HOME ਦਲਿਤਾਂ ਖਿਲਾਫ ਅੱਤਿਆਚਾਰਾਂ ਦੇ ਮੁੱਦਿਆਂ ‘ਤੇ ਬਸਪਾ ਦਾ ਪ੍ਰਦਰਸ਼ਨ

ਦਲਿਤਾਂ ਖਿਲਾਫ ਅੱਤਿਆਚਾਰਾਂ ਦੇ ਮੁੱਦਿਆਂ ‘ਤੇ ਬਸਪਾ ਦਾ ਪ੍ਰਦਰਸ਼ਨ

1

-ਚੀਫ ਜਸਟਿਸ ਤੇ ਪੁਲਿਸ ਅਫਸਰ ਪੂਰਨ ਕੁਮਾਰ ਨਾਲ ਜੁੜੀਆਂ ਘਟਨਾਵਾਂ ‘ਤੇ ਰੋਸ ਪ੍ਰਗਟ ਕੀਤਾ
-ਬਸਪਾ ਨੇ ਕਿਹਾ-ਪੰਜਾਬ ਵਿੱਚ ਦਲਿਤਾਂ ‘ਤੇ ਕੀਤੇ ਜਾ ਰਹੇ ਜ਼ੁਲਮ
-ਸੂਬੇ ਭਰ ਵਿੱਚ ਜ਼ਿਲ੍ਹਾ ਪੱਧਰੀ ਪ੍ਰਦਰਸ਼ਨ

ਜਲੰਧਰ   (ਸਮਾਜ ਵੀਕਲੀ)  ਆਈਪੀਐਸ ਵਾਈ ਪੂਰਨ ਕੁਮਾਰ ਵੱਲੋਂ ਕੀਤੀ ਆਤਮਹੱਤਿਆ ਦੇ ਮਾਮਲੇ ਵਿੱਚ ਅੱਜ ਸੋਮਵਾਰ ਨੂੰ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਸੂਬੇ ਭਰ ਵਿੱਚ ਜ਼ਿਲ੍ਹਾ ਪੱਧਰ ‘ਤੇ ਪ੍ਰਦਰਸ਼ਨ ਕੀਤੇ। ਇਸ ਤੋਂ ਬਾਅਦ ਰਾਸ਼ਟਰਪਤੀ ਦੇ ਨਾਂ ‘ਤੇ ਮੈਮੋਰੰਡਮ ਦਿੱਤੇ ਗਏ। ਹੁਸ਼ਿਆਰਪੁਰ ਵਿੱਚ ਬਸਪਾ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਪ੍ਰਦਰਸ਼ਨ ਦੀ ਅਗਵਾਈ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਸੂਬਾ ਕੋਆਰਡੀਨੇਟਰ ਚੌਧਰੀ ਗੁਰਨਾਮ ਸਿੰਘ, ਠੇਕੇਦਾਰ ਭਗਵਾਨ ਦਾਸ ਸਿੱਧੂ ਤੇ ਦਲਜੀਤ ਰਾਏ ਵੀ ਸਨ। ਜਲੰਧਰ ਵਿੱਚ ਸੂਬਾ ਕੋਆਰਡੀਨੇਟਰ ਤੀਰਥ ਰਾਜਪੁਰਾ, ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਤੇ ਗੁਰਮੇਲ ਚੁੰਬਰ ਨੇ ਅਗਵਾਈ ਕੀਤੀ। ਇਸ ਮੌਕੇ ਬਸਪਾ ਆਗੂਆਂ ਨੇ ਕਿਹਾ ਕਿ ਚੀਫ ਜਸਟਿਸ ਆਫ਼ ਇੰਡੀਆ ਵੱਲ ਜੁੱਤੀ ਸੁੱਟਣ ਦੀ ਕੋਸ਼ਿਸ਼ ਤੇ ਪੁਲਿਸ ਅਫਸਰ ਪੂਰਨ ਕੁਮਾਰ ਵੱਲੋਂ ਆਤਮਹੱਤਿਆ ਕਰਨ ਦੀਆਂ ਇਹ ਦੋਵੇਂ ਘਟਨਾਵਾਂ ਬਹੁਤ ਹੀ ਨਿੰਦਣਯੋਗ ਹਨ। ਬਸਪਾ ਆਗੂਆਂ ਨੇ ਕਿਹਾ ਕਿ ਦੇਸ਼ ਭਰ ਵਿੱਚ ਅੱਜ ਵੀ ਜਾਤੀ ਭੇਦਭਾਵ ਹੋ ਰਿਹਾ ਹੈ ਤੇ ਰੋਜ਼ਾਨਾ ਹੀ ਦਲਿਤ-ਪੱਛੜੇ ਵਰਗਾਂ ‘ਤੇ ਅੱਤਿਆਚਾਰ ਹੁੰਦਾ ਹੈ। ਹਾਲਾਂਕਿ ਬਹੁਤੀ ਵਾਰ ਇਹ ਘਟਨਾਵਾਂ ਅਣਗੌਲੀਆਂ ਹੀ ਚਲੀਆਂ ਜਾਂਦੀਆਂ ਹਨ, ਪਰ ਪੂਰਨ ਕੁਮਾਰ ਦੀ ਆਤਮਹੱਤਿਆ ਤੇ ਜਾਤੀ ਭੇਦਭਾਵ ਦੀਆਂ ਘਟਨਾਵਾਂ ਨੇ ਫੇਰ ਸਾਰਿਆਂ ਦਾ ਧਿਆਨ ਇੱਧਰ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇੱਕ ਆਈਪੀਐਸ ਅਫਸਰ ਨਾਲ ਜਾਤੀ ਭੇਦਭਾਵ ਕੀਤਾ ਜਾ ਰਿਹਾ ਹੈ ਤਾਂ ਆਮ ਦਲਿਤਾਂ ਦੀ ਮਾੜੀ ਸਥਿਤੀ ਦਾ ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ। ਬਸਪਾ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਬਸਪਾ ਦੀ ਇਹ ਮੰਗ ਹੈ ਕਿ ਪੂਰਨ ਕੁਮਾਰ ਦੇ ਮਾਮਲੇ ਵਿੱਚ ਮਾਣਯੋਗ ਹਾਈਕੋਰਟ ਦੀ ਨਿਗਰਾਨੀ ਹੇਠ ਉੱਚ ਪੱਧਰੀ ਜਾਂਚ ਹੋਵੇ। ਸਾਰੇ ਦੋਸ਼ੀਆਂ ਦੇ ਨਾਂ ਪਰਚੇ ਵਿੱਚ ਦਰਜ ਕੀਤੇ ਜਾਣ। ਪਰਿਵਾਰ ਦੀ ਸੁਰੱਖਿਆ ਕੀਤੀ ਜਾਵੇ ਤੇ ਇਸ ਮਾਮਲੇ ਨੂੰ ਫਾਸਟ ਟਰੈਕ ਕੋਰਟ ਵਿੱਚ ਚਲਾਇਆ ਜਾਵੇ, ਤਾਂ ਕਿ ਦੋਸ਼ੀਆਂ ਨੂੰ ਜਲਦ ਤੇ ਸਖ਼ਤ ਸਜਾ ਦਿੱਤੀ ਜਾ ਸਕੇ। ਇਸ ਮੌਕੇ ‘ਤੇ ਬਸਪਾ ਆਗੂਆਂ ਨੇ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਹਰਿਆਣਾ ਵਿੱਚ ਭਾਜਪਾ ਦੀ ਸਰਕਾਰ ਵਿੱਚ ਦਲਿਤਾਂ ‘ਤੇ ਅੱਤਿਆਚਾਰ ਹੋ ਰਹੇ ਹਨ, ਉਸੇ ਤਰ੍ਹਾਂ ਹੀ ਪੰਜਾਬ ਵਿੱਚ ਆਪ ਦੀ ਸਰਕਾਰ ਵਿੱਚ ਦਲਿਤਾਂ ‘ਤੇ ਵੱਡੇ ਪੱਧਰ ਤੇ ਅੱਤਿਆਚਾਰ ਹੋ ਰਹੇ ਹਨ। ਸੰਗਰੂਰ ਵਿੱਚ ਦਲਿਤ ਗਰੀਬ ਔਰਤਾਂ ਨੂੰ ਨਜਾਇਜ਼ ਤੌਰ ‘ਤੇ ਗ੍ਰਿਫ਼ਤਾਰ ਕਰਕੇ ਜੇਲ੍ਹ ਵਿੱਚ ਭੇਜਿਆ ਗਿਆ। ਇਸੇ ਤਰ੍ਹਾਂ ਹੀ ਜਲੰਧਰ, ਜਿੱਥੇ ਦਲਿਤਾਂ ਦੀ ਕਾਫੀ ਆਬਾਦੀ ਹੈ, ਉੱਥੇ ਵੀ ਆਪ ਸਰਕਾਰ ਤੇ ਪੁਲਿਸ ਅਧਿਕਾਰੀਆਂ ਵੱਲੋਂ ਉਨ੍ਹਾਂ ਨਾਲ ਧੱਕੇਸ਼ਾਹੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਖਿਲਾਫ ਵੱਡੇ ਪੱਧਰ ‘ਤੇ ਪੁਲਿਸ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਬਸਪਾ ਆਗੂਆਂ ਨੇ ਕਿਹਾ ਕਿ ਆਪ ਸਰਕਾਰ ਦੌਰਾਨ ਜਲੰਧਰ ਵਿੱਚ ਤਿੰਨ ਵਾਰ ਦਲਿਤਾਂ ‘ਤੇ ਲਾਠੀਚਾਰਜ ਕੀਤਾ ਜਾ ਚੁੱਕਾ ਹੈ ਤੇ ਉਨ੍ਹਾਂ ਦੀਆਂ ਨਜਾਇਜ਼ ਗ੍ਰਿਫ਼ਤਾਰੀਆਂ ਕੀਤੀਆਂ ਜਾ ਚੁੱਕੀਆਂ ਹਨ। ਜਲੰਧਰ ਦਿਹਾਤੀ ਪੁਲਿਸ ਵੱਲੋਂ ਦਲਿਤਾਂ ‘ਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ ਤੇ ਇਨ੍ਹਾਂ ਵਿੱਚ ਦਲਿਤਾਂ ਨੂੰ ਨਜਾਇਜ਼ ਤੌਰ ‘ਤੇ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾ ਰਿਹਾ ਹੈ। ਜਲੰਧਰ ਦਿਹਾਤੀ ਐਸਐਸਪੀ ਹਰਵਿੰਦਰ ਸਿੰਘ ਵਿਰਕ ਵੱਲੋਂ ਉੱਚ ਅਧਿਕਾਰੀਆਂ ਦੀ ਜਾਂਚ ਵਿੱਚ ਬੇਗੁਨਾਹ ਕੀਤੇ ਗਏ ਲੋਕਾਂ ਦਾ ਚਲਾਨ ਪੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾਂ ਦਲਿਤਾਂ ਖਿਲਾਫ ਹੋਣ ਵਾਲੇ ਗੰਭੀਰ ਅਪਰਾਧਾਂ ਵਿੱਚ ਵੀ ਜਲਦ ਕਰਵਾਈ ਨਹੀਂ ਕੀਤੀ ਜਾਂਦੀ। ਪੰਜਾਬ ਤੇ ਹਰਿਆਣਾ ਵਿੱਚ ਹੋ ਰਹੀਆਂ ਇਨ੍ਹਾਂ ਘਟਨਾਵਾਂ ਨੂੰ ਲੈ ਕੇ ਦਲਿਤ ਪੱਛੜੇ ਵਰਗਾਂ ਦੇ ਲੋਕਾਂ ਵਿੱਚ ਕਾਫੀ ਰੋਸ ਹੈ। ਉਨ੍ਹਾਂ ਕਿਹਾ ਕਿ ਮਾਣਯੋਗ ਰਾਸ਼ਟਰਪਤੀ ਨੂੰ ਇਨ੍ਹਾਂ ਘਟਨਾਵਾਂ ਨੂੰ ਧਿਆਨ ਲੈ ਕੇ ਇਨ੍ਹਾਂ ਦੀ ਰੋਕ ਲਈ ਜ਼ਰੂਰੀ ਨਿਰਦੇਸ਼ ਦੇਣੇ ਚਾਹੀਦੇ ਹਨ। ਇਸ ਦੌਰਾਨ ਬਸਪਾ ਆਗੂਆਂ ਨੇ ਹਰਿਆਣਾ ਤੇ ਪੰਜਾਬ ਸਰਕਾਰਾਂ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ ਨਾਅਰੇਬਾਜੀ ਵੀ ਕੀਤੀ। ਇਸ ਮੌਕੇ ‘ਤੇ ਸੂਬਾ ਕੈਸ਼ੀਅਰ ਪਰਮਜੀਤ ਮੱਲ, ਜ਼ਿਲ੍ਹਾ ਦਿਹਾਤੀ ਪ੍ਰਧਾਨ ਜਗਦੀਸ਼ ਸ਼ੇਰਪੁਰੀ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸਲਵਿੰਦਰ ਕੁਮਾਰ, ਖ਼ੁਸ਼ੀ ਰਾਮ ਸਰਪੰਚ, ਵਿਜੈ ਯਾਦਵ, ਜਤਿੰਦਰ ਹੈਪੀ, ਕੌਂਸਲਰ ਦਵਿੰਦਰ ਗੋਗਾ, ਰਣਜੀਤ ਕੁਮਾਰ, ਮਨਦੀਪ ਧਨੋਵਾਲੀ, ਪੰਮੀ ਰੁੜਕਾਂ, ਮਾਸਟਰ ਹਰਜਿੰਦਰ ਕੁਮਾਰ, ਬੀਬੀ ਸਤਨਾਮ ਕੌਰ, ਨਰਿੰਦਰ ਕੌਰ, ਜਸਵੀਰ ਕੌਰ, ਸੁਸ਼ੀਲ ਵਿਰਦੀ, ਅਸ਼ੋਕ ਸਈਪੁਰ, ਅਮਰਜੀਤ ਨੰਗਲ, ਸ਼ਾਦੀ ਲਾਲ ਬੱਲਾਂ, ਕਰਮ ਚੰਦ, ਕਮਲ ਬਾਦਸ਼ਾਹਪੁਰ ਆਦਿ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਚੜ੍ਹਦੀ ਕਲਾ ਬ੍ਰਦਰਜਹੁਡ ਐਸੋਸੀਏਸ਼ਨ ਵੱਲੋਂ ਸਰੀ ਚ ਦੂਸਰਾ ਖੂਨ ਦਾਨ ਕੈਂਪ ਆਯੋਜਿਤ, 20 ਮੈਂਬਰਾਂ ਵੱਲੋਂ ਕੀਤਾ ਗਿਆ ਖੂਨਦਾਨ
Next articleਪੂਰਨ ਕੁਮਾਰ ਆਈਪੀਐਸ ਅਧਿਕਾਰੀ ਦੀ ਖੁਦਕੁਸ਼ੀ ਦੇ ਵਿਰੁੱਧ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਹੁਸ਼ਿਆਰਪੁਰ ਦੇ ਵਿੱਚ ਜ਼ਿਲਾ ਪੱਧਰੀ ਇਤਿਹਾਸਿਕ ਰੋਸ ਧਰਨਾ