਣ ਦਾ ਕਿੱਥੇਂ ਟਾਈਮ ਮਿਲਣਾ ਏਂ। ਇਸ ਤਰ੍ਹਾਂ ਮਾਵਾਂ ਧੀਆਂ ਨੇ ਆਪਸ ਵਿੱਚ ਪਿਆਰ ਭਰੀਆਂ ਗੱਲਾਂ ਕਰਦੇ ਰਹਿਣਾ।
ਜਦੋਂ ਵੀ ਐਤਵਾਰ ਦਾ ਦਿਨ ਆਉਂਦਾ ਤਾਂ ਸਾਰੀਆਂ ਕੁੜੀਆਂ ਵਿਆਹੀਆਂ ਤੇ ਕੁਆਰੀਆਂ ਨੇ ਕੱਠੀਆਂ ਹੋਕੇ ਸਾਵੇਂ ਲਾਉਣੇ ਸਾਰਾ ਦਿਨ ਪੀਂਘਾਂ ਝੂਟਣੀਆਂ ਤੇ ਬੋਲੀਆਂ ਪਾ ਪਾ ਕੇ ਗਿੱਧਾ ਪਾਉਣਾ। ਸਾਰਾ ਸਾਰਾ ਦਿਨ ਤਾਏ ਚਾਚਿਆਂ ਦੇ ਘਰ ਆਉਣਾ ਜਾਣਾ ਲੱਗਾ ਰਹਿਣਾ। ਜਦੋਂ ਵੀ ਕਿਸੇ ਪਾਸੋਂ ਕਾਲੀਆਂ ਘਟਾਂਵਾਂ ਚੜ੍ਹਨੀਆਂ ਤੇ ਵੇਖਦੇ ਹੀ ਵੇਖਦੇ ਮੋਹਰੇ ਧਾਰ ਮੀਂਹ ਲਹਿ ਪੈਣਾ। ਫਿਰ ਪੂੜਿਆਂ ਲਈ ਗੁੜ ਵਾਲਾ ਪਾਣੀ ਗਰਮ ਕਰਕੇ ਆਟਾ ਘੋਲ ਲੈਣਾ ਤੇ ਪੂੜੇ ਪੱਕਣੇ ਸ਼ੁਰੂ ਹੋ ਜਾਣੇ, ਜੇ ਕਿਸੇ ਦੇ ਘਰੇ ਆਪਣਾ ਦੁੱਧ ਹੋਣਾ, ਤੇ ਨਾਲੇ ਫਿੱਕੀ ਖੀਰ ਬਣਾ ਲੈਣੀ, ਬੜੇ ਸਵਾਦ ਨਾਲ ਬਹਿ ਕੇ ਖੀਰ ਦੇ ਨਾਲ ਪੂੜੇ ਖਾਈ ਜਾਣੇ। ਉਹ ਦਿਨ ਹੁਣ ਨਹੀ ਰਹੇ ।
ਹੁਣ ਨਾ ਧੀਆਂ ਪੇਕੇ ਸਾਉਣ ਕੱਟਣ ਲਈ ਆਉਂਦੀਆਂ ਹਨ, ਤੇ ਨਾ ਹੀਂ ਕਿਸੇ ਕੋਲ ਇੰਨਾ ਟਾਈਮ ਹੈ। ਪੀਂਘਾਂ ਤਾਂ ਸੁਪਨੇ ਹੀ ਹੋ ਗਈਆਂ ਹਨ। ਨਾ ਸਾਂਵੇ ਲੱਗਦੇ ਹਨ ,ਨਾ ਹੁਣ ਕੋਈ ਆਪਣੀਆਂ ਧੀਆਂ ਨੂੰ ਭੇਜ ਕੇ ਰਾਜੀ ਹੈ। ਸੋ ਇਹਨਾਂ ਕੁਝ ਮੈ ਤੁਹਾਡੇ ਨਾਲ ਸਾਂਝਾ ਕਰਦਾ ਹੋਇਆ ਆਪਣੇ ਲੇਖ ਨੂੰ ਇੱਥੇ ਹੀ ਸਮਾਪਤ ਕਰਦਾ ਹਾਂ। ਚੰਗਾ ਰੱਬ ਰਾਖਾ।
ਵੀਰ ਸਿੰਘ ਵੀਰਾ
ਪੰਜਾਬੀ ਲਿਖਾਰੀ ਸਭਾ ਪੀਰ ਮੁਹੰਮਦ
ਮੋਬ ÷9855069972-9780253156
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly