ਨਵੀਂ ਦਿੱਲੀ (ਸਮਾਜ ਵੀਕਲੀ): ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਹੁਣ ਤੋਂ ਹੀ ਪੰਜਾਬ ਵਿਚ ਚੋਣ ਸਰਗਰਮੀਆਂ ਨਾ ਆਰੰਭਣ। ਡਾ. ਦਰਸ਼ਨ ਪਾਲ ਨੇ ਕਿਹਾ, ‘‘ਸਿਆਸੀ ਪਾਰਟੀਆਂ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਕਿਸਾਨ ਸੰਘਰਸ਼ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸੀਂ ਸਿਆਸੀ ਆਗੂਆਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਜੇਕਰ ਉਹ ਸੱਚਮੁੱਚ ਕਿਸਾਨਾਂ ਦੇ ਸੰਘਰਸ਼ ਦੇ ਸਮਰਥਨ ਵਿਚ ਹਨ ਤਾਂ ਹੁਣੇ ਤੋਂ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਸਬੰਧੀ ਪ੍ਰਚਾਰ ਸ਼ੁਰੂ ਨਾ ਕਰਨ।’’
ਮੋਰਚੇ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਿਛਲੇ ਸਮੇਂ ਵਿੱਚ ਭਾਜਪਾ ਦਾ ਸਹਿਯੋਗੀ ਰਹਿਣ ਅਤੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦਾ ਸਮਰਥਨ ਕਰਨ ਕਰ ਕੇ ਪੰਜਾਬ ਵਿੱਚ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋ ਰਿਹਾ ਹੈ। ਉੱਧਰ, ਹਰਿਆਣਾ ਵਿਚ ਪੈਂਦੇ ਰੇਵਾੜੀ ਦੇ ਕਿਸਾਨਾਂ ਨੇ ਵੀ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ 5 ਸਤੰਬਰ ਨੂੰ ਰੇਵਾੜੀ ਵਿੱਚ ਪਹਿਲਾਂ ਤੋਂ ਨਿਰਧਾਰਤ ਸਮਾਗਮ ਵਿੱਚ ਨਾ ਪਹੁੰਚਣ ਦੀ ਚਿਤਾਵਨੀ ਦਿੱਤੀ ਹੈ। ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਕਿਸਾਨਾਂ ਨੇ ਸੂਬੇ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਮੰਗਾਂ ਮੰਨਣ ਸਬੰਧੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਦੀਆਂ ਮੰਗਾਂ ਵਿੱਚ ਖਰੀਦ ਕੇਂਦਰਾਂ ਅਤੇ ਏਪੀਐੱਮਸੀ ਮੰਡੀਆਂ ਦੀ ਸਥਾਪਨਾ ਅਤੇ ਸੇਬ, ਟਮਾਟਰ, ਅਦਰਕ, ਲਸਣ ਆਦਿ ਦੇ ਵਾਜ਼ਿਬ ਮੁੱਲ ਦੀ ਗਰੰਟੀ ਸ਼ਾਮਲ ਹੈ।
ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਪਿੰਡ ਨੰਗਲ ਵਿੱਚ ਕੱਲ੍ਹ ਪਿੰਡ ਵਾਸੀਆਂ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਸੱਦੀ ਗਈ ਸੀ, ਜਿਸ ਵਿੱਚ ਉਨ੍ਹਾਂ ਨੇ ਐਲਾਨ ਕੀਤਾ ਕਿ 5 ਸਤੰਬਰ ਨੂੰ ਪਿੰਡ ਵਿੱਚ ਕੋਈ ਕਿਸਾਨ ਵਿਰੋਧੀ ਮੀਟਿੰਗ ਨਹੀਂ ਹੋਣ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਰਿਪੋਰਟ ਮਿਲੀ ਸੀ ਕਿ ਸਿੰਘੂ ਬਾਰਡਰ ’ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਮੁਕਾਬਲਾ ਕਰਨ ਲਈ 5 ਸਤੰਬਰ ਨੂੰ ਇੱਕ ਮੀਟਿੰਗ ਕੀਤੀ ਜਾਵੇਗੀ। ਨੰਗਲ ਪਿੰਡ ਦੀ ਪੰਚਾਇਤ ਨੇ ਹਾਲਾਂਕਿ ਸਪੱਸ਼ਟ ਤੌਰ ’ਤੇ ਅਜਿਹੀ ਕੋਈ ਮੀਟਿੰਗ ਨਾ ਹੋਣ ਦਾ ਫੈਸਲਾ ਤੇ ਸੰਕਲਪ ਲਿਆ ਹੈ। ਮੋਰਚੇ ਨੇ ਕਿਹਾ ਕਿ ਕਰਨਾਲ ਘਟਨਾਵਾਂ ’ਤੇ ਜੇ 6 ਸਤੰਬਰ ਤੱਕ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਮੋਰਚਾ ਕਰਨਾਲ ਦੇ ਮਿੰਨੀ ਸਕੱਤਰੇਤ ਦੀ ਘੇਰਾਬੰਦੀ ਕਰੇਗਾ। ਸੀਟੂ, ਸੀਪੀਆਈ, ਸੀਪੀਆਈ (ਐੱਮ), ਏਆਈਐੱਫਬੀ, ਸੀਪੀਆਈ (ਐੱਮਐੱਲ) ਤੇ ਆਰਐੱਸਪੀ ਨੇ ਸਾਂਝੇ ਕਿਸਾਨ ਮੋਰਚੇ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਦਾ ਸਮਰਥਨ ਕਰਨ ਲਈ ਲੋਕਾਂ ਲਈ ਸਾਂਝਾ ਬਿਆਨ ਜਾਰੀ ਕੀਤਾ ਹੈ। ਆਲ ਇੰਡੀਆ ਕਿਸਾਨ ਸਭਾ ਨਾਲ ਜੁੜੇ ਬਿਹਾਰ ਦੇ 500 ਤੋਂ ਵੱਧ ਕਿਸਾਨਾਂ ਦੀ ਇੱਕ ਟੀਮ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਗਾਜ਼ੀਪੁਰ ਬਾਰਡਰ ’ਤੇ ਆਈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly