ਪਠਾਨਕੋਟ (ਸਮਾਜ ਵੀਕਲੀ) : ਅੱਜ ਸਵੇਰੇ ਭਾਰਤੀ ਥਲ ਸੈਨਾ ਦਾ ਹੈਲੀਕਾਪਟਰ ਪਠਾਨਕੋਟ ਨੇੜੇ ਰਣਜੀਤ ਸਾਗਰ ਡੈਮ ਦੀ ਝੀਲ ਵਿਚ ਜਾ ਡਿੱਗਾ। ਇਸ ਹੈਲੀਕਾਪਟਰ ਨੇ ਮਾਮੂਨ ਛਾਉਣੀ ਤੋਂ ਸਵੇਰੇ 10:20 ਵਜੇ ਉਡਾਨ ਭਰੀ ਸੀ ਤੇ ਸਾਢੇ ਦਸ ਵਜੇ ਦੇ ਕਰੀਬ ਰਣਜੀਤ ਸਾਗਰ ਡੈਮ ਦੀ ਝੀਲ ਉਪਰੋਂ ਲੰਘ ਰਿਹਾ ਸੀ ਤਾਂ ਇਹ ਝੀਲ ’ਚ ਜਾ ਡਿੱਗਾ। ਇਸ ਵਿਚ ਪਾਇਲਟ ਏਐੱਸ ਬਾਠ ਤੇ ਕੈਪਟਨ ਜੇਯੰਤ ਜੋਸ਼ੀ ਸਵਾਰ ਸਨ। ਇਹ ਦੋਵੇਂ ਲਾਪਤਾ ਹਨ।
ਸੂਤਰਾਂ ਅਨੁਸਾਰ ਇਹ ਹੈਲੀਕਾਪਟਰ ਨਿਗਰਾਨੀ ’ਤੇ ਸੀ। ਇਸ ਦੇ ਡਿੱਗਦੇ ਸਾਰ ਹੀ ਫੌਜ ਦੇ ਅਧਿਕਾਰੀ ਅਤੇ ਜ਼ਿਲ੍ਹਾ ਪੁਲੀਸ ਦੇ ਮੁੱਖੀ ਸੁਰਿੰਦਰ ਲਾਂਬਾ ਮੌਕੇ ’ਤੇ ਪੁੱਜ ਗਏ। ਹੈਲੀਕਾਪਟਰ 254 ਆਰਮੀ ਏਵੀਏਸ਼ਨ ਸਕੁਐਡਰਨ ਦਾ ਸੀ ਅਤੇ ਇਸ ਦੇ ਕ੍ਰੈਸ਼ ਹੋਣ ਤੋਂ 10 ਮਿੰਟ ਪਹਿਲਾਂ ਮਾਮੂਨ ਛਾਉਣੀ ਤੋਂ ਉਡਾਣ ਭਰੀ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਇਹ ਕੰਟਰੋਲ ਗੁਆ ਬੈਠਾ ਤਾਂ ਇਹ ਡੈਮ ਵਿੱਚ ਡਿੱਗ ਗਿਆ।
ਇਸ ਦੌਰਾਨ ਰਣਜੀਤ ਸਾਗਰ ਡੈਮ ਦੇ ਮੁੱਖ ਇੰਜਨੀਅਰ ਰਾਮ ਦਰਸ਼ਨ ਅਤੇ ਨਿਗਰਾਨ ਇੰਜਨੀਅਰ ਨਰੇਸ਼ ਮਹਾਜਨ ਡੈਮ ਦਾ ਸਟੀਮਰ ਲੈ ਕੇ ਮੌਕੇ ਉਪਰ ਪੁੱਜੇ ਅਤੇ ਡੈਮ ਦੀ ਰਾਹਤ ਟੀਮ ਨੂੰ ਹੈਲੀਕਾਪਟਰ ਦਾ ਕੁੱਝ ਮਲਬਾ ਝੀਲ ਵਿੱਚੋਂ ਮਿਲਿਆ, ਜੋ ਫੌਜ ਦੇ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ। ਸ੍ਰੀ ਮਹਾਜਨ ਨੇ ਦੱਸਿਆ ਕਿ ਥਲ ਸੈਨਾ ਦੇ ਗੋਤਾਖੋਰਾਂ ਦੀ ਟੀਮ ਰਾਹਤ ਕਾਰਜ ਲਈ ਝੀਲ ਅੰਦਰ ਜਾ ਰਹੀ ਹੈ। ਇਹ ਹੈਲੀਕਾਪਟਰ ਜੰਮੂ-ਕਸ਼ਮੀਰ ਵਾਲੇ ਖ਼ੇਤਰ ਬਸੋਹਲੀ ਦੇ ਕੋਲ ਝੀਲ ਵਿਚ ਡਿੱਗਿਆ ਹੈ, ਜਿਸ ਕਰਕੇ ਜ਼ਿਲ੍ਹਾ ਕਠੂਆ ਦੇ ਅਧਿਕਾਰੀ ਵੀ ਮੌਕੇ ’ਤੇ ਪੁੱਜੇ ਹੋਏ ਹਨ। ਇਹ ਝੀਲ ਪੰਜਾਬ ਤੇ ਜੰਮੂ ਕਸ਼ਮੀਰ ਖੇਤਰ ਵਿਚ ਪੈਂਦੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly