ਅੱਤ ਦੀ ਗਰਮੀ ‘ਚ ਪੇਂਡੂ ਮਜਦੂਰ ਯੂਨੀਅਨ ਨੇ ਘੇਰਿਆ ਹੁਸ਼ਿਆਰਪੁਰ ਦਾ ਐਸ ਐਸ ਪੀ ਦਫਤਰ, ਜੇਲ੍ਹਾਂ ‘ਚ ਨਜਾਇਜ ਡੱਕੇ ਮਜਦੂਰਾਂ ਨੂੰ ਪ੍ਰਸ਼ਾਸਨ ਨੇ ਛੱਡਣ ਦਾ ਕੀਤਾ ਵਾਅਦਾ, ਮੰਗਾਂ ਨਾ ਮੰਨਣ ਐਸ ਐਸ ਪੀ ਦਫਤਰ ਅੱਗੇ 10 ਦਿਨਾਂ ਬਾਅਦ ਲੱਗੇਗਾ ਪੱਕਾ ਮੋਰਚਾ

ਹੁਸ਼ਿਆਰਪੁਰ (ਸਤਨਾਮ ਸਿੰਘ ਸਹੂੰਗੜਾ)
(ਸਮਾਜ ਵੀਕਲੀ) ਪੇਂਡੂ ਮਜਦੂਰ ਯੂਨੀਅਨ ਪੰਜਾਬ ਵਲੋਂ ਆਮ ਆਦਮੀ ਪਾਰਟੀ ਦੇ ਹਲਕਾ ਟਾਂਡਾ ਤੋਂ ਵਿਧਾਇਕ ਜਸਵੀਰ ਸਿੰਘ ਰਾਜਾ ਅਤੇ ਉਸਦੇ ਹਮਾਇਤੀਆਂ ਖਿਲਾਫ ਐਸ ਸੀ/ਐਸ ਟੀ ਅਤੇ ਹੋਰ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਕਰਵਾਉਣ ਲਈ ਅਤੇ ਜੇਲ੍ਹ ਵਿੱਚ ਬੰਦ ਮਜਦੂਰਾਂ ਦੀ ਰਿਹਾਈ ਕਰਵਾਉਣ ਲਈ ਅੱਜ ਸਥਾਨਕ ਐਸ ਐਸ ਪੀ ਦਫਤਰ ਦੇ ਅੱਗੇ ਕਹਿਰ ਦੀ ਝੁਲਸੇ ਦੇਣ ਵਾਲੀ ਗਰਮੀ ਦੇ ਬਾਵਜੂਦ ਮਿੰਨੀ ਸਕੱਤਰੇਤ ਦੇ ਗੇਟ ਘੇਰ ਕੇ ਲਗਭਗ 4 ਘੰਟੇ ਸੜਕ ਜਾਮ ਕਰਕੇ ਧਰਨਾ ਦਿੱਤਾ ਗਿਆ। ਕਈ ਘੰਟੇ ਸੀਨੀਅਰ ਪੁਲਸ ਅਧਿਕਾਰੀਆਂ ਨੇ ਜਥੇਬੰਦੀ ਦੇ ਆਗੂਆਂ ਨਾਲ ਮੀਟਿੰਗ ਕਰਨ ਉਪਰੰਤ ਧਰਨਾਕਾਰੀਆਂ ਦੀਆਂ ਮੰਗਾਂ ਨੂੰ ਜਾਇਜ ਕਰਾਰ ਦਿੱਤਾ। ਇਸ ਮੌਕੇ ਧਰਨਾਕਾਰੀਆਂ ਵਿੱਚ ਐਸ ਪੀ ਡੀ ਸਰਬਜੀਤ ਸਿੰਘ ਬਾਹੀਆ ਨੇ ਸਾਰੀ ਕਾਰਵਾਈ ਮੁਕੰਮਲ ਕਰਕੇ ਮੰਗਲਵਾਰ ਤੱਕ ਜੇਲ੍ਹ ਡੱਕੇ ਮਜਦੂਰ ਆਗੂਆਂ ਨੂੰ ਰਿਹਾਅ ਕਰਨ ਦਾ ਭਰੋਸਾ ਦਿੱਤਾ। ਉਪਰੰਤ ਧਰਨਾ ਸਮਾਪਤ ਕੀਤਾ ਗਿਆ ਅਤੇ ਨੋਜਵਾਨਾਂ ਦੀ ਰਿਹਾਈ ਨਾ ਹੋਣ ਦੀ ਸੂਰਤ ਵਿਚ ਐਸ ਐਸ ਪੀ ਦਫਤਰ ਅੱਗੇ 10 ਦਿਨਾਂ ਬਾਅਦ ਪੱਕਾ ਮੋਰਚਾ ਲਗਾਉਣ ਦਾ ਧਰਨੇ ਦੀ ਸਮਾਪਤੀ ਤੋਂ ਪਹਿਲਾਂ ਜਥੇਬੰਦੀ ਦੇ ਆਗੂਆਂ ਵਲੋਂ ਐਲਾਨ ਕੀਤਾ ਗਿਆ। ਇਸ ਤੋਂ ਪਹਿਲਾਂ ਧਰਨਾਕਾਰੀ ਪੁਰਾਣੀ ਕਚਹਿਰੀ ਦੀ ਪਾਰਕਿੰਗ ਨੇੜੇ ਇਕੱਠੇ ਹੋਏ, ਜਿਥੋਂ ਉਹ ਰੋਹ ਭਰਪੂਰ ਮੁਜ਼ਾਹਰਾ ਕਰਦੇ ਹੋਏ ਐਸ ਐਸ ਪੀ ਦਫਤਰ ਅੱਗੇ ਧਰਨਾ ਸਥਾਨ ਤੇ ਪਹੁੰਚੇ। ਪੁਲਿਸ ਪ੍ਰਸ਼ਾਸਨ ਨੂ ਕੰਪਲੈਕਸ ਦਾ ਗੇਟ ਬੰਦ ਕਰਕੇ ਧਰਨਾਕਾਰੀਆਂ ਨੂੰ ਉਥੇ ਰੋਕਿਆ ਤਾਂ ਮਜਬੂਰਨ ਉਹ ਗੇਟ ਅੱਗੇ ਸੜਕ ਤੇ ਬੈਠ ਗਏ ਤੇ ਸੜਕ ਜਾਮ ਕਰ ਦਿੱਤੀ।

ਇਸ ਧਰਨੇ ਵਿਚ ਦਲਿਤ, ਮਜਦੂਰ ਅਤੇ ਹੋਰ ਇਨਸਾਫ ਪਸੰਦ ਜਥੇਬੰਦੀਆਂ ਦੇ ਲੋਕਾਂ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਪੇਂਡੂ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਸੂਬਾ ਪ੍ਰੈਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਅਤੇ ਜਮੀਨ ਪ੍ਰਾਪਤੀ ਸਘੰਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਟਾਂਡਾ ਤੋਂ ਵਿਧਾਇਕ ਜਸਵੀਰ ਸਿੰਘ ਰਾਜਾ ਦੇ ਦਬਾਅ ਹੇਠ ਪੁਲਿਸ ਨੇ ਨਜਾਇਜ ਤੌਰ ਤੇ 20 ਮਈ ਤੋਂ ਬਿਨ੍ਹਾ ਵਜਾ ਮਜਦੂਰਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਹੋਇਆ ਹੈ। ਉਹਨਾਂ ਸੰਬੋਧਨ ਕਰਦਿਆਂ ਕਿਹਾ ਕਿ ਅਸਲ ਵਿਚ ਇਹ ਸਭ ਕੁਝ 1976 ਵਿੱਚ ਪਿੰਡ ਟਾਹਲੀ ਸਮੇਤ ਇਲਾਕੇ ਭਰ ਵਿੱਚ ਦਲਿਤ ਮਜਦੂਰਾਂ ਨੂੰ ਪ੍ਰੋਵੈਨਸ਼ਨ ਗੋਰਮਿੰਟ ਦੀਆਂ ਅਲਾਟ ਜਮੀਨਾਂ ਉਪਰ ਨਜਾਇਜ ਕਬਜੇ ਬਰਕਰਾਰ ਰੱਖਣ ਅਤੇ ਦਲਿਤਾਂ ਨੂੰ ਜਮੀਨ ਤੋਂ ਬਾਂਝਿਆ ਕਰਨ ਖਾਤਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੇਂਡੂ ਮਜਦੂਰ ਯੂਨੀਅਨ ਪੰਜਾਬ ਇਸ ਖਿਲਾਫ ਆਪਣੀ ਆਵਾਜ ਬੁਲੰਦ ਕਰਦੀ ਹੈ। ਪ੍ਰੋਵੈਨਸ਼ਨ ਗੋਰਮਿੰਟ ਦੀਆਂ ਅਲਾਟ ਜਮੀਨਾਂ ਤੋਂ ਨਜਾਇਜ ਕਬਜੇ ਹਟਾ ਕੇ ਦਲਿਤਾਂ ਦੇ ਮਾਲਕੀ ਹੱਕ ਕਰ ਦਿੱਤੇ ਜਾਣ, ਟਾਹਲੀ ਸਮੇਤ ਅਨੇਕ ਥਾਵਾਂ ਉਪਰ 21 ਹਜਾਰ ਏਕੜ ਜਮੀਨ ਦਲਿਤ ਮਜਦੂਰਾਂ ਨੂੰ ਅਲਾਟ ਹੋਈ ਸੀ। ਇਸ ਜਮੀਨ ਉਪਰ ਨਜਾਇਜ ਕਬਜ਼ਾ ਜਮਾਈ ਬੈਠੇ ਧਨਾਢਾਂ ਨੂੰ ਆਪਣੇ ਕਬਜੇ ਹੇਠੋਂ ਇਹ ਜਮੀਨ ਖਿਸਕਦੀ ਨਜਰ ਆਈ ਤਾਂ ਕਰਕੇ ਹੀ ਦਲਿਤਾਂ ਦੀ ਇਸ ਜਮੀਨ ਖਾਤਰ ਆਵਾਜ ਬੁਲੰਦ ਕਰਨ ਵਾਲੇ ਯੂਨੀਅਨ ਆਗੂਆਂ ਨੂੰ ਮਿੱਥ ਕੇ ਗਲਤ ਕਹਾਣੀਆ ਘੜ ਕੇ ਜੇਲ੍ਹਾਂ ਅੰਦਰ ਡੱਕ ਕੇ ਇਹਨਾਂ ਹਾਕਮਾਂ ਵਲੋਂ ਭਰਮ ਪਾਲਿਆ ਜਾ ਰਿਹਾ ਹੈ, ਕਿ ਸ਼ਾਇਦ ਇਸ ਤਰ੍ਹਾਂ ਨਾਲ ਉਠ ਰਹੀ ਆਵਾਜ ਨੂੰ ਦਬਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ 20 ਮਈ ਨੂੰ ਲਿਖਤੀ ਤੌਰ ਤੇ ਮੁੱਖ ਚੋਣ ਕਮਿਸ਼ਨ ਭਾਰਤ ਤੇ ਪੰਜਾਬ ਅਤੇ ਡੀ ਸੀ ‘ਤੇ ਐਸ ਐਸ ਪੀ ਹੁਸ਼ਿਆਰਪੁਰ ਨੂੰ ਦਰਖਾਸਤ ਦੇਣ ਉਪਰੰਤ ਅੱਜ ਤੱਕ ਪਿੰਡ ਟਾਹਲੀ ਵਿਖੇ ਆਮ ਆਦਮੀ ਪਾਰਟੀ ਦੇ ਟਾਂਡਾ ਤੋਂ ਵਿਧਾਇਕ ਜਸਵੀਰ ਸਿੰਘ ਰਾਜਾ ਤੇ ਉਸਦੇ ਹਮਾਇਤੀਆਂ ਵਲੋਂ ਚੋਣ ਪ੍ਰਚਾਰ ਦੌਰਾਨ ਲਾਲ ਲਕੀਰ ਵਿੱਚ ਰਹਿੰਦੇ ਲੋਕਾਂ ਨੂੰ ਮਾਲਕੀ ਹੱਕ ਕਿਉਂ ਨਹੀਂ ਦਿੱਤੇ ਅਤੇ ਪ੍ਰੋਵੈਨਸ਼ਨ ਗੋਰਮਿੰਟ ਦੀਆਂ ਜਮੀਨਾਂ ਤੋਂ ਨਜਾਇਜ ਕਬਜੇ ਹਟਾ ਕੇ ਦਲਿਤਾਂ ਨੂੰ ਮਾਲਕੀ ਹੱਕ ਕਿਉਂ ਨਹੀਂ ਦਿੱਤੇ ? ਆਦਿ ਵਾਰੇ ਸਵਾਲ ਕਰਨ ਵਾਲੇ ਦਲਿਤ, ਮਜਦੂਰਾਂ ਨਾਲ ਬੁਖਲਾਹਟ ਵਿੱਚ ਆ ਕੇ ਵਧੀਕੀ ਕਰਨ ਅਤੇ ਉਹਨਾਂ ਦੇ ਮੋਬਾਇਲ ਫੋਨ ਝਪਟਣ ਸੰਬੰਧੀ ਐਸ ਸੀ/ਐਸ ਟੀ ਐਕਟ ਤੇ ਹੋਰ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਮਨਘੜਤ ਕਹਾਣੀ ਬਣਾ ਕੇ ਦਰਜ ਕੀਤੇ ਮੁਕੱਦਮੇ ਨੂੰ ਰੱਦ ਕਰਕੇ ਜੇਲ੍ਹ ਡੱਕੇ ਦਲਿਤ ਮਜਦੂਰਾਂ ਨੂੰ ਰਿਹਾਅ ਕੀਤਾ ਗਿਆ।

ਜਿਸ ਕਾਰਨ ਪੁਲਸ ਪ੍ਰਸ਼ਾਸਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ ਮਜਦੂਰਾਂ ਦੇ ਮਨਾਂ ਅੰਦਰ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਕਿਸਾਨਾਂ, ਮਜਦੂਰਾਂ ਨੇ ਸਭਨਾਂ ਪਾਰਟੀਆਂ ਨੂੰ ਸਵਾਲ ਨਹੀਂ ਕੀਤੇ ਸਗੋਂ ਭਾਜਪਾ ਦੇ ਕੱਦਾਵਰ ਆਗੂਆਂ ਦਾ ਡਟਵਾਂ ਵਿਰੋਧ ਵੀ ਕੀਤਾ ਪ੍ਰੰਤੂ ਕਿਤੇ ਵੀ ਕਿਸਾਨ, ਮਜਦੂਰਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਨਹੀਂ ਭੇਜਿਆ ਗਿਆ। ਪੁਲਿਸ ਪ੍ਰਸ਼ਾਸਨ ਵਲੋਂ ਵਿਧਾਇਕ ਦੇ ਸਿਆਸੀ ਦਬਾਅ ਹੇਠ ਸਵਾਲ ਕਰਨ ਵਾਲੇ ਦਲਿਤ ਮਜਦੂਰਾਂ ਨੂੰ ਝੂਠੇ ਕੇਸ ਬਣਾ ਕੇ ਜੇਲ੍ਹ ਭੇਜਣ ਦੀ ਧੱਕੇਸ਼ਾਹੀ ਸਿਰਫ ਇਸ ਵਿਧਾਇਕ ਵਲੋਂ ਕੀਤੀ ਗਈ ਹੈ। ਉਹਨਾਂ ਪ੍ਰਸ਼ਾਸਨ ਨੂੰ ਘਟਨਾ ਸਮੇਂ ਗੁਰਦੁਆਰਾ ਸਾਹਿਬ ਦੀਆਂ ਵੀਡੀਓ ਫੁਟੇਜ ਨੂੰ ਜਨਤਕ ਕਰਨ ਲਈ ਕਿਹਾ ਤਾਂ ਸਾਫ ਤੌਰ ਤੇ ਐਮ ਐਲ ਏ ਟਾਂਡਾ ਦਲਿਤ ਮਜਦੂਰ ਨੂੰ ਧੱਕਾ ਮਾਰਦਾ ਵੇਖਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਮਜਦੂਰਾਂ ਦੀਆਂ ਮੰਗਾਂ ਦੇ ਠੋਸ ਨਿਪਟਾਰੇ ਲਈ 8 ਵਾਰ ਮੁੱਖ ਮੰਤਰੀ ਮਜਦੂਰ ਜਥੇਬੰਦੀਆਂ ਨੂੰ ਮੀਟਿੰਗ ਦਾ ਸਮਾਂ ਦੇ ਕੇ ਮੁੱਕਰਿਆ ਹੈ। ਉਸ ਦੇ ਰੋਸ ਵਜੋਂ ਲੋਕ ਸਭਾ ਚੋਣਾਂ ਵਿੱਚ ਭਗਵੰਤ ਮਾਨ ਸਰਕਾਰ ਨੂੰ ਮਜਦੂਰਾਂ ਨੇ ਠੋਕਰਾਂ ਜਵਾਬ ਦੇ ਦਿੱਤਾ ਹੈ। ਇਸ ਮੌਕੇ ਪੇਂਡੂ ਮਜਦੂਰ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਸਿੰਘ ਢੇਸੀ, ਡੈਮੋਕ੍ਰੇਟਿਕ ਮੁਲਾਜਮ ਫੈਡਰੇਸ਼ਨ ਦੇ ਮਾਸਟਰ ਸੁਖਦੇਵ ਸਿੰਘ ਡਾਨਸੀਵਾਲ, ਬੀ ਐਡ ਅਧਿਆਪਕ ਫਰੰਟ ਦੇ ਮਾਸਟਰ ਸੁਰਜੀਤ ਰਾਜਾ, ਜਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਰਣਜੀਤ ਕੁਮਾਰ ਤੋਂ ਇਲਾਵਾ ਮਜਦੂਰ, ਕਿਸਾਨ ਆਗੂਆਂ ਕਮਲਜੀਤ ਸਨਾਵਾਂ, ਮੰਗਾ ਸਿੰਘ ਵੈਰੋਕੇ, ਗੁਰਪ੍ਰੀਤ ਸਿੰਘ ਚੀਦਾ, ਹੰਸ ਰਾਜ ਪੱਬਵਾਂ, ਨਿਰਮਲ ਸਿੰਘ ਸ਼ੇਰਪੁਰ, ਮੇਜਰ ਸਿੰਘ, ਸੰਤੋਖ ਸਿੰਘ ਸੰਧੂ, ਜਗਤਾਰ ਸਿੰਘ ਭਿੰਡਰ ਅਤੇ ਐਡਵੋਕੇਟ ਧਰਮਿੰਦਰ ਕੁਮਾਰ ਦਾਦਰਾ ਨੇ ਵੀ ਸੰਬੋਧਨ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਛੱਤੀਸਗੜ੍ਹ ‘ਚ ਵੱਡੀ ਕਾਰਵਾਈ, ਮੁਕਾਬਲੇ ਦੌਰਾਨ 8 ਨਕਸਲੀ ਹਲਾਕ; ਇਕ ਜਵਾਨ ਸ਼ਹੀਦ- 2 ਜ਼ਖਮੀ
Next article986 ਰੈਗੂਲਰ ਮਹਿਲਾ ਸਿਹਤ ਵਰਕਰਾਂ ਨੂੰ ਨਿਯੁਕਤੀ ਪੱਤਰ ਦੇਣ ਸਬੰਧੀ ਮੰਗ ਪੱਤਰ ਦਿੱਤਾ