ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ’ਚ ਕੌਮਾਂਤਰੀ ਸਰਹੱਦ ’ਤੇ ਬੀਐੱਸਐੱਫ ਵੱਲੋਂ ਪਾਕਿਸਤਾਨੀ ਡਰੋਨ ਡੇਗੇ ਜਾਣ ਮਗਰੋਂ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ’ਚ ਸੁਰੱਖਿਆ ਹਾਲਾਤ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਕਰਾਰੇ ਹੱਥੀਂ ਲਿਆ ਹੈ। ਉਨ੍ਹਾਂ ਚੰਨੀ ਨੂੰ ਕਿਹਾ ਹੈ ਕਿ ਉਹ ਆਪਣੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਆਖਣ ਕਿ ਉਹ ਸਰਗਰਮ ਹੋਵੇ। ਕੈਪਟਨ ਨੇ ਡਰੋਨ ਡੇਗਣ ਦੀ ਮੀਡੀਆ ਰਿਪੋਰਟ ਨੱਥੀ ਕਰਦਿਆਂ ਟਵੀਟ ਕੀਤਾ,‘‘ਸਾਰਾ ਦਿਨ ਭੰਗੜਾ ਪਾਉਣ ਦੀ ਬਜਾਏ ਪੰਜਾਬ ਦੇ ਮੁੱਖ ਮੰਤਰੀ ਆਪਣੇ ਗ੍ਰਹਿ ਮੰਤਰੀ ਨੂੰ ਸਲਾਹ ਦੇਣ ਕਿ ਉਹ ਸਰਗਰਮ ਹੋਵੇ ਅਤੇ ਇਨਕਾਰ ਕਰਨ ਵਾਲੇ ਰਵੱਈਏ ਤੋਂ ਬਾਹਰ ਨਿਕਲੇ।’’
ਇਸ ਹਫ਼ਤੇ ਦੇ ਸ਼ੁਰੂ ’ਚ ਮੁੱਖ ਮੰਤਰੀ ਚੰਨੀ ਇਕ ਸਮਾਗਮ ਦੌਰਾਨ ਭੰਗੜਾ ਪਾਉਂਦੇ ਹੋਏ ਨਜ਼ਰ ਆਏ ਸਨ। ਕਪੂਰਥਲਾ ’ਚ ਸਤੰਬਰ ’ਚ ਹੋਏ ਇਕ ਸਮਾਗਮ ਦੌਰਾਨ ਵੀ ਉਨ੍ਹਾਂ ਭੰਗੜਾ ਪਾਇਆ ਸੀ। ਕੈਪਟਨ ਨੇ ਸਿੱਧੂ ’ਤੇ ਵਰ੍ਹਦਿਆਂ ਕਿਹਾ,‘‘ਜੇਕਰ ਪਾਰਟੀ ਪ੍ਰਧਾਨ ਤੁਹਾਡੀ ਸੁਣਦਾ ਹੈ ਤਾਂ ਉਸ ਨੂੰ ਵੀ ਆਖੋ ਕਿ ਉਹ ਆਪਣੇ ਵੱਡੇ ਭਰਾ ਇਮਰਾਨ ਖ਼ਾਨ ਨੂੰ ਪੰਜਾਬ ’ਚ ਗੜਬੜ ਫੈਲਾਉਣ ਦੀਆਂ ਕੋਸ਼ਿਸ਼ਾਂ ਨਾ ਕਰਨ ਲਈ ਕਹੇ।’’ ਸਿੱਧੂ ਨੇ ਕਰਤਾਰਪੁਰ ਸਾਹਿਬ ਗੁਰਦੁਆਰੇ ’ਚ ਨਤਮਸਤਕ ਹੋਣ ਸਮੇਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਵੱਡਾ ਭਰਾ ਆਖਿਆ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly