(ਸਮਾਜ ਵੀਕਲੀ)- ਦਸੰਬਰ ਦਾ ਮਹੀਨਾ ਚੱਲ ਰਿਹਾ ਸੀ ਤੇ ਠੰਡ ਵੀ ਬਹੁਤ ਵੱਧ ਗਈ ਸੀ।ਪਰ ਦੁਪਹਿਰੇ ਸੂਰਜ ਦੀ ਨਿੱਕੀ ਜਿਹੀ ਟਿੱਕੀ ਦਿਖਾਈ ਦਿੰਦੀ ਤੇ ਉਹ ਨਿੱਘੀ ਜਿਹੀ ਧੁੱਪ ਸਵੇਰੇ ਪਈ ਠੰਡ ਦੇ ਪ੍ਰਭਾਵ ਨੂੰ ਫਿੱਕਾ ਕਰ ਦਿੰਦੀ।
ਬਾਣੀ ਵੀ ਇਸੇ ਧੁੱਪ ਦਾ ਆਨੰਦ ਮਾਣਨ ਲਈ ਘਰਦੇ ਵਿਹੜੇ ਵਿਚਾਲੇ ਮੰਜੀ ਡਾਹ ਕੇ ਪੜ੍ਹਨ ਲੱਗ ਗਈ ਕਿਉਂਕਿ ਉਸਦੇ ਬੀ.ਏ.ਦੇ ਪਹਿਲੇ ਸਮੈਸਟਰ ਦੇ ਪੇਪਰ ਹੋ ਰਹੇ ਸਨ। ਘਰਦੇ ਬਾਕੀ ਮੈਂਬਰ ਆਪਣੇ-ਆਪਣੇ ਕੰਮਾਂ ਵਿਚ ਰੁੱਝੇ ਹੋਏ ਸਨ। ਬਾਣੀ ਦੀ ਮਾਂ ਬਲਜੀਤ ਭਾਂਡੇ ਮਾਂਜ ਰਹੀ ਸੀ।ਉਸਦਾ ਪਿਉ ਰਣਜੀਤ ਵਿਹੜੇ ਦੇ ਇਕ ਪਾਸੇ ਮੰਜੀ ਤੇ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ ਤੇ ਕੋਲ ਬੈਠਾ ਸ਼ੀਰੀਂ ਟਿੰਡੇ ਕੱਢ ਰਿਹਾ ਸੀ।
ਬਾਣੀ ਨੇ ਜਦੋਂ ਔਰਤਾਂ ਦੀ ਸਮਾਜ ਵਿਚ ਹੁੰਦੀ ਨਿਰਾਦਰੀ, ਉਨ੍ਹਾਂ ਨਾਲ ਹੁੰਦੇ ਵਿਤਕਰੇ, ਉਨ੍ਹਾਂ ਤੇ ਹੁੰਦੇ ਅਤਿਆਚਾਰਾਂ ਬਾਰੇ ਪੜ੍ਹਿਆ ਤਾਂ ਉਸਦੇ ਮਨ ਵਿੱਚ ਇਸਤਰੀਆਂ ਦੀ ਸਥਿਤੀ ਨੂੰ ਲੈਕੇ ਹਜ਼ਾਰਾਂ ਸਵਾਲ ਉੱਠ ਖਲੋਤੇ ਕਿ ਇਹ ਸਭ ਕੁਝ ਕਿਉਂ ਤੇ ਕਿਵੇਂ ਹੋ ਰਿਹਾ ਹੈ? ਜਦਕਿ ਔਰਤਾਂ ਨੂੰ ਤਾਂ ਮਰਦਾਂ ਦੇ ਬਰਾਬਰ ਅਧਿਕਾਰ, ਰਾਖਵਾਂਕਰਨ ਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਪ੍ਰਾਪਤ ਹਨ ।
ਇੰਨੇ ਨੂੰ ਹੀ ਬਾਣੀ ਦੇ ਘਰੇ ਉਨ੍ਹਾਂ ਦੀ ਗੁਆਂਢਣ ਮਨਜੀਤ ਆ ਗਈ।”ਕੁੜੇ ਤੇਰੀ ਮਾਂ ਘਰੀਂ ਆ”ਬਾਣੀ ਦੇ ਕੋਲ ਆਉਂਦੀ ਮਨਜੀਤ ਨੇ ਪੁੱਛਿਆ। ਬਾਣੀ ਦਾ “ਹਾਂ”ਵਿਚ ਉਤਰ ਸੁਣ ਕੇ ਉਹ ਉਸ ਦੀ ਮੰਜੀ ਦੀ ਵਾਹੀ ਤੇ ਬੈਠ ਗਈ। ਬਾਣੀ ਨੇ ਆਪਣੀ ਮਾਂ ਨੂੰ ਅਵਾਜ਼ ਮਾਰੀ। ਬਾਣੀ ਦੀ ਅਵਾਜ਼ ਸੁਣ ਕੇ ਬਲਜੀਤ ਵਿਹੜੇ ਵਿੱਚ ਆ ਗਈ “ਕਿਵੇਂ ਠੀਕ ਆ ਭੈਣੇ”ਮਨਜੀਤ ਨੂੰ ਪੁੱਛਿਆ ਤੇ “ਬਾਣੀ ਤੇਰੀ ਮਾਸੀ ਨੂੰ ਚਾਹ ਲਿਆ ਕੇ ਦੇ” ਬਾਣੀ ਨੂੰ ਕਹਿੰਦੀ ਹੋਈ ਬਲਜੀਤ ਵੀ ਉਸੇ ਮੰਜੀ ਤੇ ਬਹਿ ਗਈ।
ਬਾਣੀ ਚਾਹ ਲੈਣ ਲਈ ਜਾ ਹੀ ਰਹੀ ਸੀ ਕਿ ਤਦੇ ਹੀ ਉਸ ਨੇ ਸੁਣਿਆ ਕਿ ਮਨਜੀਤ ਉਸ ਦੀ ਮਾਂ ਬਲਜੀਤ ਨੂੰ ਕਹਿਣ ਲੱਗੀ ਕਿ “ਨੀ ਹਾਲ-ਚਾਲ ਤੇ ਚਾਹ-ਚੂਹ ਨੂੰ ਛੱਡ ਪਰ੍ਹਾਂ ਤੇ ਮੈਨੂੰ ਐਵੇਂ ਦੱਸ ਤੈਨੂੰ ਪਤਾ ਵੀ ਹੈ ਕਿ ਆਪਣੇ ਪਿੰਡ ਵਿੱਚ ਕੀ ਹੋ ਰਿਹਾ?”
” ਨਾ” ਕਹਿੰਦੇ ਹੋਏ ਬਲਜੀਤ ਨੇ ਮਨਜੀਤ ਨੂੰ ਕਿਹਾ “ਨਾ-ਨਾ ਭੈਣੇ ਸਹੁੰ ਲੱਗੇ ਰੱਬ ਦੀ ਮੈਨੂੰ ਤਾਂ ਜਮਾਂ ਕੁਸ਼ ਹੀ ਨਹੀਂ ਪਤਾ ਕਿ ਕੀ ਹੋਇਆ,ਜੇ ਤੈਨੂੰ ਪਤਾ ਤਾਂ ਤੂੰ ਹੀ ਦੱਸ ਦੇ ਮੈਨੂੰ।”
“ਨੀਂ ਐਤਕੀਂ ਫਿਰ ਧਰਮ ਸਿੰਘ ਦੀ ਬਹੂ ਕੋਲ ਫਿਰ ਪਥੱਰ ਹੋ ਗਿਆ,ਲੱਗਦਾ ਰੱਬ ਤਾਂ ਉਸ ਬੇਚਾਰੀ ਦੇ ਮਗਰ ਹੀ ਪੈ ਗਿਆ ਨਾਲੇ ਕੁੜੀਆਂ ਤਾਂ ਪਿਛੇ ਪਈਆ ਹੀ ਮਾੜੀਆਂ ਨੇ ਉਹਦੇ ਕੋਲ ਤਾਂ ਹੁਣ ਤਿੰਨ ਹੋ ਗੲੀਆਂ ,ਨੀ ਭੈਣੇ ਲੋਕੀ ਐਵੇਂ ਤਾਂ ਨਈਂ ਕਹਿੰਦੇ ਕਿ ਜੀਦੇ ਪਹਿਲਾਂ ਹੀ ਕੁੜੀ ਹੋ ਜਾਵੇ ਤਾਂ ਡਰ ਲੱਗਣ ਲਗ ਜਾਂਦਾ ਵੀ ਕਿਤੇ ਸੱਤ ਕੁੜੀਆਂ ਨਾ ਹੋ ਜਾਣ।” ਮਨਜੀਤ ਨੇ ਇਹ ਸਾਰੀ ਗੱਲ ਇਕ ਸਾਹ ਵਿਚ ਹੀ ਦੱਸ ਦਿੱਤੀ ਜਿਵੇਂ ਉਹ ਪਹਿਲਾਂ ਆਫ਼ਰੀ ਪਈ ਹੋਵੇ ਤੇ ਸਾਰੀ ਗੱਲ ਦੱਸ ਕੇ ਉਸ ਨੂੰ ਕੁਸ਼ ਹੌਲਾ ਜਾ ਮਹਿਸੂਸ ਹੋਇਆ ਹੋਵੇ।
ਬਲਜੀਤ ਨੇ ਵੀ ਸੋਗਮੲਈ ਮੂੰਹ ਬਣਾ ਕੇ “ਹੂੰ” ਕਹਿ ਕੇ ਮਨਜੀਤ ਦੀ ਗੱਲ ਚ ਹੂੰਗਾਰਾ ਭਰਿਆ। ਫਿਰ ਫੇਰ ਮਨਜੀਤ ਕਹਿਣ ਲੱਗੀ “ਰੱਬ ਬੇਚਾਰੀ ਨੂੰ ਇਕ ਜਵਾਕ ਦੇ ਦਿੰਦਾ, ਘਰੋਂ ਵੀ ਬੇਚਾਰੀ ਗਰੀਬ ਹੀ ਆ।”
ਇਹ ਸਾਰਾ ਕੁਝ ਸੁਣ ਕੇ ਬਾਣੀ ਨੂੰ ਲੱਗਿਆਂ ਜਿਵੇਂ ਉਸ ਦੇ ਪੈਰਾਂ ਧਰਤੀ ਚ ਕਿਤੇ ਡੂੰਘੇ ਗੱਡੇ ਗਏ ਹੋਣ ਕਿਉਂਕਿ ਉਸ ਤੋਂ ਚਾ ਕੇ ਵੀ ਪਲਾਂਗ ਵੀ ਨਹੀਂ ਪੱਟੀ ਗਈ। ਉਸ ਨੂੰ ਇਕ ਦਮ ਆਪਣਾ ਸਰੀਰ ਸੁੰਨ ਹੋ ਗਿਆ ਜਾਪਿਆ।ਉਸ ਨੂੰ ਇਸ ਗੱਲ ਦੀ ਬੇਹੱਦ ਹੈਰਾਨੀ ਸੀ ਕਿ ਇਕ ਔਰਤ ਕਿੰਨੀ ਆਸਾਨੀ ਨਾਲ ਦੂਜੀ ਔਰਤ ਕੋਲ ਹੋਈ ਨਿੰਨ੍ਹੀ ਬੱਚੀ ਨੂੰ ਪਥੱਰ ਕਹਿ ਰਹੀ ਸੀ। ਹੁਣ ਬਾਣੀ ਨੂੰ ਕੁਝ ਦੇਰ ਪਹਿਲਾਂ ਔਰਤਾਂ ਦੀ ਮਾੜੀ ਹਾਲਤ ਦੇ ਸੰਬੰਧੀ ਮਨ ਵਿੱਚ ਉੱਠੇ ਸਵਾਲਾਂ ਦੇ ਜਵਾਬ ਮਿਲ ਗਏ । ਉਹ ਸੋਚ ਰਹੀ ਸੀ ਕਿ ਜੋ ਨਿੰਨ੍ਹੀ ਬੱਚੀ ਪੈਦਾ ਹੋਈ ਹੈ ਉਹ ਵੀ ਇੱਕ ਦਿਨ ਔਰਤ ਬਣੇਗੀ ਤੇ ਇਕ ਔਰਤ ਪਥੱਰ ਕਿਵੇਂ ਹੋ ਸਕਦੀ ਹੈ ਜਦਕਿ ਉਹ ਤਾਂ ਕਿਸੇ ਦਾ ਥੋੜ੍ਹਾ ਜਿਹਾ ਦੁੱਖ ਦੇਖ ਕੇ ਮੋਮ ਵਾਂਗ ਪਿਘਲ ਜਾਂਦੀ ਹੈ ਫਿਰ ਉਹ ਪਥੱਰ ਕਿਵੇਂ ਹੋ ਸਕਦੀ ਹੈ?
ਬਾਣੀ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਅਹਿਸਾਸ ਹੋ ਗਿਆ ਸੀ ਕਿ ਕਿਤੇ ਨਾ ਕਿਤੇ ਔਰਤਾਂ ਸਮਾਜ ਵਿਚ ਪਿਛੜੇਪਨ ਦਾ ਕਾਰਨ ਆਪ ਹੀ ਹਨ। ਉਹ ਆਪਣੇ ਨਾਲੋਂ ਮਰਦ ਜਾਤ ਨੂੰ ਉੱਤਮ ਸਮਝਣ ਤੇ ਉਨ੍ਹਾਂ ਨੂੰ ਅੱਗੇ ਰੱਖਣ ਦੀਆਂ ਆਦੀ ਹੋ ਗੲੀਆਂ ਹਨ ਤੇ ਜਿਨ੍ਹਾਂ ਸਮਾਂ ਉਹ ਆਪਣੀ ਜਾਂ ਸਮੁੱਚੀ ਔਰਤ ਜਾਤ ਦੀ ਇੱਜ਼ਤ ਨਹੀਂ ਕਰਦੀਆਂ ਨਹੀਂ ਤਾਂ ਫਿਰ ਉਨ੍ਹਾਂ ਸਮਾਂ ਸਮਾਜ ਜਾਂ ਮਰਦਾਂ ਤੋਂ ਸਨਮਾਨ ਤੇ ਬਰਾਬਰੀ ਦੀ ਆਸ ਕਿਸ ਤਰ੍ਹਾਂ ਰੱਖ ਸਕਦੀਆਂ ਨੇ ।ਪਰ ਸ਼ਾਇਦ ਇਸ ਵਿਚ ਗ਼ਲਤੀ ਔਰਤਾਂ ਦੀ ਵੀ ਨਹੀਂ ਕਿਉਂਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਸਿਖਾਇਆ ਜਾਂਦਾ ਹੈ ਕਿ ਕੜੀਆਂ ਮੁੰਡਿਆਂ ਦੀ ਬਰਾਬਰੀ ਨਹੀਂ ਕਰ ਸਕਦੀਆਂ, ਮੁੰਡਿਆਂ ਵਾਂਗ ਖੁੱਲ੍ਹ- ਡੁੱਲ੍ਹ ਵਾਲਾ ਜੀਵਨ ਨਹੀਂ ਜੀਉ ਸਕਦੀਆਂ, ਉਨ੍ਹਾਂ ਦੀਆਂ ਕੁਝ ਹੱਦਾਂ ਹਨ, ਜਿਨ੍ਹਾਂ ਨੂੰ ਉਹ ਪਾਰ ਨਹੀਂ ਕਰ ਸਕਦੀਆਂ। ਉਨ੍ਹਾਂ ਨੂੰ ਮਰਦਾਂ ਬਰਾਬਰ ਸਹੂਲਤਾਂ ਮਿਲਦੀਆਂ ਹਨ, ਪਰ ਸਿਰਫ਼ ਕਾਗਜ਼ਾਂ ਦੀ ਖ਼ਾਨਾਪੂਰਤੀ ਵਿੱਚ ਕਿਉਕਿ ਸਮਾਜ ਵਿਚ ਤਾਂ ਉਨ੍ਹਾਂ ਨੂੰ ਮਰਦਾਂ ਤੋਂ ਘੱਟ ਤੇ ਨੀਵਾਂ ਸਮਝਿਆ ਜਾਂਦਾ ਹੈ। ਕਿਉਂਕਿ ਅਗਰ ਔਰਤਾਂ ਚੋਣਾਂ ਵਿੱਚ ਖੜ੍ਹੀ ਹੁੰਦੀ ਹੈ ਅਤੇ ਜੇ ਜਿੱਤ ਵੀ ਜਾਂਦੀ ਹੈ ਪਰ ਕਾਫੀ ਹੱਦ ਤੱਕ ਫੈਸਲੇ ਉਸਦਾ ਪਿਤਾ, ਭਰਾ ਜਾਂ ਪਤੀ ਲੈਂਦਾ ਹੈ, ਉਹ ਸਿਰਫ਼ ਦਸਖ਼ਤ ਕਰਨ ਯੋਗੀ ਹੁੰਦੀ ਹੈ।
ਇਸੇ ਲਈ ਅਜੇ ਵੀ ਸਮਾਂ ਹੈ ਆਪਣੀ ਸੋਚ ਬਦਲੋ।
– ਨਿੱਕੀ ਕੌਰ।
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly