ਸੰਤਾਪ

ਧੰਨਾ ਧਾਲੀਵਾਲ਼

(ਸਮਾਜ ਵੀਕਲੀ)

ਆਢਾ ਲਾਕੇ ਕੁਦਰਤ ਨੂੰ ਕਿਉਂ ਖੱਟੇਂ ਬਦਨਾਮੀ
ਲਹਿਰ ਸਾਗਰਾਂ ਦੀ ਰੂਪ ਫਿਰੇ ਧਾਰਦੀ ਸੁਨਾਮੀ
ਕਿਤੇ ਆ ਗਿਆ ਭੂਚਾਲ਼ ਕਿਤੇ ਝੁੱਲ ਪਈ ਹਨੇਰੀ
ਪੇਸ਼ ਚਲਦੀ ਓ ਬੰਦਿਆ ਬਈ ਦਿਸਦੀ ਨਾ ਤੇਰੀ
ਇਹਨਾਂ ਸਾਰੀਆਂ ਚੀਜਾਂ ਦਾ ਜਿੰਮੇਵਾਰ ਏਂ ਤੂੰ ਆਪ
ਭੈੜੇ ਕਰਕੇ ਤੂੰ ਕੰਮ ਭੋਗਣਾ ਏਂ ਸੰਤਾਪ
ਏਸ ਧਰਤ ਦਾ ਦਿਨੋਂ ਦਿਨ ਵਧੀ ਜਾਂਦਾ ਤਾਪ

ਵੇਲਾਂ ਕੁੱਖਾਂ ਵਿੱਚੋਂ ਧੀਆਂ ਦੀਆਂ ਪੁੱਟਦਾ ਏ ਮਾਲੀ
ਨਾ ਤੂੰ ਛੱਡੇ ਜਾਨਵਰ ਕਰੇ ਸਾਗਰ ਵੀ ਖਾਲੀ
ਕਿਤੇ ਖੋਲ੍ਹਿਆ ਏ ਠੇਕਾ ਕਿਤੇ ਦੇਹ ਦਾ ਬਜਾਰ
ਲਾਹੁੰਦੀ ਕੀਰਤੀ ਦੀ ਖੱਲ ਤੇਰੀ ਲੋਟੂ ਸਰਕਾਰ
ਏਹ ਤੋਂ ਵੱਧਕੇ ਤੂੰ ਦੱਸ ਹੋਰ ਕਰੇਂਗਾ ਕੀ ਪਾਪ
ਭੈੜੇ ਕਰਕੇ ਤੂੰ ਕੰਮ ਭੋਗਣਾ ਏਂ ਸੰਤਾਪ
ਏਸ ਧਰਤੀ ਦਾ ਦਿਨੋਂ ਦਿਨ ਵਧੀ ਜਾਂਦਾ ਤਾਪ

ਉਂਝ ਕਹਿੰਦਾ ਹੈ ਤਰੱਕੀ ਬਹੁਤ ਕਰ ਗਿਆ ਵਿਗਿਆਨ
ਜੋ ਵੀ ਕੀਤੀਆਂ ਤੂੰ ਖੋਜਾਂ ਖੁਦ ਲਈ ਇਨਸਾਨ
ਇੱਕ ਦੂਜੇ ਨਾਲ਼ ਲੜੇ ਏਹ ਕਾਹਦੀ ਹਾਰ ਜਿੱਤ
ਝੂਠਾ ਮੀਡੀਆ ਵਿਕਾਊ ਗੱਪ ਮਾਰਦਾ ਏ ਨਿੱਤ
ਰਿਹਾ ਅੰਤ ਹੁਣ ਧੰਨਿਆਂ ਓਏ ਨੇੜੇ ਤੇੜੇ ਜਾਪ
ਭੈੜੇ ਕਰਕੇ ਤੂੰ ਕੰਮ ਭੋਗਣਾ ਏਂ ਸੰਤਾਪ
ਏਸ ਧਰਤੀ ਦਾ ਦਿਨੋਂ ਦਿਨ ਵਧੀ ਜਾਂਦਾ ਤਾਪ

ਧੰਨਾ ਧਾਲੀਵਾਲ਼

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੁਨੀਆਂ ਦੇ ਕੁੱਝ,
Next articleਨਿਰਜਲਾ ਇਕਾਦਸ਼ੀ ‘ਤੇ ਲਗਾਈ ਛਬੀਲ