- ਪਿੰਡ ਤਾਮਕੋਟ ਦਾ ਕਿਸਾਨ ਗੰਭੀਰ ਜ਼ਖ਼ਮੀ
- ਸਿਰ ਿਵੱਚ ਲੱਗੇ 15 ਟਾਂਕੇ
- ਕਿਸਾਨ ਆਗੂ ਰੁਲਦੂ ਸਿੰਘ ਨੂੰ ਲੱਭਣ ਆਏ ਸੀ ਹਮਲਾਵਰ
ਨਵੀਂ ਦਿੱਲੀ (ਸਮਾਜ ਵੀਕਲੀ): ਦਿੱਲੀ ਦੀ ਟਿਕਰੀ ਹੱਦ ’ਤੇ ਕਿਸਾਨ ਆਗੂ ਰੁਲਦੂ ਸਿੰਘ ਦੇ ਹਮਾਇਤੀਆਂ ’ਤੇ ਕਥਿਤ ਤੌਰ ’ਤੇ ਗੁਰਪਤਵੰਤ ਸਿੰਘ ਪੰਨੂ ਦੇ ਹਮਾਇਤੀਆਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ’ਚ ਮਾਨਸਾ ਜ਼ਿਲ੍ਹੇ ਦੇ ਪਿੰਡ ਤਾਮਕੋਟ ਦੇ ਕਿਸਾਨ ਗੁਰਵਿੰਦਰ ਸਿੰਘ ਦੇ ਗੰਭੀਰ ਸੱਟਾਂ ਵੱਜੀਆਂ ਹਨ ਜਦਕਿ ਇਸ ਹੋਰ ਕਿਸਾਨ ਦੇ ਹੱਥ ’ਚ ਸੱਟ ਵੱਜੀ ਹੈ। ਯੂਨੀਅਨ ਦੇ ਆਗੂ ਸੁਰਜੀਤ ਸਿੰਘ ਕੋਟਧਰਮੂ ਨੇ ਥਾਣਾ ਬਹਾਦਰਗੜ੍ਹ (ਸਿਟੀ) ਹਰਿਆਣਾ ’ਚ ਸ਼ਿਕਾਇਤ ਦਰਜ ਕਰਵਾ ਕੇ ਘਟਨਾ ਦੀ ਜਾਂਚ ਦੀ ਮੰਗ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬਹਾਦੁਰਗੜ੍ਹ ਦੇ ਕਮਿਊਨਿਟੀ ਸੈਂਟਰ ਨੇੜੇ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਰੁਲਦੂ ਸਿੰਘ ਦਾ ਕੈਂਪ ਬਣਿਆ ਹੋਇਆ ਹੈ। ਰਾਤ ਕਰੀਬ 9.30 ਵਜੇ ਕੁਝ ਹਥਿਆਰਾਂ ਨਾਲ ਲੈਸ ਵਿਅਕਤੀ ਰੁਲਦੂ ਸਿੰਘ ਨੂੰ ਲੱਭਦੇ ਹੋਏ ਉੱਥੇ ਆਏ। ਉਹ ਨਹੀਂ ਮਿਲੇ ਤਾਂ ਹਮਲਾਵਰਾਂ ਨੇ ਉਨ੍ਹਾਂ ਦੇ ਕੈਂਪ ’ਚ ਠਹਿਰੇ ਕਿਸਾਨਾਂ ’ਤੇ ਡਾਂਗਾਂ-ਸੋਟਿਆਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ’ਚ ਗੁਰਵਿੰਦਰ ਸਿੰਘ ਦੇ ਗੰਭੀਰ ਸੱਟਾਂ ਵੱਜੀਆਂ ਤੇ ਦੇਰ ਰਾਤ ਪੀਜੀਆਈ ਰੋਹਤਕ ’ਚ ਉਸ ਦੇ ਸਿਰ ’ਚ 15 ਟਾਂਕੇ ਲਾਏ ਗਏ। ਉਸ ਦੀ ਅੱਖ, ਕੰਨ, ਹੱਥ ਤੇ ਪੈਰ ’ਤੇ ਵੀ ਸੱਟਾਂ ਵੱਜੀਆਂ ਹਨ। ਇੱਕ ਹੋਰ ਕਿਸਾਨ ਦੇ ਹੱਥ ’ਤੇ ਵੀ ਸੱਟ ਵੱਜੀ ਹੈ।
ਘਟਨਾ ਦੀ ਸੂਚਨਾ ਮਿਲਣ ਮਗਰੋਂ ਪੁਲੀਸ ਮੌਕੇ ’ਤੇ ਪਹੁੰਚ ਗਈ ਸੀ। ਗੁਰਵਿੰਦਰ ਸਿੰਘ ਨੇ ਦੱਸਿਆ ਕਿ ਲੰਘੀ ਰਾਤ ਹਥਿਆਰਾਂ ਨਾਲ ਲੈਸ ਕੁਝ ਹਮਲਾਵਰ ਰੁਲਦੂ ਸਿੰਘ ਨੂੰ ਲੱਭਦੇ ਹੋਏ ਟਰਾਲੀ ’ਚ ਆ ਵੜੇ ਤੇ ਉਨ੍ਹਾਂ ਦੀ ਕੁੱਟਮਾਰ ਕਰਨ ਮਗਰੋਂ ਫਰਾਰ ਹੋ ਗਏ। ਜ਼ਿਕਰਯੋਗ ਹੈ ਕਿ ਕਿਸਾਨ ਆਗੂ ਰੁਲਦੂ ਸਿੰਘ ਨੇ ਕਿਸਾਨ ਮੋਰਚੇ ਦੀ ਸਟੇਜ ਤੋਂ ਖਾਲਿਸਤਾਨੀ ਮੁਹਿੰਮ ਚਲਾਉਣ ਵਾਲੇ ਲੋਕਾਂ ’ਤੇ ਗੰਭੀਰ ਦੋਸ਼ ਲਾਏ ਸਨ। ਇਸ ਹਮਲੇ ਨੂੰ ਗੁਰਪਤਵੰਤ ਸਿੰਘ ਪੰਨੂ ਦੇ ਹਮਾਇਤੀਆਂ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। ਇਸ ਬਾਰੇ ਝੱਜਰ ਦੇ ਐੱਸਪੀ ਰਾਜੇਸ਼ ਦੁੱਗਲ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ਸਬੰਧੀ ਕੋਈ ਸ਼ਿਕਾਇਤ ਆਈ ਤਾਂ ਉਹ ਜਾਂਚ ਕਰਕੇ ਕਾਰਵਾਈ ਕਰਨਗੇ।
ਇਸ ਘਟਨਾ ਦੀ ਸੰਯੁਕਤ ਕਿਸਾਨ ਮੋਰਚੇ ਅਤੇ ਟਿਕਰੀ ਮੋਰਚੇ ਦੀ ਸੰਚਾਲਨ ਕਮੇਟੀ ਨੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਲਖਵਿੰਦਰ ਸਿੰਘ ਪੀਰ ਮੁਹੰਮਦ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਕੇ ਘਟਨਾ ਦੀ ਸਖ਼ਤ ਨਿੰਦਾ ਕੀਤੀ। ਬੁਲਾਰਿਆਂ ਨੇ ਕਿਹਾ ਕਿ ਸੰਭਾਵੀ ਤੌਰ ’ਤੇ ਹਮਲਾਵਰਾਂ ਦਾ ਨਿਸ਼ਾਨਾ ਕਿਸਾਨ ਆਗੂ ਰੁਲਦੂ ਸਿੰਘ ਸਨ ਜੋ ਅਕਸਰ ਉਥੇ ਠਹਿਰਿਆ ਕਰਦੇ ਸਨ, ਪਰ ਇਸ ਸਮੇਂ ਉਹ ਪੰਜਾਬ ਵਾਪਸ ਗਏ ਹੋਏ ਹਨ। ਆਗੂਆਂ ਨੇ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਇਹ ਹਮਲਾ ਭਾਜਪਾ-ਆਰਐੱਸਐੱਸ ਵੱਲੋਂ ਕੀਤਾ ਗਿਆ ਹੋ ਸਕਦਾ ਹੈ।
ਮਾਨਸਾ: ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਅੱਜ ਮਾਨਸਾ ਆ ਕੇ ਦੱਸਿਆ ਕਿ ਉਹ ਹਮਲੇ ਤੋਂ ਸਿਰਫ 40 ਮਿੰਟ ਪਹਿਲਾਂ ਹੀ ਕੈਂਪ ਵਿੱਚ ਟਰਾਲੀ ਕੋਲ ਗੇੜਾ ਮਾਰ ਕੇ ਆਏ ਸੀ। ਜਥੇਬੰਦੀ ਦੇ ਪ੍ਰੈੱਸ ਸਕੱਤਰ ਐਡਵੋਕੇਟ ਬਲਕਰਨ ਸਿੰਘ ਬੱਲੀ ਨੇ ਦੱਸਿਆ ਕਿ ਪੁਲੀਸ ਨੇ ਗੁਰਵਿੰਦਰ ਸਿੰਘ ਦੇ ਬਿਆਨ ਦਰਜ ਕਰ ਲਏ ਹਨ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਐਡਵੋਕੇਟ ਬਲਕਰਨ ਸਿੰਘ ਬੱਲੀ, ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਰਾਣਾ, ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਉਂ ਨੇ ਹਮਲਾਵਰਾਂ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly