(ਸਮਾਜ ਵੀਕਲੀ)-ਐਪਰਿਲ ਫੂਲ ਭਾਵ ਮੂਰਖ਼ ਦਿਵਸ ਜਾਂ ਫੂਲਜ਼ ਡੇ ਬਾਰੇ ਤਾਂ ਤੁਸੀਂ ਸਭ ਬਚਪਨ ਤੋਂ ਹੀ ਜਾਣਦੇ ਹੋਵੋਗੇ। ਅੰਗਰੇਜ਼ੀ ਕੈਲੰਡਰ ਅਨੁਸਾਰ ਅਪ੍ਰੈਲ ਮਹੀਨੇ ਦੀ ਪਹਿਲੀ ਤਰੀਕ ਨੂੰ ਇਹ ਤਿਉਹਾਰ ਮਨਾਇਆ ਜਾਂਦਾ ਹੈ। ਵੈਸੇ ਇਸ ਦੀ ਕੋਈ ਪੱਕੇ ਤੌਰ ਤੇ ਇੱਕ ਇਤਿਹਾਸਕ ਮਹੱਤਤਾ ਨਹੀਂ ਹੈ ਪਰ ਫਿਰ ਵੀ ਸਾਰੇ ਪੱਛਮੀ ਮੁਲਕਾਂ ਵਿੱਚ ਇਸ ਨਾਲ ਜੁੜੀਆਂ ਬਹੁਤ ਸਾਰੀਆਂ ਕਹਾਣੀਆਂ ਪ੍ਰਚਲਿਤ ਹਨ।ਇਹ ਤਾਂ ਪੱਕਾ ਹੈ ਕਿ ਇਹ ਤਿਉਹਾਰ ਪੱਛਮੀ ਸੱਭਿਅਤਾ ਦੀ ਪਰਤ ਵਿੱਚ ਲਿਪਟਿਆ ਹੋਇਆ ਸਾਡੇ ਦੇਸੀਆਂ ਤੇ ਵੀ ਰੰਗ ਚੜ੍ਹਾ ਦਿੰਦਾ ਹੈ।ਇਸ ਦਿਨ ਕੋਈ ਵੀ ਸਹਿਣਯੋਗ ਮਜ਼ਾਕ ਉਡਾ ਕੇ ਉਸ ਨੂੰ “ਐਪਰਿਲ ਫੂਲ” ਕਹਿ ਕੇ ਹਾਸੇ ਠੱਠੇ ਵਾਲ਼ਾ ਮਾਹੌਲ ਬਣਾਉਂਦਾ ਹੈ। ਇਸ ਤਿਉਹਾਰ ਵਿੱਚ ਕੋਈ ਰੀਤੀ ਰਿਵਾਜ ਤਾਂ ਨਿਭਾਉਣ ਵਾਲੇ ਹੁੰਦੇ ਨਹੀਂ ਪਰ ਦੂਜੇ ਨੂੰ ਮੂਰਖ਼ ਬਣਾਉਣ ਦੀਆਂ ਨਵੀਆਂ ਨਵੀਆਂ ਤਰਕੀਬਾਂ ਜ਼ਰੂਰ ਸੋਚੀਆਂ ਜਾਂਦੀਆਂ ਹਨ। ਸਰੋਤਾਂ ਅਨੁਸਾਰ ਸੰਸਾਰ ਵਿੱਚ ਸਿਰਫ਼ ਇੱਕੋ ਇੱਕ ਦੇਸ਼ ਯੂਕਰੇਨ ਵਿੱਚ ਇਸ ਦਿਨ ਦੀ ਛੁੱਟੀ ਮਨਾਈ ਜਾਂਦੀ ਹੈ ਹੋਰ ਕਿਤੇ ਜਨਤਕ ਛੁੱਟੀ ਨਹੀਂ ਹੁੰਦੀ।
ਆਮ ਤੌਰ ਤੇ ਇਸ ਦਿਨ ਦਾ ਉਦੇਸ਼ ਚੰਗੇ ਸੁਭਾਅ ਦੀ ਸਿਰਜਣਾ ਕਰਨਾ ਹੁੰਦਾ ਹੈ। ਜੋ ਲੋਕ “ਫੂਲਜ਼ ਡੇ” ਖੇਡਦੇ ਹਨ ਉਹ ਦੋਸਤਾਂ ਅਤੇ ਪਰਿਵਾਰਾਂ ਵਿੱਚ ਚੰਗੇ ਹੱਸਣ ਹਸਾਉਣ ਵਾਲਿਆਂ ਵਿੱਚ ਅਜਿਹਾ ਕਰਦੇ ਰਹਿਣਾ ਅਤੇ ਕਿਸੇ ਨੂੰ ਦਿਲੋਂ ਨੁਕਸਾਨ ਨਾ ਪਹੁੰਚਾਉਣਾ ਜਾਂ ਨਾਰਾਜ਼ ਕਰਨ ਦੀ ਕੋਸ਼ਿਸ਼ ਨਾ ਕਰਨਾ ਆਦਿ ਦੀਆਂ ਭਾਵਨਾਵਾਂ ਪੈਦਾ ਕਰਦੇ ਹਨ।ਇਸ ਦਿਨ ਕੋਈ ਕਿਸੇ ਨੂੰ ਮੂਰਖ ਬਣਾਉਂਦਾ ਹੈ ਅਤੇ ਕੋਈ ਖੁਦ ਮੂਰਖ ਬਣ ਜਾਂਦਾ ਹੈ। ਇਸ ਤਰ੍ਹਾਂ ਇਹ ਪਹਿਲੀ ਅਪ੍ਰੈਲ ਦਾ ਦਿਨ ਇੱਕ ਹਾਸੇ-ਮਜ਼ਾਕ ਦੇ ਹਾਂ ਪੱਖੀ ਹੁੰਗਾਰੇ ਦੇ ਦਿਨ ਵਜੋਂ ਮੰਨਿਆ ਜਾ ਸਕਦਾ ਹੈ। ਇਸ ਨਾਲ ਮਨੁੱਖਤਾ ਅੰਦਰ ਪਿਆਰ ਅਤੇ ਮਿਲਵਰਤਣ ਦੀ ਭਾਵਨਾ ਪੈਦਾ ਹੁੰਦੀ ਹੈ।ਅੱਜ ਦੇ ਜ਼ਮਾਨੇ ਵਿੱਚ ਮਨੁੱਖ ਪ੍ਰੇਸ਼ਾਨੀਆਂ ਅਤੇ ਤਣਾਵਾਂ ਵਿੱਚ ਘਿਰਿਆ ਹੋਇਆ ਹੱਸਣ ਹਸਾਉਣ ਨੂੰ ਵੀ ਤਰਸਿਆ ਪਿਆ ਹੈ ,ਉਸ ਲਈ ਇਹ ਦਿਨ ਬਹੁਤ ਉੱਤਮ ਮੰਨਿਆ ਜਾਂਦਾ ਹੈ ਕਿਉਂਕਿ ਮੂਰਖ ਨੂੰ ਕਿਸੇ ਦੀ ਪ੍ਰਵਾਹ ਨਹੀਂ ਹੁੰਦੀ ਅਤੇ ਉਸ ਲਈ “ਕਿਆ ਗਮ ਔਰ ਕਿਆ ਖੁਸ਼ੀ” । ਮੂਰਖ ਨਾਲ ਚੰਗਾ ਹੋਵੇ ਜਾਂ ਮਾੜਾ ਪਰ ਉਸ ਲਈ ਤਾਂ ਜ਼ਿੰਦਗੀ ਸਿਰਫ ਹੱਸਣ ਤੇ ਹੀ ਟਿਕੀ ਹੁੰਦੀ ਹੈ। ਇਸ ਲਈ ਹੋ ਸਕਦਾ ਹੈ ਕਿ ਮੂਰਖਾਂ ਦੀ ਜ਼ਿੰਦਗੀ ਨੂੰ ਵਧੀਆ ਮੰਨਦੇ ਹੋਏ ਸਿਆਣੇ ਲੋਕਾਂ ਨੇ ਇੱਕ ਦਿਨ ਲਈ ਮੂਰਖ ਬਣਨ ਵਾਲ਼ਾ ਤੱਤ ਕੱਢਿਆ ਹੋਵੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਾਸਾ ਪਰਮਾਤਮਾ ਵੱਲੋਂ ਮਿਲੀ ਇੱਕ ਬਹੁਤ ਵੱਡੀ ਸੌਗਾਤ ਹੈ । ਇਸ ਦੀ ਪ੍ਰਾਪਤੀ ਲਈ ਐਪਰਲ ਫੂਲ ਵਾਲੇ ਦਿਨ ਲੋਕੀਂ ਇੱਕ ਦੂਜੇ ਨਾਲ ਮਜ਼ਾਕ ਕਰਦੇ ਹਨ। ਜੇ ਇਹ ਮੰਨ ਲਿਆ ਜਾਵੇ ਕਿ ਇਸ ਦਿਨ ਨੂੰ ਖੁੱਲ੍ਹ ਕੇ ਮਨਾਇਆ ਜਾਂਦਾ ਹੈ ਅਤੇ ਜ਼ਿੰਦਗੀ ਦੀਆਂ ਪ੍ਰੇਸ਼ਾਨੀਆਂ ਅਤੇ ਮੁਸ਼ਕਲਾਂ ਨੂੰ ਇੱਕ ਦਿਨ ਲਈ ਇਸ ਤਰ੍ਹਾਂ ਲਾਹ ਕੇ ਸੁੱਟ ਦਿੱਤਾ ਜਾਂਦਾ ਹੈ ਜਿਵੇਂ ਦੁੱਧ ਤੋਂ ਮੱਖੀ ਲਾਹ ਕੇ ਸੁੱਟ ਦਿੱਤੀ ਜਾਂਦੀ ਹੈ,ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ।
ਇਸ ਦਿਨ ਕਿਸੇ ਨਾ ਕਿਸੇ ਬਹਾਨੇ ਆਪਣੇ ਜਾਣ ਪਹਿਚਾਣ ਵਾਲਿਆਂ ਨੂੰ, ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਨਵੀਆਂ ਨਵੀਆਂ ਤਰਕੀਬਾਂ ਲਾ ਕੇ ਕੁਝ ਇਹੋ ਜਿਹੇ ਕਾਰਨਾਮੇ ਕੀਤੇ ਜਾਂਦੇ ਹਨ ਕਿ ਕੁਝ ਪਲਾਂ ਲਈ ਉਹਨਾਂ ਨੂੰ ਮੂਰਖ ਬਣਾ ਕੇ ਹਾਸੇ-ਠੱਠੇ ਦਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਦਿਵਸ ਪਿੱਛੇ ਲੋਕਾਂ ਨੂੰ ਕੁਝ ਪਲਾਂ ਲਈ ਸਕੂਨ ਦੇਣਾ ਅਤੇ ਦਿਲੋਂ ਖੁਸ਼ ਕਰਨ ਦੀ ਸੋਚ ਕੰਮ ਕਰਦੀ ਹੈ, ਜਿਸ ਨਾਲ ਲੋਕਾਂ ਦੀ ਚਿੰਤਾਵਾਂ ਤੇ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਕੁਝ ਸਮੇਂ ਲਈ ਹਾਸੇ ਟਹਿਕਦੇ ਹਨ। ਇੱਕ ਦੂਜੇ ਨੂੰ ਭੁਲੇਖੇ ਪਾਉਣ ਦੀਆਂ ਗੱਲਾਂ ,ਚਕਮਾ ਦੇ ਕੇ ਕੁਝ ਅਚਨਚੇਤੀ ਮੂਰਖ਼ ਬਣਾਉਣ ਦੀਆਂ ਗੱਲਾਂ ਕਰ ਕੇ ਇੱਕ-ਦੂਜੇ ਨਾਲ ਕੀਤੇ ਜਾਂਦੇ ਮਜ਼ਾਕਾਂ ਅਤੇ ਵਿਵਹਾਰਿਕ ਨਟਖਟੀ ਦਾ ਸਿਲਸਿਲਾ ਸਾਰਾ ਦਿਨ ਚੱਲਦਾ ਰਹਿੰਦਾ ਹੈ।ਇਸ ਤਰ੍ਹਾਂ ਇਹ ਵਿਲੱਖਣ ਕਿਸਮ ਦਾ ਤਿਉਹਾਰ ਅੱਜ ਦੀ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਇੱਕ ਨਿਆਮਤ ਬਣ ਕੇ ਆਉਂਦਾ ਹੈ। ਹਰ ਕਿਸੇ ਨੂੰ ਆਪਣੇ ਆਲੇ ਦੁਆਲੇ ਹਾਨੀ ਰਹਿਤ ਮਰਿਆਦਾ ਸਹਿਤ ਇਸ ਤਿਉਹਾਰ ਨੂੰ ਮਨਾਉਣਾ ਚਾਹੀਦਾ ਹੈ ।
ਬਰਜਿੰਦਰ ਕੌਰ ਬਿਸਰਾਓ…
9988901324
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly