ਪਟਿਆਲਾ (ਸਮਾਜ ਵੀਕਲੀ): ਜੰਗਲਾਤ ਕਾਮਿਆਂ ਨਾਲ ਹੋਈ ਮੀਟਿੰਗ ਦੌਰਾਨ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵਿਭਾਗ ਵਿਚ ਤਿੰਨ ਸਾਲਾਂ ਤੋਂ ਕੰਮ ਕਰਦੇ ਆ ਰਹੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਹੈ। ਜੰਗਲਾਤ ਕਾਮਿਆਂ ਨੇ ਦੱਸਿਆ ਕਿ ਅੱਜ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨਾਲ ਉਨ੍ਹਾਂ ਦੀ ਮੀਟਿੰਗ ਹੋਈ, ਜਿਸ ਦੌਰਾਨ ਉਨ੍ਹਾਂ ਦੀ ਵਿਸ਼ੇਸ਼ ਮੰਗ ਮੰਨ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਸੂਬਾ ਪ੍ਰਧਾਨ ਅਮਰੀਕ ਸਿੰਘ, ਜਨਰਲ ਸਕੱਤਰ ਜਸਵੀਰ ਸਿੰਘ ਸ਼ੀਰਾ, ਬਲਵੀਰ ਸਿੰਘ ਮੰਡੌਲੀ, ਖ਼ਜ਼ਾਨਚੀ ਸ਼ਿਵ ਕੁਮਾਰ ਅਤੇ ਹੋਰ ਮੰਡਲ ਪ੍ਰਧਾਨਾਂ ਦੀ ਅਗਵਾਈ ਹੇਠ ਅੱਜ ਮੰਤਰੀ ਨਾਲ ਮੀਟਿੰਗ ਦੌਰਾਨ ਜੰਗਲਾਤ ਵਿਭਾਗ ਪੰਜਾਬ ਵਿੱਚ ਕੰਮ ਕਰਦੇ ਡੇਲੀ ਵੇਜ ਵਰਕਰਾਂ ਦੀਆਂ ਮੁਸ਼ਕਲਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।
ਪੰਜਾਬ ਦੀ ਸੀਨੀਆਰਤਾ ਸੂਚੀ ਫਾਈਨਲ ਕਰਨਾ, ਜੰਗਲਾਤ ਵਿਭਾਗ ਵਿੱਚ ਤਿੰਨ ਸਾਲ ਤੋਂ ਕੰਮ ਕਰਦੇ ਵਰਕਰਾਂ ਨੂੰ ਪੱਕੇ ਕਰਨਾ, ਵੱਖ-ਵੱਖ ਸਕੀਮਾਂ ਦੀਆਂ ਰੁਕੀਆਂ ਤਨਖ਼ਾਹਾਂ ਤੁਰੰਤ ਰਿਲੀਜ਼ ਕਰਨੀਆਂ, ਹਰ ਵਰਕਰ ਦਾ ਈਪੀਐੱਫ ਅਤੇ ਸੀਐੱਸਆਈ ਫੰਡ ਕੱਟਣਾ ਲਾਜ਼ਮੀ ਕਰਨਾ ਆਦਿ ਉਨ੍ਹਾਂ ਦੀਆਂ ਮੁੱਖ ਮੰਗਾਂ ਸਨ। ਇਨ੍ਹਾਂ ਮੰਗਾਂ ’ਤੇ ਮੰਤਰੀ ਨੇ ਸਹਿਮਤੀ ਦਿੰਦਿਆਂ ਜਥੇਬੰਦੀ ਨੂੰ ਵਿਸ਼ਵਾਸ ਦਿਵਾਇਆ ਕਿ ਮਹਿਕਮੇ ਵਿੱਚ ਤਿੰਨ ਸਾਲ ਤੋਂ ਸੇਵਾ ਕਰਨ ਵਾਲੇ ਵਰਕਰਾਂ ਨੂੰ ਪੱਕੇ ਕੀਤਾ ਜਾਵੇਗਾ ਅਤੇ ਤਨਖ਼ਾਹ ਹਰ ਮਹੀਨੇ ਦਿੱਤੀ ਜਾਵੇਗੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly