ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ‘ਚ ਅਨੀਮੀਆ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਿਹਤ ਜਾਂਚ ਕਮ ਜਾਗਰੂਕਤਾ ਮੁਹਿੰਮ ਵਿੱਢੀ ਹੋਈ ਹੈ। ਇਸੇ ਕੜੀ ਤਹਿਤ ਸਿਵਲ ਸਰਜਨ ਡਾ.ਪਵਨ ਕੁਮਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ.ਮਨਪ੍ਰੀਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅੱਜ ਸੀ.ਐਚ.ਸੀ ਹਾਰਟਾ ਬਡਲਾ ਵਿਖੇ ਸਿਹਤ ਵਿਭਾਗ ਦੀ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ (ਆਰ.ਬੀ.ਐਸ.ਕੇ) ਦੇ ਡਾਕਟਰਾਂ ਵਲੋਂ ਅਨੀਮੀਆ ਮੁਕਤ ਪੰਜਾਬ ਅਭਿਆਨ ਤਹਿਤ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਰਕਾਰੀ ਪ੍ਰਮਾਇਰੀ,ਮਿਡਲ ਅਤੇ ਸੀਨੀਅਰ ਸਕੈੰਡਰੀ ਸਕੂਲਾਂ ਦੇ ਅਧਿਆਪਕਾਂ ਨੇ ਭਾਗ ਲਿਆ। ਪ੍ਰੋਗਰਾਮ ਦੌਰਾਨ ਜਾਣਕਾਰੀ ਸਾਂਝੀ ਕਰਦੇ ਡਾ.ਸਰਬਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਨੀਮੀਆ ਮੁਕਤ ਪੰਜਾਬ ਮੁਹਿੰਮ ਵਿੱਢੀ ਗਈ ਹੈ ਜਿਸ ਤਹਿਤ ਸਕੂਲਾਂ ਦੇ ਅਧਿਆਪਕਾਂ ਦੇ ਨਾਲ ਨਾਲ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਵਿੱਚ ਅਨੀਮੀਆ ਸੰਬੰਧੀ ਜਾਗਰੂਕਤਾ ਵੀ ਫੈਲਾਈ ਜਾ ਰਹੀ ਹੈ। ਉਨਾਂ ਕਿਹਾ ਕਿ ਅਨੀਮੀਆ ਬੱਚਿਆਂ ਦੀ ਸਿਹਤ ਲਈ ਇੱਕ ਚਿੰਤਾ ਦਾ ਵਿਸ਼ਾ ਹੈ। ਇਹ ਇੱਕ ਵਿਸ਼ਵ ਵਿਆਪੀ ਸਮੱਸਿਆ ਹੈ, ਜਿਸ ਤੋਂ ਬੱਚੇ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਬਿਮਾਰੀ ਨਹੀਂ, ਸਗੋਂ ਕਈ ਬਿਮਾਰੀਆਂ ਦੀ ਜੜ੍ਹ ਹੈ। ਉਨ੍ਹਾਂ ਨੇ ਦੱਸਿਆ ਕਿ ਬੱਚਿਆਂ ਵਿਚ ਹਮੇਸ਼ਾ ਥਕਾਵਟ ਰਹਿਣਾ, ਧੜਕਣ ਦਾ ਤੇਜ਼ ਹੋਣਾ, ਸਿਰ ਦਰਦ, ਸਾਹ ਲੈਣ ‘ਚ ਦਿੱਕਤ ਅਤੇ ਚਮੜੀ ਦਾ ਪੀਲਾਪਣ ਹੋਣਾ ਆਦਿ ਅਨੀਮੀਆ ਹੋਣ ਦੇ ਮੁੱਖ ਲੱਛਣ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਅਨੀਮਿਕ ਬੱਚੇ ਕੁਪੋਸ਼ਣ ਦੇ ਸ਼ਿਕਾਰ ਵੀ ਹੋ ਸਕਦੇ ਹਨ ਤੇ ਉਨ੍ਹਾਂ ਦਾ ਸਾਰਾ ਜੀਵਨ ਪ੍ਰਭਾਵਿਤ ਹੋ ਸਕਦਾ ਹੈ। ਅਨੀਮੀਆ ਸਰੀਰਕ ਊਰਜਾ ਸ਼ਕਤੀ ਨੂੰ ਘੱਟ ਕਰਦਾ ਹੈ, ਕੰਮ ਕਰਨ ਦੀ ਸਮੱਰਥਾ ਘਟਾਉਂਦਾ ਹੈ। ਜੇਕਰ ਗਰਭਵਤੀ ਔਰਤ ਵਿੱਚ ਖੂਨ ਦੀ ਕਮੀ ਹੋਵੇਗੀ ਤਾਂ ਬੱਚਾ ਘੱਟ ਭਾਰ ਵਾਲਾ ਹੋਏਗਾ। ਇਸ ਮੌਕੇ ਡਾ.ਬਲਜਤਿ ਕੌਰ ਨੇ ਦੱਸਿਆ ਕਿ ਕਿਸ਼ੋਰ ਅਵਸਥਾ ਵਿਚ ਮਾਹਵਾਰੀ ਆਉਣ ਕਰਕੇ ਲੜਕੀਆਂ ਵਿਚ ਖ਼ੂਨ ਦੀ ਕਮੀ ਹੋ ਜਾਂਦੀ ਹੈ। ਇਸ ਦੀ ਕਮੀ ਨੂੰ ਪੂਰਾ ਕਰਨ ਲਈ ਹਮੇਸ਼ਾ ਆਇਰਨ ਭਰਪੂਰ ਪੌਸ਼ਟਿਕ ਭੋਜਨ ਕਰਨਾ ਚਾਹੀਦਾ ਹੈ। ਜਿਸ ਦੇ ਮੱਦੇਨਜ਼ਰ ਅਨੀਮੀਆ ਦੀ ਰੋਕਥਾਮ ਲਈ ਭੋਜਨ ਵਿਚ ਅਨਾਰ, ਟਮਾਟਰ, ਸੇਬ, ਚੁਕੰਦਰ, ਕੀਵੀ ਫਲ, ਖਜ਼ੂਰਾਂ, ਗੁੜ, ਗੰਨੇ ਦਾ ਰਸ, ਆਂਵਲਾ, ਮੋਟਾ ਅਨਾਜ, ਚੀਕੂ, ਪਾਲਕ, ਮੱਛੀ, ਅੰਡਾ, ਸ਼ਹਿਦ, ਸਬਜ਼ੀਆਂ ਤੇ ਦਾਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਜਿਨ੍ਹਾਂ ਨਾਲ ਖ਼ੂਨ ਦੀ ਨਿਰਧਾਰਿਤ ਮਾਤਰਾ ਸਰੀਰ ਵਿਚ ਬਣੀ ਰਹਿੰਦੀ ਹੈ। ਕਿਸ਼ੋਰ ਅਵਸਥਾ ਵਿਚ ਖ਼ੂਨ ਦੀ ਕਮੀ ਨੂੰ ਪੂਰਾ ਕਰਨ ਲਈ ਸਿਹਤ ਵਿਭਾਗ ਵਲੋਂ ਸਾਰੇ ਸਰਕਾਰੀ ਸਕੂਲਾਂ ਵਿੱਚ WIFS ਪ੍ਰੋਗਰਾਮ ਚਲਾਇਆ ਜਾ ਰਿਹਾ ਜਿਸ ਤਹਿਤ ਸਿਹਤ ਵਿਭਾਗ ਦੀਆਂ ਆਰ.ਬੀ.ਐਸ.ਕੇ ਦੀਆਂ ਟੀਮਾਂ ਵਲੋਂ ਹਰ ਬੁੱਧਵਾਰ ਨੂੰ ਬੱਚਿਆਂ ਨੂੰ ਆਈ.ਐਫ.ਏ ਦੀ ਗੋਲੀ ਦਿੱਤੀ ਜਾਂਦੀ ਹੈ। ਇਸ ਮੌਕੇ ਕਾਂਤਾ ਰਾਣੀ ਨਰਸਿੰਗ ਅਫਸਰ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj