ਰਾਏਕੋਟ (ਸਮਾਜ ਵੀਕਲੀ) ਗੁਰਭਿੰਦਰ ਗੁਰੀ :- ਮਾਣੂੰਕੇ ਵਿੱਚ ਦੇਰ ਰਾਤ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਘਰ ਦੇ ਬਾਹਰ ਫਾਇਰਿੰਗ ਕਰ ਦਿੱਤੀ ਗਈ।ਇਸ ਘਟਨਾ ਕਾਰਨ ਇਲਾਕੇ ਦੇ ਲੋਕਾਂ ਵਿੱਚ ਵੀ ਡਰ ਅਤੇ ਚਿੰਤਾ ਦਾ ਮਾਹੌਲ ਪਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਗਟ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਮਾਣੂੰਕੇ ਨੇ ਦੱਸਿਆ ਕਿ ਰਾਤ ਕਰੀਬ 12:30 ਵਜੇ ਕੁਝ ਵਿਅਕਤੀ ਉਸ ਦੇ ਘਰ ਦੇ ਬਾਹਰ ਮੋਟਰਸਾਇਕਲ ਤੇ ਆਏ ਹਮਲਾਵਰਾਂ ਵੱਲੋਂ ਘਰ ਦੇ ਮੁੱਖ ਗੇਟਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ 7 ਤੋਂ 8 ਰਾਊਂਡ ਫਾਇਰ ਕੀਤੇ ਗਏ। ਗੋਲੀਆਂ ਲੱਗਣ ਕਾਰਨ ਗੇਟ ਨੂੰ ਨੁਕਸਾਨ ਪੁੱਜਿਆ, ਜਦਕਿ ਪਰਿਵਾਰਕ ਮੈਂਬਰ ਵਾਲ-ਵਾਲ ਬਚ ਗਏ।ਇਸ ਸਬੰਧੀ ਪੀੜ੍ਹਤ ਪ੍ਰਗਟ ਸਿੰਘ ਨੇ ਦੱਸਿਆ ਕਿ ਫਾਇਰਿੰਗ ਦੀ ਆਵਾਜ਼ ਸੁਣ ਕੇ ਪਰਿਵਾਰਕ ਮੈਂਬਰ ਡਰ ਗਏ ਅਤੇ ਘਰ ਅੰਦਰ ਹੀ ਰਹੇ। ਘਟਨਾ ਤੋਂ ਬਾਅਦ ਪੂਰਾ ਪਰਿਵਾਰ ਸਹਿਮਿਆ ਹੋਇਆ ਹੈ।ਉਨ੍ਹਾਂ ਦੱਸਿਆ ਕਿ ਨਿੱਜੀ ਰੰਜਿਸ਼ ਕਾਰਨ ਇਹ ਘਟਨਾ ਵਾਪਰੀ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।ਪੀੜ੍ਹਤ ਪਰਿਵਾਰ ਅਨੁਸਾਰ ਸਾਰੀ ਘਟਨਾ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਫੁਟੇਜ ਵਿੱਚ ਕੁਝ ਸ਼ੱਕੀ ਵਿਅਕਤੀਆਂ ਘਰ ਦੇ ਅੱਗੇ ਗੋਲੀਆ ਚਲਾਉਦੇ ਨਜਰ ਆ ਰਹੇ ਹਨ।ਜਿਨ੍ਹਾਂ ਦੇ ਆਧਾਰ ‘ਤੇ ਪੁਲਿਸ ਜਾਂਚ ਨੂੰ ਅੱਗੇ ਵਧਾ ਰਹੀ ਹੈ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸੀ.ਆਈ.ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਅੰਮ੍ਰਿਤਪਾਲ ਸਿੰਘ, ਥਾਣਾ ਹਠੂਰ ਦੇ ਇੰਚਾਰਜ ਗੁਰਸੇਵਕ ਸਿੰਘ ਅਤੇ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਮੌਕੇ ਦਾ ਜਾਇਜ਼ਾ ਲੈ ਕੇ ਸਬੂਤ ਇਕੱਠੇ ਕੀਤੇ ਅਤੇ ਇਲਾਕੇ ਦੇ ਲੋਕਾਂ ਤੋਂ ਪੁੱਛਗਿੱਛ ਵੀ ਕੀਤੀ। ਫੋਰੈਂਸਿਕ ਅਤੇ ਤਕਨੀਕੀ ਸਬੂਤਾਂ ਦੇ ਆਧਾਰ ‘ਤੇ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਅਤੇ ਹੋਰ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ਉਪਰੰਤ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਸੁਰੱਖਿਆ ਨੂੰ ਲੈ ਕੇ ਵੀ ਚਰਚਾ ਛਿੜ ਗਈ ਹੈ ਅਤੇ ਲੋਕਾਂ ਨੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਮਾਮਲੇ ਨਾਲ ਜੁੜੀਆਂ ਦੋਵੇਂ ਧਿਰਾਂ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਨਾਲ ਜੁੜੀਆਂ ਹੋਈਆਂ ਹਨ ਤੇ ਦੋਸ਼ ਕਰਤਾ ਧਿਰ ਵੱਲੋਂ ਲੰਘੀਆਂ ਬਲਾਕ ਸੰਮਤੀ ਚੋਣਾਂ ‘ਚ ਦੂਜੀ ਧਿਰ ਨੂੰ ਖੁੱਲ ਕੇ ਮਦਦ ਵੀ ਕੀਤੀ ਗਈ ਸੀ ਪ੍ਰੰਤੂ ਜਿੱਤ ਉਪਰੰਤ ਦੂਜੀ ਧਿਰ ਅਤੇ ਸ਼ਿਕਾਇਤ ਕਰਤਾ ਵਿਚਾਲੇ ਮਾਮੂਲੀ ਖਟਾਸ ਪੈਦਾ ਹੋ ਗਈ ਤੇ ਆਖਿਰ ਇਹ ਭਾਣਾ ਵਾਪਰ ਗਿਆ।ਇਸ ਸਬੰਧੀ ਮੁਰਾਦ ਜਸਵੀਰ ਸਿੰਘ ਗਿੱਲ ਡੀ.ਐਸ.ਪੀ. ਰਾਏਕੋਟ ਨੇ ਕਿਹਾ ਕਿ 10-11 ਜੂਨ ਦੀ ਰਾਤ ਨੂੰ ਪਿੰਡ ਮਾਣੂੰਕੇ ਚ ਫਾਇਰਿੰਗ ਹੋਈ ਸੀ ਅਤੇ ਐਸ.ਐਚ.ਓ. ਹਠੂਰ ਗੁਰਸੇਵਕ ਸਿੰਘ ਨੇ ਪੁਲਿਸ ਪਾਰਟੀ ਸਮੇਤ ਪੁਹੰਚ ਕੇ ਜਾਂਚ ਆਰੰਭ ਦਿੱਤੀ ਹੈ ਅਤੇ ਸੀ ਸੀ ਟੀ ਵੀ ਕੈਮਰੇ ਦੀਆਂ ਫੁਟੇਜ ਖੰਗਾਲ ਕੇ ਦੋਸ਼ੀ ਫੜ ਲਏ ਜਾਣਗੇ ਅਤੇ ਨਿਰਪੱਖ ਜਾਂਚ ਹੋਵੇਗੀ, ਜੋ ਵੀ ਦੋਸ਼ੀ ਪਾਇਆ ਗਿਆ ਕਾਰਵਾਈ ਹੋਵੇਗੀ।ਇਸ ਸਬੰਧੀ ਹਠੂਰ ਦੇ ਇੰਚਾਰਜ ਗੁਰਸੇਵਕ ਸਿੰਘ ਨੇ ਕਿਹਾ ਕਿ ਦੋਸੀਆ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


