(ਸਮਾਜ ਵੀਕਲੀ)
ਜੀ ਹਾਂ ਦੋਸਤੋ, ਅੱਜ ਗੱਲ ਕਰਦੇ ਹਾਂ ਪੰਜਾਬੀ ਸੱਭਿਆਚਾਰ ਦੀ.. ਪੰਜਾਬੀ ਸੱਭਿਆਚਾਰ ਨਾਲ ਜੁੜੇ ਖੂਬਸੂਰਤ ਸਾਜ਼ ਢੋਲ ਦੀ… ਪੰਜਾਬ ਵਿੱਚ ਜਨਮ ਲੈਂਦਿਆਂ ਇੱਕ ਛੋਟਾ ਬੱਚਾ ਜਦੋਂ ਹਾਲੇ ਸਾਲ ਕੁ ਉਮਰ ਦਾ ਹੀ ਹੁੰਦਾ ਹੈ ਤਾਂ ਉਹ ਆਪਣੇ ਵਿਰਸੇ ਵਿੱਚ ਮਿਲੇ ਢੋਲ ਦੀ ਥਾਪ ਨੂੰ ਮਹਿਸੂਸ ਕਰਨ ਲੱਗ ਪੈਂਦਾ ਹੈ। ਆਪਾਂ ਅਕਸਰ ਘਰਾਂ ਵਿੱਚ, ਵਿਆਹ ਸ਼ਾਦੀ ਦੇ ਮੌਕੇ ਤੇ ਮਾਂ ਦੀ ਕੁੱਛੜ ਵਿੱਚ ਛੋਟੇ ਬੱਚੇ ਨੂੰ ਢੋਲ ਤੇ ਡੱਗੇ ਦੀ ਥਾਪ ਸੁਣਦੇ ਨੂੰ ਦੇਖਦੇ ਹਾਂ ਤਾਂ ਇਹ ਦੇਖ ਕੇ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਇਹ ਛੋਟਾ ਬੱਚਾ ਢੋਲ ਦੀ ਆਵਾਜ਼ ਸੁਣ ਕੇ ਰਤੀ ਭਰ ਵੀ ਡਰਦਾ ਨਹੀਂ ਹੈ ਸਗੋਂ ਆਪਣੇ ਚਿਹਰੇ ਦੇ ਹਾਵ ਭਾਵ ਤੋਂ ਇਹ ਜਤਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਉਸਨੂੰ ਢੋਲ ਦੀ ਆਵਾਜ਼ ਸੁਣ ਕੇ ਬਹੁਤ ਆਨੰਦ ਆ ਰਿਹਾ ਹੈ..
ਤੇ ਬੱਚੇ ਦੀ ਮਾਂ ਜਾਂ ਰਿਸ਼ਤੇਦਾਰ ਬੱਚੇ ਨੂੰ ਇਸ ਤਰ੍ਹਾਂ ਮਹਿਸੂਸ ਕਰਦਿਆਂ ਦੇਖ ਖੁਸ਼ੀ ਵਿੱਚ ਬੱਚੇ ਨੂੰ ਢੋਲ ਦੀ ਆਵਾਜ਼ ਨਾਲ਼ ਨੱਚਣ ਲਈ ਹੱਥ ਉੱਪਰ ਚੁੱਕ ਨੱਚਣ ਦੀ ਮੁਦਰਾ ਵਿੱਚ ਆ ਕੇ ਬੱਚੇ ਨੂੰ ਵੀ ਅਜਿਹਾ ਕਰਨ ਲਈ ਕਹਿੰਦੇ ਹਨ…ਤੇ ਜਦੋਂ ਬੱਚਾ ਹੋਲ਼ੀ ਹੋਲ਼ੀ ਵੱਡਾ ਹੋਣ ਲੱਗਦਾ ਹੈ ਤਾਂ ਉਸ ਬੱਚੇ ਨੂੰ ਆਪਣੇ ਵੱਡਿਆਂ ਦੇ ਸੰਸਕਾਰ, ਸੰਸਕ੍ਰਿਤੀ ਵਿਰਸੇ ਵਿੱਚ ਮਿਲ ਜਾਂਦੀ ਹੈ ਤੇ ਇਹ ਬੱਚਾ ਬਿਨਾਂ ਸੰਗ ਦੇ ਖੁਸ਼ੀ ਦੇ ਮੌਕਿਆਂ ਤੇ ਆਪ ਮੁਹਾਰੇ ਹੀ ਨੱਚਣ ਲੱਗ ਪੈਂਦਾ ਹੈ…ਨੱਚੇ ਵੀ ਕਿਉਂ ਨਾ?? ਢੋਲ ਸਾਡੇ ਵਿਰਸੇ, ਸਭਿਆਚਾਰ ਦਾ ਉਹ ਅਨਿੱਖੜਵਾਂ ਅੰਗ ਹੈ ਜਿਸ ਦੀ ਬਦੌਲਤ ਸਾਡੀ ਪਹਿਚਾਣ ਦੁਨੀਆਂ ਵਿੱਚ ਖੁਸ਼ ਮਿਜਾਜ਼, ਵਿਲੱਖਣਤ ਸ਼ਖ਼ਸੀਅਤ ਵਜੋਂ ਹੁੰਦੀ ਹੈ ਤੇ ਹਰ ਕੋਈ ਪੰਜਾਬ, ਪੰਜਾਬੀਆਂ ਤੇ ਪੰਜਾਬੀਅਤ ਨੂੰ ਦਿਲੋਂ ਸਤਿਕਾਰ ਦਿੰਦਾ ਹੈ।
ਇੱਕ ਪੰਜਾਬੀ ਆਪਣੇ ਵਿਰਸੇ ਵਿੱਚ ਮਿਲੇ ਢੋਲ ਦੀ ਥਾਪ ਨੂੰ ਸੁਣ ਕੇ ਬਿਨਾਂ ਨੱਚਿਆਂ ਜਾਂ ਮਨ ਹੀ ਮਨ ਵਿੱਚ ਕੁੱਝ ਗੁਣ- ਗੁਨਾਣ ਬਿਨਾਂ ਨਹੀਂ ਰਹਿ ਸਕਦਾ… ਪੰਜਾਬੀ ਢੋਲ ਦੀ ਵਿਸ਼ੇਸ਼ਤਾ ਇਹ ਹੈ ਕਿ ਹੁਣ ਤਾਂ ਦੁਨੀਆਂ ਦੇ ਹਰ ਇੱਕ ਕੋਨੇ ਵਿੱਚ ਵੱਖੋ ਵੱਖਰੀ ਭਿੰਨਤਾ ਹੋਣ ਦੇ ਬਾਵਜੂਦ ਪੰਜਾਬੀ ਢੋਲ ਨੂੰ ਹਰ ਇੱਕ ਨੇ ਅਪਣਾ ਲਿਆ ਹੈ… ਕਿਸੇ ਵੀ ਸੂਬੇ ਵਿੱਚ ਚਲੇ ਜਾਓ, ਚਾਹੇ ਉਹ ਪੰਜਾਬੀ ਨਾ ਹੋਣ ਪਰ ਫੇਰ ਵੀ ਖੁਸ਼ੀ ਦੇ ਮੌਕੇ ਢੋਲ ਬਿਨਾਂ ਖੁਸ਼ੀ ਮਨਾਉਣਾ ਅਧੂਰਾ ਸਮਝਦੇ ਹਨ… ਪੰਜਾਬੀ ਸੱਭਿਆਚਾਰ ਦਾ ਬੇਸ਼ਕੀਮਤੀ ਸਾਜ਼ ਢੋਲ ਅਤੇ ਪੰਜਾਬੀ ਗੀਤਾਂ ਤੇ ਭੰਗੜੇ ਪੈਂਦੇ ਕਿਸੇ ਵੀ ਮੁਲਕ ਵਿੱਚ ਆਮ ਦੇਖੇ ਜਾਂਦੇ ਹਨ।
ਢੋਲ ਵਜਾਉਂਦੇ ਢੋਲੀ ਦੀ ਟੋਹਰ ਵੀ ਵੇਖਣ ਵਾਲੀ ਹੁੰਦੀ ਹੈ, ਕੱਢਵੀਂ ਤਿੱਲੇਦਾਰ ਜੁੱਤੀ, ਚਮਕਦਾ ਚਾਦਰਾ, ਮਾਵੇ ਵਾਲੀ ਤੁਰਲੇ ਦਾਰ ਪਗੜੀ ਵਿੱਚ ਢੋਲੀ ਬਹੁਤ ਫੱਬਦਾ ਹੈ, ਢੋਲੀ ਭੰਗੜਾ ਪਾਉਣ ਵਾਲੇ ਦੇ ਮੁਤਾਬਿਕ ਹੀ ਮਿਰਜ਼ਾ, ਜੁਗਨੀ, ਲਹਿਰੀਆ, ਛੱਜ ਅਤੇ ਹੋਰ ਸਟੈਪਾ ਤੇ ਢੋਲ ਦੀ ਧੁੰਨ ਬਦਲਦਾ ਰਹਿੰਦਾ ਹੈ, ਢੋਲੀ ਜਾਂ ਉਸਦੇ ਸਾਥੀ ਵੱਲੋਂ ਬੋਲੀਆਂ, ਟੱਪੇ ਗਾਏ ਜਾਂਦੇ ਹਨ ਜੋ ਇਸ ਮਾਹੌਲ ਨੂੰ ਚਾਰ ਚੰਦ ਲਗਾ ਦਿੰਦੇ ਹਨ।
ਪੱਚੀ ਕੁ ਸਾਲ ਪਹਿਲਾਂ ਦੀ ਗੱਲ ਚੇਤੇ ਆਉਂਦੀ ਹੈ ਜਦੋਂ ਇੱਕ ਪੰਜਾਬੀ ਨਾਨਕਾ ਪਰਿਵਾਰ ਆਪਣੇ ਦੋਹਤੇ ਦੇ ਵਿਆਹ ਤੇ ਨਾਨਕਾ ਸਾਕ ਲੈ ਕੇ ਹਿਮਾਚਲ ਪ੍ਰਦੇਸ਼ ਵਿੱਚ ਰਹਿੰਦੇ ਆਪਣੇ ਧੀ – ਜਵਾਈ ਦੇ ਘਰ ਗਿਆ ਤਾਂ ਜਦੋਂ ਇਹ ਪਰਿਵਾਰ ਘਰ ਤੋਂ ਅੱਧਾ ਕੁ ਕਿਲੋਮੀਟਰ ਦੀ ਦੂਰੀ ਤੋਂ ਪੈਦਲ ਹੀ ਵਿਆਹ ਵਾਲੇ ਘਰ ਨੂੰ ਤੋਹਫੇ, ਮਿਠਾਈਆਂ ਲੈ ਕੇ ਜਾ ਰਹੇ ਸਨ ਤਾਂ ਇਸ ਪਰਿਵਾਰ ਵੱਲੋਂ ਲੁਧਿਆਣੇ ਤੋਂ ਨਾਲ਼ ਲਿਆਉਂਦੇ ਢੋਲੀ ਨੂੰ ਆਪਣੇ ਮੂਹਰੇ ਮੂਹਰੇ ਢੋਲ ਵਜਾ ਕੇ ਚੱਲਣ ਲਈ ਕਿਹਾ ਤੇ ਜਦੋਂ ਇਸ ਪਰਿਵਾਰ ਦਾ ਪੈਦਲ ਕਾਫ਼ਲਾ ਸ਼ੁਰੂ ਹੋ ਗਿਆ ਤਾਂ ਪਹਾੜੀ ਲੋਕਾਂ ਦਾ ਇਕੱਠ ਦੇਖਣ ਵਾਲਾ ਸੀ.. ਤੇ ਜਦੋਂ ਮੇਰੀ ਤੇ ਮੇਰੇ ਇੱਕ ਪੰਜਾਬੀ ਭਰਾ ਦੇ ਕੰਨੀਂ ਢੋਲ ਦੀ ਆਵਾਜ਼ ਪਈ ਤਾਂ ਸਾਡੇ ਤੋਂ ਰਿਹਾ ਨਾ ਗਿਆ ਤੇ ਇਸ ਪਰਿਵਾਰ ਨਾਲ ਬਿਨਾਂ ਜਾਣ ਪਹਿਚਾਣ ਅਸੀਂ ਇਸ ਪਰਿਵਾਰ ਦੀ ਖੁਸ਼ੀ ਵਿੱਚ ਸ਼ਰੀਕ ਹੋ ਗਏ…
ਬਚਪਨ ਵਿੱਚ ਸਿੱਖੇ ਭੰਗੜੇ ਦੇ ਸਟੈਪ ਹੁਣ ਕੰਮ ਆਏ ਤੇ ਅਸੀਂ ਬਿਨਾਂ ਸੰਗੇ ਢੋਲੀ ਦੇ ਮੂਹਰੇ ਭੰਗੜਾ ਪਾਉਂਦੇ ਹੋਏ ਚੱਲ ਪਏ…ਨਾਨਕਾ ਪਰਿਵਾਰ ਵਿੱਚ ਕੁੱਝ ਔਰਤਾਂ, ਬਜ਼ੁਰਗ ਅਤੇ ਬੱਚੇ ਸਨ, ਪਰਿਵਾਰ ਵੱਲੋਂ ਸਾਨੂੰ ਭੰਗੜਾ ਪਾਉਂਦੇ ਦੇਖ ਸਾਡੇ ਉੱਪਰ ਨੋਟ ਵਾਰਨੇ ਸ਼ੁਰੂ ਕਰ ਦਿੱਤੇ ਗਏ ਅਤੇ ਇਹ ਸਿਲਸਿਲਾ ਉਦੋਂ ਤੱਕ ਚਲਦਾ ਰਿਹਾ ਜਦੋਂ ਤੱਕ ਵਿਆਹ ਵਾਲੇ ਘਰ ਅਸੀਂ ਪਹੁੰਚੇ…ਸਾਰੇ ਰਸਤੇ ਵਿੱਚ ਹਿਮਾਚਲੀ ਪਹਾੜੀ ਲੋਕ ਸਾਡਾ ਭੰਗੜਾ ਤੇ ਢੋਲ ਦੀ ਥਾਪ ਤੇ ਮੰਤਰ ਮੁਗਧ ਹੋ ਗਏ ਸਨ… ਵਿਆਹ ਵਾਲੇ ਪਰਿਵਾਰ ਵੱਲੋਂ ਬੜੀ ਗਰਮਜੋਸ਼ੀ ਨਾਲ ਸਾਡਾ ਸਾਰਿਆਂ ਦਾ ਸਤਿਕਾਰ ਤੇ ਜੀ ਆਇਆਂ ਕਿਹਾ ਗਿਆ, ਸਾਡੇ ਨੱਚਦਿਆਂ ਦੇ ਮੂੰਹ ਵਿੱਚ ਮਿਠਾਈਆਂ ਪਾ ਕੇ ਸਾਡੇ ਆਉਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ… ਪਰਿਵਾਰ ਦੇ ਲੋਕ ਸਾਡੇ ਨਾਲ ਘੁਲ ਮਿਲ ਗਏ ਸਨ ਤੇ ਸਾਨੂੰ ਬੜਾ ਪਿਆਰ, ਸਤਿਕਾਰ,ਅਪਣੱਤ ਦਿੱਤਾ ਗਿਆ ਸੀ…
ਅਰਦਾਸ ਕਰਦੇ ਹਾਂ ਇਸੇ ਤਰ੍ਹਾਂ ਸਾਡਾ ਵਿਰਸੇ, ਸਭਿਆਚਾਰ ਦੀ ਪਹਿਚਾਣ ਦੁਨੀਆਂ ਵਿੱਚ ਬਣੀ ਰਹੇ ਤੇ ਇੱਕ ਪੰਜਾਬੀ ਜਦੋਂ ਵੀ ਕਿਸੇ ਗੈਰ ਮੁਲਕ ਜਾਂ ਭਿੰਨ ਮਾਹੋਲ ਵਿੱਚ ਵਿਚਰੇ ਤਾਂ ਅਦਬ ਸਤਿਕਾਰ ਇਸੇ ਤਰ੍ਹਾਂ ਮਿਲਦਾ ਰਹੇ ਤੇ ਅਸੀਂ ਆਪਣਾ ਵਿਰਸਾ, ਸਭਿਆਚਾਰਕ ਸਾਂਝ ਵਧਾਉਂਦੇ ਰਹੀਏ ਤੇ ਹਮੇਸ਼ਾ ਢੋਲ ਦੀ ਆਵਾਜ਼ ਸੁਣ ਭੰਗੜਾ ਪਾਉਂਦੇ ਰਹੀਏ।
✍️ ਨਿਰਮਲ ਸਿੰਘ ਨਿੰਮਾ ( ਸਮਾਜ ਸੇਵੀ)
ਮੋਬਾ: 9914721831
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly