*ਬਰਸਾਤ ਤੋਂ ਬਾਅਦ ਮੁੱਖ ਮਾਰਗ ‘ਚ ਪਏ ਕਈ-ਕਈ ਫੁੱਟ ਡੂੰਘੇ ਟੋਏ*ਮੁੱਖ ਮਾਰਗ ‘ਤੇ ਖਾਨਪੁਰ ਨਹਿਰ ‘ਤੇ ਬਣਿਆ ਪੁਲ ਵੀ ਬਣਿਆ ਇਲਾਕੇ ਦਾ ਸੱਭ ਤੋਂ ਵੱਡਾ ‘ਸਪੀਡ ਬ੍ਰੇਕਰ’*ਆਮ ਲੋਕਾਂ ਦਾ ਲੰਘਣਾ ਹੋਇਆ ਮੁਹਾਲ*
ਫਿਲੌਰ/ਅੱਪਰਾ, (ਸਮਾਜ ਵੀਕਲੀ) (ਦੀਪਾ)-ਸਥਾਨਕ ਅੱਪਰਾ ਤੋਂ ਵਾਇਆ ਨਗਰ ਫਿਲੌਰ ਮੁੱਖ ਮਾਰਗ ਦੀ ਹਾਲਤ ਬਦ ਤੋਂ ਬਦਤਰ ਤੇ ਬੇਹੱਦ ਤਰਸਯੋਗ ਹੋ ਚੁੱਕੀ ਹੈ | ਪਿਛਲੇ ਕਈ ਦਿਨਾਂ ਤੋਂ ਪਏ ਭਾਰੀ ਮੀਂਹ ਦੇ ਕਾਰਣ ਸੜਕ ਦੇ ਵਿਚਕਾਰ ਥਾਂ-ਥਾਂ ਕਈ ਕਈ ਫੱੁਟ ਡੂੰਘੇ ਟੋਏ ਪੈ ਚੁੱਕੇ ਹਨ, ਜਿਸ ਕਾਰਣ ਸੜਕ ਬੁਰੀ ਤਰਾਂ ਟੁੱਟ ਚੁੱਕੀ ਹੈ | ਸੜਕ ਦੇ ਵਿਚਕਾਰ ਪਏ ਟੋਇਆ ਦੇ ਕਾਰਣ ਕੰਮਾਂ-ਕਾਰਾਂ ਲਈ ਫਿਲੌਰ ਤੇ ਲੁਧਿਆਣਾ ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਲਾਕਾ ਵਾਸੀਆਂ ਦੀ ਮੰਗ ਹੈ ਕਿ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਤਹਿਤ ਬਣੀ ਇਸ ਸੜਕ ਦੀ ਜਲਦ ਤੋਂ ਜਲਦ ਮੁਰੰਮਤ ਕੀਤੀ ਜਾਵੇ ਤਾਂ ਕਿ ਆਮ ਲੋਕ ਸੁੱਖ ਦਾ ਸਾਹ ਲੈ ਸਕਣ | *ਮੁੱਖ ਮਾਰਗ ‘ਤੇ ਖਾਨਪੁਰ ਨਹਿਰ ‘ਤੇ ਬਣਿਆ ਪੁਲ ਵੀ ਬਣਿਆ ਇਲਾਕੇ ਦਾ ਸੱਭ ਤੋਂ ਵੱਡਾ ‘ਸਪੀਡ ਬ੍ਰੇਕਰ’*-ਅੱਪਰਾ-ਨਗਰ-ਫਿਲੌਰ ਮੁੱਖ ਮਾਰਗ ‘ਤੇ ਪਿੰਡ ਖਾਨਪੁਰ ਨਹਿਰ ‘ਤੇ ਬਣਿਆ ਨਵਾਂ ਪੁਲ ਵੀ ਇਲਾਕੇ ਦਾ ਸੱਭ ਤੋਂ ਵੱਡਾ ‘ਸਪੀਡ ਬ੍ਰੇਕਰ’ ਬਣ ਚੁੱਕਾ ਹੈ | ਸੰਬੰਧਿਤ ਵਿਭਾਗ ਵਲੋਂ ਕੁਝ ਸਮਾਂ ਪਹਿਲਾਂ ਕੀ ਕਰੋੜਾਂ ਰੁਪਏ ਦੀ ਲਾਗਤ ਨਾਲ ਨਹਿਰ ‘ਤੇ ਨਵਾਂ ਪੁਲ ਬਣਾਇਆ ਗਿਆ, ਪਰੰਤੂ ਪੁਲ ਦੀ ਢਾਲਾਨ ਨੂੰ ਮੁੱਖ ਸੜਕ ਦੇ ਨਾਲ ਸਹੀ ਤਰੀਕੇ ਨਾਲ ਮਿਲਾਇਆ ਜਾਂ ਜੋੜਿਆ ਨਹੀਂ ਗਿਆ | ਜਿਸ ਕਾਰਣ ਇਸ ਪੁਲ ‘ਤੇ ਵਾਹਨਾਂ ਦੇ ਚੜਦੇ ਸਮੇਂ ਤੇ ਉਤਰਦੇ ਸਮੇਂ ਭਾਰੀ ਤੇ ਵੱਡੀ ਠੋਕਰ ਵੱਜਦੀ ਹੈ | ਜਿਸ ਕਾਰਣ ਵਾਹਨ ਚਾਲਕਾਂ ਨੂੰ ਪਹਿਲਾਂ ਤੋਂ ਹੀ ਆਪਣੇ ਵਾਹਨਾਂ ਦੀ ਸਪੀਡ ਨੂੰ ਘੱਟ ਕਰਨਾ ਪੈਂਦਾ ਹੈ | ਇਲਾਕਾ ਵਾਸੀਆਂ ਦੀ ਮੰਗ ਹੈ ਕਿ ਉਕਤ ਪੁਲ ਦੇ ਦੋਵੇਂ ਪਾਸਿਆਂ ਨੂੰ ਪ੍ਰਮਿਕਸ ਪਾ ਕੇ ਸਹੀ ਤਰੀਕੇ ਨਾਲ ਸੜਕ ਨਾਲ ਮਿਲਾਇਆ ਜਾਵੇ |



