ਅੱਜ ਇੱਕ ਹੋਰ ਕਲੋਲ 

ਡਾਕਟਰ ਇੰਦਰਜੀਤ ਕਮਲ
 (ਸਮਾਜ ਵੀਕਲੀ)-   ਅਸੀਂ ਅੰਮ੍ਰਿਤਸਰ ਤੋਂ ਘੁੰਮਦੇ ਘੁੰਮਾਉਂਦੇ ਵਾਪਸ ਯਮੁਨਾਨਗਰ ਨੂੰ ਚੱਲ ਪਏ ਤਾਂ ਰਸਤੇ ਵਿੱਚ Surinder Kakkar   ਜੀ ਨੂੰ ਮਿਲ ਕੇ ਜਾਣ ਦਾ ਪੱਕਾ ਪ੍ਰੋਗਰਾਮ ਸੀ । ਉਹਨਾਂ ਬਹੁਤ ਵਾਰ ਉਲਾਂਭਾ ਦਿੱਤਾ ਸੀ ਕਿ ਮੈਂ ਹਰ ਵਾਰ ਮਿਲ ਕੇ ਨਹੀਂ ਜਾਂਦਾ ।
              ਮੈਂ ਉਹਨਾਂ ਨੂੰ ਫੋਨ ਕੀਤਾ ਅਤੇ ਇਹ ਵੀ ਦੱਸਿਆ ਕਿ  ਅਸੀਂ ਉਹਨਾਂ ਕੋਲ ਦੋ ਕੁ ਮਿੰਟ ਹੀ ਰੁਕ ਸਕਾਂਗੇ । ਉਹਨਾਂ ਕੋਲ ਪਹੁੰਚ ਕੇ ਮੈਂ ਬੈਠਦਿਆਂ ਹੀ ਬੇਟੇ ਨੂੰ ਗੱਡੀ ਵਿੱਚੋਂ ਕਾਰਡ ਕੱਢ ਕੇ ਲਿਆਉਣ ਲਈ ਕਿਹਾ , ਜਿਹੜਾ ਅਸੀਂ ਵਿਆਹ ਦੇ ਸੱਦੇ ਵੱਜੋਂ ਸੁਰਿੰਦਰ  ਨਹੀਂ ਕੱਕੜ ਜੀ ਨੂੰ ਦੇਣਾ ਸੀ । ਮੈਂ ਪੈੱਨ ਫੜਿਆ ਅਤੇ ਨਾਮ ਲਿਖ ਕੇ ਕਾਰਡ ਉਹਨਾਂ ਨੂੰ ਸੌਂਪ ਦਿੱਤਾ ਅਤੇ ਪੇਟ ਪੂਜਾ ਕਰਕੇ ਹਾਸੇ ਠੱਠੇ ਵਾਲੀਆਂ  ਗੱਲਾਂ ਕਰਦੇ ਹੋਏ ਚੱਲ ਪਏ । ਹਾਲੇ ਥੋੜ੍ਹੀ ਹੀ ਦੂਰ ਗਏ ਸਾਂ ਕਿ ਕੱਕੜ ਸਾਹਿਬ ਦਾ ਫੋਨ ਆ ਗਿਆ । ਮੈਨੂੰ ਲੱਗਾ ਕਿ ਕੋਈ ਚੀਜ਼ ਰਹਿ ਗਈ ਹੋਊ । ਫੋਨ ਕੰਨ ਨਾਲ ਲਗਾਉਂਦਿਆਂ ਹੀ ਆਵਾਜ਼ ਆਈ ,’ ਡਾਕਟਰ ਸਾਹਿਬ , ਇਹ ਤਾਂ ਚੁਟਕਲਾ ਹੀ ਬਣ ਗਿਆ ।’
           ਬਿਨ੍ਹਾਂ ਕੁਝ ਸਮਝਦੇ ਹੀ ਮੈਂ ਹੱਸਦੇ ਹੋਏ ਪੁੱਛਿਆ ,’ ਕੀ ਗੱਲ ਹੋ ਗਈ ?’
             ਕਹਿੰਦੇ ,’ ਤੁਸੀਂ ਕਾਰਡ ਤਾਂ ਦੇ ਕੇ ਨਹੀਂ ਗਏ ?’
      ਮੈਂ ਕਿਹਾ ,’ ਮੈਂ ਖੁਦ ਤੁਹਾਡਾ ਨਾਂ ਲਿਖ ਕੇ ਤੁਹਾਨੂੰ ਕਾਰਡ ਫੜਾਇਆ ਏ !’
               ਕਹਿੰਦੇ ,’ ਉਹ ਗੱਲ ਤਾਂ ਠੀਕ ਹੈ , ਪਰ ਉਹ ਇਕੱਲਾ ਲਿਫ਼ਾਫ਼ਾ ਹੀ ਸੀ , ਅੰਦਰ ਕਾਰਡ ਨਹੀਂ ਹੈ ।’
                ਮੈਨੂੰ ਯਾਦ ਆਇਆ ਕਿ ਪ੍ਰੈੱਸ ਵਾਲੇ ਨੇ ਸਾਨੂੰ ਕਾਰਡ ਅਤੇ ਲਿਫਾਫੇ ਅਲੱਗ ਅਲੱਗ ਦਿੱਤੇ ਸਨ । ਬਾਕੀ ਸਾਰੇ ਘਰਾਂ ਵਿੱਚ ਜਦੋਂ ਕਾਰਡ ਵੰਡੇ ਤਾਂ ਮੈਂ ਖੁਦ ਕਾਰਡ ਲਿਫਾਫੇ ਅੰਦਰ ਪਾਕੇ ਉਹਨਾਂ ਉੱਪਰ ਨਾਮ ਲਿਖ ਕੇ ਦਿੱਤੇ ਸਨ । ਜਦੋਂ ਮੈਂ ਬੇਟੇ ਨੂੰ ਕਾਰਡ ਲਿਆਉਣ ਲਈ ਕਿਹਾ ਤਾਂ ਉਹ ਇਸ ਗੱਲ ਤੋਂ ਅਣਜਾਣ ਸੀ ਕਿ ਲਿਫਾਫੇ ਅਤੇ ਕਾਰਡ ਵੱਖੋ ਵੱਖਰੇ ਨੇ । ਮੈਂ ਵੀ ਕਾਹਲੀ ਕਾਹਲੀ ਵਿੱਚ ਲਿਫਾਫੇ ਉੱਤੇ ਹੀ ਨਾਂ ਲਿਖ ਕੇ ਫ਼ੜਾ ਦਿੱਤਾ । ਫਿਰ ਕਾਰਡ ਵਟਸਐਪ ਕੀਤਾ।
 ਡਾ ਇੰਦਰਜੀਤ ਕਮਲ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਸੀਂ ਮਨੁੱਖ ਹਾਂ
Next articleਮਾਏ ਨੀ ਮਾਏ