ਮਰਜ਼ੀ ਦੀ ਸਜ਼ਾ

ਸ਼ਿੰਦਾ ਬਾਈ 
(ਸਮਾਜ ਵੀਕਲੀ) ਇੱਕ ਬੰਦਾ ਮਰ ਕੇ ਧਰਮਰਾਜ ਕੋਲ਼ ਪਹੁੰਚਿਆ । ਉਸਨੂੰ •• ਉਹਦੇ ਕਰਮਾਂ ਦੇ ਹਿਸਾਬ ਨਾਲ਼ •• ਨਰਕਾਂ ਵਿੱਚ ਭੇਜਣ ਦਾ ਫੈਸਲਾ ਕਰਕੇ, ਧਰਮਰਾਜ ਨੇ ਸ਼ੈਤਾਨ ਦੇ ਹਵਾਲੇ ਕਰ ਦਿੱਤਾ ।
ਸ਼ੈਤਾਨ ਨੇ ਨਰਕ ਵਿੱਚ ਉਸਦਾ ਸਵਾਗਤ ਕਰਦਿਆਂ ਕਿਹਾ , ” ਅੱਜ ਹਾੜ੍ਹ ਮਹੀਨੇ ਦੀ ਦਸਮੀਂ ਕਰਕੇ ਸਾਡੇ ਕੋਲ਼ ਤੇਰੇ ਲਈ ਸਪੈਸ਼ਲ ਆਫਰ ਹੈ । ਇੱਥੇ ਬੇਅੰਤ ਕਮਰੇ ਨੇ ਜਿੰਨਾਂ ਵਿੱਚ ਨਰਕ ਭੁਗਤਣ ਵਾਲ਼ਿਆਂ ਨੂੰ ਵੱਖੋ-ਵੱਖਰੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ । ਅੱਜ ਆਫਰ ਕਰਕੇ ਤੂੰ ਆਪਣੇ ਲਈ ਸਜ਼ਾ ਦੀ ਚੋਣ ਖ਼ੁਦ ਕਰ ਸਕਨਾ  ਏਂ । ਪਰ ਇੱਕ ਗੱਲ ਦਾ ਖ਼ਿਆਲ ਰੱਖੀਂ •• ਆਪਣੇ ਲਈ ਕਮਰਾ ਬੜੇ ਧਿਆਨ ਨਾਲ਼ ਚੁਣੀਂ, ਕਿਉਂਕਿ ਫੇਰ ਤੈਨੂੰ ਇਹ ਸਜ਼ਾ ਰਹਿੰਦੀ ਦੁਨੀਆਂ ਤੱਕ ਭੁਗਤਣੀ ਪਵੇਗੀ ।”
ਉਸ ਬੰਦੇ ਨੇ ਕੋਈ ਸੌ ਕਮਰੇ ਬਾਰ ਖੋਲ੍ਹ-ਖੋਲ੍ਹ ਕੇ ਵੇਖੇ । ਕਿਸੇ ਵਿੱਚ ਕੋਈ ਅਤੇ ਕਿਸੇ ਵਿੱਚ ਕੋਈ, ਸਭ ਵੰਨ-ਸੁਵੰਨੀਆਂ ਸਜ਼ਾਵਾਂ ਭੁਗਤ ਰਹੇ ਸਨ । ਉਹ ਛੇਤੀ ਕੋਈ ਫੈਸਲਾ ਨਾ ਕਰ ਸਕਿਆ । ਅਖ਼ੀਰ ਵਿੱਚ ਇੱਕ ਕਮਰਾ ਅਜਿਹਾ ਉਹਦੇ ਨਜ਼ਰੀਂ ਪਿਆ ਜੀਹਨੂੰ ਵੇਖ ਕੇ ਉਹਦੀਆਂ ਅੱਖਾਂ ਚਮਕਣ ਲੱਗੀਆਂ ।ਓਸ ਕਮਰੇ ਵਿੱਚ ••••
ਇੱਕ ਆਦਮੀ ਬੜੇ ਅਰਾਮ ਨਾਲ਼ ਗੱਦੇਦਾਰ ਪਲੰਘ ਉੱਤੇ ਓਠੰਗ ਬੈਠਿਆ ਟੀ•ਵੀ• ‘ਤੇ ਫੁੱਟਬਾਲ ਦਾ ਮੈਚ ਵੇਖ ਰਿਹਾ ਸੀ ਅਤੇ ਇੱਕ ਪਰੀਆਂ ਵਰਗੀ ‘ਚੀਅਰਲੀਡਰ’ ਉਹਦੇ ਪਿੱਛੇ ਬੈਠੀ ਉਹਦੀ ਮੁੱਠੀਚਾਪੀ ਕਰ ਰਹੀ ਸੀ । ਉਹ ਆਦਮੀ ਬੜੇ ਮਜ਼ੇ ਨਾਲ਼ ਖ਼ੁਰਾਸਾਨੀ ਅੰਗੂਰਾਂ ਦੀ ਭਰੀ ਥਾਲ਼ੀ ਸਾਹਮਣੇ ਰੱਖੀ, ਸਭ ਕਾਸੇ ਦਾ ਅਨੰਦ ਲੈ ਰਿਹਾ ਸੀ ।
ਸ਼ੈਤਾਨ ਨਾਲ਼ ਆਇਆ ਬੰਦਾ ਪੂਰੇ ਜੋਸ਼ ਵਿੱਚ ਬੋਲਿਆ •••” ਏਹੀ ਹੈ  ! ਏਹੀ ਹੈ  !! ਮੈਨੂੰ ਏਹੀ ਕਮਰਾ ਦੇ ਦਿਓ । ਇਹ ਸਜ਼ਾ ਮੈਂ ਖੁਸ਼ੀ-ਖੁਸ਼ੀ ਰਹਿੰਦੀ ਦੁਨੀਆਂ ਤੱਕ ਭੁਗਤਣੀ ਚਾਹਾਂਗਾ । “
ਸ਼ੈਤਾਨ ਬੋਲਿਆ ••” ਕੀ ਤੇਰਾ ਇਹ ਆਖ਼ਰੀ ਫੈਸਲਾ ਹੈ । ਇੱਕ ਵਾਰ ਫੇਰ ਸੋਚ ਲੈ •• ਕਿਉਂਕਿ ਇੱਥੇ ਪੰਜਾਬ ਸਰਕਾਰ ਵਾੰਙ ਯੂ-ਟਰਨ ਦੀ ਕੋਈ ਗੁੰਜ਼ਾਇਸ਼ ਨਹੀਂ ਹੈ, ਏਥੇ ਵਾਰ-ਵਾਰ ਫੈਸਲੇ ਬਦਲੇ ਨਹੀਂ ਜਾਂਦੇ ।”
ਆਪਣੀਆਂ ਨਜ਼ਰਾਂ ਚੀਅਰਲੀਡਰ ਤੇ ਟਿਕਾਈ ਖੜ੍ਹਾ ਉਹ ਬੰਦਾ ਬੋਲਿਆ ••” ਹਾਂ ••! ਹਾਂ  !! ਛੇਤੀ ਕਰੋ  , ਮੇਰੇ ਤੋਂ ਹੁਣ ਦੇਰ ਬਰਦਾਸ਼ਤ ਨਹੀਂ ਹੋ ਰਹੀ  ।”
” ਓ• ਕੇ• ” ਕਹਿ ਕੇ ਸ਼ੈਤਾਨ ਓਸ ਚੀਅਰਲੀਡਰ ਪਰੀ ਕੋਲ਼ ਗਿਆ ਅਤੇ ਬੋਲਿਆ ••” ਪਰੀਏ  ! ਹੁਣ ਤੂੰ ਇਹ ਮੁੱਠੀਚਾਪੀ ਦੀ ਸਜ਼ਾ ਬੰਦ ਕਰ ਸਕਨੀ ਏਂ, ਮੈਨੂੰ ਤੇਰੇ ਬਦਲੇ ਇਹ ਸਜ਼ਾ ਭੁਗਤਣ ਵਾਲ਼ਾ ਲੱਭ ਗਿਆ ਏ ••।”
——————
ਸ਼ਿੰਦਾ ਬਾਈ 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬੁੱਧ ਚਿੰਤਨ
Next articleਮਰਦਾਨੀ ਜਨਾਨੀ -11