ਲਖੀਮਪੁਰ ਖੀਰੀ (ਸਮਾਜ ਵੀਕਲੀ): ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿਚ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਤੇ ਦੋ ਹੋਰਾਂ ਦੀ ਜ਼ਮਾਨਤ ਅਰਜ਼ੀ ਉਤੇ ਸੁਣਵਾਈ ਇੱਥੋਂ ਦੀ ਇਕ ਅਦਾਲਤ ਨੇ 15 ਨਵੰਬਰ ਤੱਕ ਟਾਲ ਦਿੱਤੀ ਹੈ। ਜ਼ਿਕਰਯੋਗ ਹੈ ਕਿ ਤਿੰਨ ਅਕਤੂਬਰ ਨੂੰ ਹੋਈ ਹਿੰਸਾ ਵਿਚ 8 ਜਣੇ ਮਾਰੇ ਗਏ ਸਨ। ਮ੍ਰਿਤਕਾਂ ਵਿਚ ਚਾਰ ਕਿਸਾਨ ਤੇ ਇਕ ਪੱਤਰਕਾਰ ਵੀ ਸ਼ਾਮਲ ਸੀ ਜਿਨ੍ਹਾਂ ਨੂੰ ਭਾਜਪਾ ਵਰਕਰਾਂ ਦੀ ਇਕ ਕਾਰ ਨੇ ਦਰੜ ਦਿੱਤਾ ਸੀ। ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਸੁਣਵਾਈ 15 ਨਵੰਬਰ ਤੱਕ ਟਾਲਣ ਦਾ ਫ਼ੈਸਲਾ ਲਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਦੇ ਵਕੀਲ ਅਰਵਿੰਦ ਤ੍ਰਿਪਾਠੀ ਨੇ ਕਿਹਾ ਕਿ ਬਚਾਅ ਪੱਖ ਨੇ ਅਦਾਲਤ ਵਿਚ ਇਕ ਅਰਜ਼ੀ ਲਾਈ ਹੈ ਜਿਸ ’ਚ ਇਕ ਜ਼ਖ਼ਮੀ ਭਾਜਪਾ ਵਰਕਰ ਦੀ ਫੋਟੋ ਬਾਰੇ ਇਸਤਗਾਸਾ ਪੱਖ ਤੋਂ ਜਵਾਬ ਮੰਗਿਆ ਗਿਆ ਹੈ।
ਫੋਟੋ ਵਿਚਲਾ ਵਰਕਰ ਸ਼ਿਆਮ ਸੁੰਦਰ ਨਿਸ਼ਾਦ ਹੈ ਜੋ ਕਿ ਪੁਲੀਸ ਹਿਰਾਸਤ ਵਿਚ ਸੀ। ਮਗਰੋਂ ਹਸਪਤਾਲ ਲਿਜਾਣ ਉਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਮੁਜ਼ਾਹਰਾਕਾਰੀਆਂ ਉਤੇ ਦੋਸ਼ ਹੈ ਕਿ ਉਨ੍ਹਾਂ ਇਸ ਵਰਕਰ ਦੀ ਕਥਿਤ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਸੀ। ਇਹ ਸਭ ਮੁਜ਼ਾਹਰਾਕਾਰੀ ਕਿਸਾਨਾਂ ਉਤੇ ਗੱਡੀ ਚੜ੍ਹਾਉਣ ਤੋਂ ਬਾਅਦ ਹੋਇਆ ਦੱਸਿਆ ਗਿਆ ਹੈ। ਇਸਤਗਾਸਾ ਪੱਖ ਨੇ ਫੋਟੋ ’ਤੇ ਇਤਰਾਜ਼ ਜਤਾਇਆ ਜਿਸ ਦੇ ਅਸਲ ਹੋਣ ਬਾਰੇ ਪੜਤਾਲ ਅਜੇ ਕੀਤੀ ਜਾਣੀ ਹੈ। ਅਦਾਲਤ ਨੇ ਇਸ ’ਤੇ ਇਸਤਗਾਸਾ ਪੱਖ ਕੋਲੋਂ ਸਟੇਟਸ ਰਿਪੋਰਟ ਮੰਗ ਲਈ ਹੈ। ਉਨ੍ਹਾਂ ਫੌਰੈਂਸਿਕ ਰਿਪੋਰਟ ਲਈ 15 ਦਿਨ ਮੰਗੇ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly