- ਸੰਘਣੀ ਧੁੰਦ ਕਰਕੇ ਵਾਪਰਿਆ ਹਾਦਸਾ
- ਉੱਤਰੀ ਕਮਾਂਡ ਦੇ ਫੌਜੀ ਕਮਾਂਡਰ ਵੱਲੋਂ ਦੁੱਖ ਦਾ ਇਜ਼ਹਾਰ
ਜੰਮੂ, (ਸਮਾਜ ਵੀਕਲੀ): ਜੰਮੂ ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਦੇ ਪਤਨੀਟੌਪ ਨੇੜਲੇ ਸੰਘਣੇ ਜੰਗਲਾਂ ਵਿੱਚ ਅੱਜ ਸਵੇਰੇ ਥਲ ਸੈਨਾ ਦਾ ਹੈਲੀਕਾਪਟਰ ਹਾਦਸੇੇ ਦਾ ਸ਼ਿਕਾਰ ਹੋ ਗਿਆ। ਹਾਦਸੇ ਵਿੱਚ ਦੋਵੇਂ ਪਾਇਲਟ ਹਲਾਕ ਹੋ ਗਏ, ਜਿਨ੍ਹਾਂ ਦੀ ਪਛਾਣ ਮੇਜਰ ਰੋਹਿਤ ਕੁਮਾਰ ਤੇ ਮੇਜਰ ਅਨੁਜ ਰਾਜਪੂਤ ਵਜੋਂ ਹੋਈ ਹੈ। ਉੱਤਰੀ ਕਮਾਂਡ ਦੇ ਆਰਮੀ ਕਮਾਂਡਰ ਨੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੰਦਿਆਂ ਪੀੜਤ ਪਰਿਵਾਰਾਂ ਨਾਲ ਦੁੱਖ ਦਾ ਇਜ਼ਹਾਰ ਕੀਤਾ ਹੈ। ਹਾਦਸਾ ਸੰਘਣੀ ਧੁੰਦ ਕਰਕੇ ਵਾਪਰਿਆ ਤੇ ਹੈਲੀਕਾਪਟਰ ਥਲ ਸੈਨਾ ਦੀ ਏਵੀੲੇਸ਼ਨ ਕੋਰ ਦਾ ਸੀ।
ਜੰਮੂ ਆਧਾਰਿਤ ਰੱਖਿਆ ਤਰਜਮਾਨ ਨੇ ਕਿਹਾ ਕਿ ਭਾਰਤੀ ਥਲ ਸੈਨਾ ਦਾ ਚੀਤਾ ਹੈਲੀਕਾਪਟਰ, ਜੋ ਪਟਨੀਟੌਪ ਖੇਤਰ ਵਿੱਚ ਸਿਖਲਾਈ ਉਡਾਣ ’ਤੇ ਸੀ, ਜ਼ਿਲ੍ਹੇ ਦੇ ਸ਼ਿਵ ਗੜ੍ਹ ਧਾਰ ਖੇਤਰ ਵਿੱਚ ਡਿੱਗ ਗਿਆ। ਤਰਜਮਾਨ ਨੇ ਕਿਹਾ ਕਿ ਹਾਦਸੇ ਵਿੱਚ ਦੋਵੇਂ ਪਾਇਲਟ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਫੌਰੀ ਨੇੜਲੇ ਇਲਾਜ ਕੇਂਦਰ ਲਿਜਾਇਆ ਗਿਆ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦੋਵਾਂ ਨੇ ਦਮ ਤੋੜ ਦਿੱਤਾ। ਉੱਤਰੀ ਕਮਾਂਡ ਦੇ ਆਰਮੀ ਕਮਾਂਡਰ ਲੈਫਟੀਨੈਂਟ ਜਨਰਲ ਵਾਈ.ਕੇ.ਜੋਸ਼ੀ ਨੇ ਦੋਵਾਂ ਮ੍ਰਿਤਕ ਅਧਿਕਾਰੀਆਂ ਨੂੰ ਸ਼ਰਧਾਂਜਲੀ ਦਿੰਦਿਆਂ ਉਨ੍ਹਾਂ ਦੇ ਪਰਿਵਾਰਾਂ ਨਾਲ ਦੁਖ ਦਾ ਇਜ਼ਹਾਰ ਕੀਤਾ ਹੈ।
ਅਧਿਕਾਰੀਆਂ ਨੇ ਕਿਹਾ ਕਿ ਹਾਦਸਾ ਅੱਜ ਸਵੇਰੇ ਸਾਢੇ ਦਸ ਵਜੇ ਤੋਂ ਪੌਣੇ ਗਿਆਰਾਂ ਵਜੇ ਦੇ ਦਰਮਿਆਨ ਖਰਾਬ ਮੌਸਮ ਕਾਰਨ ਵਾਪਰਿਆ। ਅਧਿਕਾਰੀਆਂ ਮੁਤਾਬਕ ਹੈਲੀਕਾਪਟਰ ਥਲ ਸੈਨਾ ਦੀ ਏਵੀੲੇਸ਼ਨ ਕੋਰ ਦਾ ਸੀ। ਜਦੋਂ ਹੈਲੀਕਾਪਟਰ ਜੰਗਲਾਂ ਵਿੱਚ ਡਿੱਗਾ, ਉਦੋਂ ਸੰਘਣੀ ਧੁੰਦ ਸੀ। ਹਾਦਸੇ ਮਗਰੋਂ ਸਭ ਤੋਂ ਪਹਿਲਾਂ ਸਥਾਨਕ ਲੋਕ ਮੌਕੇ ’ਤੇ ਪੁੱਜੇ ਤੇ ਉਨ੍ਹਾਂ ਦੋਵਾਂ ਪਾਇਲਟਾਂ ਨੂੰ ਬੁਰੀ ਤਰ੍ਹਾਂ ਨੁਕਸਾਨੇ ਹੈਲੀਕਾਪਟਰ ’ਚੋਂ ਬਾਹਰ ਕੱਢਿਆ। ਪੁਲੀਸ ਤੇ ਫੌਜ ਨੇ ਮੌਕੇ ’ਤੇ ਰਾਹਤ ਕਾਰਜ ਵਿੱਢਦਿਆਂ ਦੋਵਾਂ ਪਾਇਲਟਾਂ ਨੂੰ ਹਸਪਤਾਲ ਪਹੁੰਚਾਇਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly