ਜਲੰਧਰ (ਸਮਾਜ ਵੀਕਲੀ) ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਚਰਨਦਾਸ ਸੰਧੂ ਦੀ ਪ੍ਰਧਾਨਗੀ ਹੇਠ ਇਤਿਹਾਸਿਕ ਸਥਾਨ ਅੰਬੇਡਕਰ ਭਵਨ ਵਿਖੇ ਹੋਈ। ਮੀਟਿੰਗ ਵਿੱਚ ਬਹੁਤ ਸਾਰੇ ਅਹਿਮ ਮੁੱਦਿਆਂ ਤੇ ਚਰਚਾ ਕੀਤੀ ਗਈ। ਸੁਸਾਇਟੀ ਨੇ ਹਰ ਸਾਲ ਦੀ ਤਰ੍ਹਾਂ ਧੱਮ ਚੱਕਰ ਪ੍ਰਵਰਤਨ ਦਿਵਸ 14 ਅਕਤੂਬਰ ਨੂੰ ਅੰਬੇਡਕਰ ਭਵਨ ਜਲੰਧਰ ਵਿਖੇ ਮਨਾਉਣ ਦਾ ਫੈਸਲਾ ਕੀਤਾ। ਯਾਦ ਰਹੇ, 14 ਅਕਤੂਬਰ 1956 ਨੂੰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਨਾਗਪੁਰ ਵਿਖੇ ਕੁਸ਼ੀਨਗਰ ਤੋਂ ਬਰਮੀ ਭਿਕਸ਼ੂ ਮਹਾਸਥਵੀਰ ਚੰਦਰਮਣੀ ਕੋਲੋਂ ਤ੍ਰਿਸ਼ਰਣ ਅਤੇ ਪੰਚਸ਼ੀਲ ਤੋਂ ਬਾਅਦ ਬੁੱਧ ਧੱਮ ਦੀ ਦੀਕਸ਼ਾ ਲਈ ਸੀ । ਬੁੱਧ ਧੱਮ ਦੀਕਸ਼ਾ ਪ੍ਰਾਪਤ ਕਰਨ ਤੋਂ ਬਾਅਦ, ਡਾ. ਅੰਬੇਡਕਰ ਨੇ ਆਪਣੇ ਲੱਖਾਂ ਪੈਰੋਕਾਰਾਂ ਨੂੰ ਬੁੱਧ ਧੱਮ ਦੀਕਸ਼ਾ ਦਿੱਤੀ ਅਤੇ 22 ਪ੍ਰਤਿਗਆਵਾਂ ਵੀ ਦਿੱਤੀਆਂ । 16 ਅਕਤੂਬਰ 1956 ਨੂੰ, ਡਾ. ਅੰਬੇਡਕਰ ਨੇ ਚੰਦਰਪੁਰ ਵਿਖੇ ਇੱਕ ਹੋਰ ਸਮੂਹਿਕ ਧਰਮ ਪਰਿਵਰਤਨ ਸਮਾਰੋਹ ਕੀਤਾ। ਉਨ੍ਹਾਂ ਦਾ ਵਿਚਾਰ ਸੀ ਕਿ ਹਿੰਦੂ ਧਰਮ ਵਿਚ ਅਛੂਤਾਂ ਦਾ ਕੋਈ ਭਵਿੱਖ ਨਹੀਂ ਹੈ ਅਤੇ ਲੋੜ ਪੈਣ ‘ਤੇ ਉਨ੍ਹਾਂ ਨੂੰ ਆਪਣਾ ਧਰਮ ਬਦਲ ਲੈਣਾ ਚਾਹੀਦਾ ਹੈ। 1935 ਵਿੱਚ, ਉਨ੍ਹਾਂਨੇ ਜਨਤਕ ਤੌਰ ‘ਤੇ ਐਲਾਨ ਕੀਤਾ, “ਮੈਂ ਹਿੰਦੂ ਪੈਦਾ ਹੋਇਆ ਸੀ ਕਿਉਂਕਿ ਮੇਰਾ ਇਸ ਉੱਤੇ ਕੋਈ ਕੰਟਰੋਲ ਨਹੀਂ ਸੀ ਪਰ ਮੈਂ ਹਿੰਦੂ ਨਹੀਂ ਮਰਾਂਗਾ।” 14 ਅਕਤੂਬਰ 1956 ਨੂੰ ਬਾਬਾ ਸਾਹਿਬ ਨੇ ਇਹ ਆਪਣਾ ਪ੍ਰਣ ਭਿਕਸ਼ੂ ਮਹਾਸਥਵੀਰ ਚੰਦਰਮਣੀ ਕੋਲੋਂ ਬੁੱਧ ਧੱਮ ਦੀਕਸ਼ਾ ਲੈ ਕੇ ਪੂਰਾ ਕਰ ਲਿਆ ਅਤੇ ਦੀਕਸ਼ਾ ਲੈਣ ਤੋਂ ਬਾਅਦ ਉਹਨਾਂ ਕਿਹਾ ਕਿ ਮੇਰਾ ਨਵਾਂ ਜਨਮ ਹੋਇਆ ਹੈ ਅਤੇ ਮੈਂ ਨਰਕ ਤੋਂ ਛੁਟਾ ਹਾਂ। ਵਰਤਮਾਨ ਹਾਲਾਤਾਂ ਤੇ ਵੀ ਸੁਸਾਇਟੀ ਦੀ ਮੀਟਿੰਗ ਵਿੱਚ ਚਰਚਾ ਹੋਈ। ਮੀਟਿੰਗ ਵਿੱਚ ਸੁਸਾਇਟੀ ਦੇ ਭਾਗੀਦਾਰਾਂ ਨੇ ਕਿਹਾ ਕਿ ਦਿਨੋ ਦਿਨ ਅਨੁਸੂਚਿਤ ਜਾਤੀ / ਅਨੁਸੂਚਿਤ ਜਨਜਾਤੀ ਲੋਕਾਂ ਦੀ ਹਾਲਤ ਬਦ ਤੋਂ ਬਦਤਰ ਹੋ ਰਹੀ ਹੈ। 2014 ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਵਿਚ ਸਰਕਾਰੀ ਸਕੂਲ ਜਿੱਥੇ ਗਰੀਬ ਅਨੁਸੂਚਿਤ ਜਾਤੀ / ਅਨੁਸੂਚਿਤ ਜਨਜਾਤੀ ਬੱਚੇ ਪੜ੍ਹਦੇ ਸਨ, ਬੰਦ ਕਰ ਦਿੱਤੇ ਗਏ ਹਨ। ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਈ ਮਹਿੰਗੀ ਕਰ ਦਿੱਤੀ ਗਈ ਹੈ। ਇਹਨਾਂ ਲੋਕਾਂ ਦੇ ਪੋਸਟ ਮੈਟਰਿਕ ਸਕੋਲਰਸ਼ਿਪ ਦੇਣ ਵਿੱਚ ਕੁਤਾਹੀ ਕੀਤੀ ਜਾਂਦੀ ਹੈ ਜਿਸ ਨਾਲ ਇਸ ਸਮਾਜ ਦੇ ਬੱਚਿਆਂ ਦੀ ਸਿੱਖਿਆ ਰੁਕ ਗਈ ਹੈ। ਮੀਟਿੰਗ ਵਿੱਚ ਸਰਕਾਰ ਕੋਲੋਂ ਮੰਗ ਕੀਤੀ ਗਈ ਕਿ ਦਲਿਤ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਵੱਧ ਤੋਂ ਵੱਧ ਸਰਕਾਰੀ ਸਕੂਲ ਖੋਲੇ ਜਾਣ, ਅਧਿਆਪਕਾਂ ਦੀ ਭਰਤੀ ਕੀਤੀ ਜਾਵੇ, ਵਿਦਿਆਰਥੀਆਂ ਨੂੰ ਪੋਸਟ ਮੈਟਰਿਕ ਸਕਾਲਰਸ਼ਿਪ ਸਮੇਂ ਸਿਰ ਦਿੱਤੇ ਜਾਣ, ਰਿਜਰਵੇਸ਼ਨ ਦਾ ਬੈਕਲੋਗ ਪੂਰਾ ਕੀਤਾ ਜਾਵੇ, ਸਫਾਈ ਕਰਮਚਾਰੀਆਂ ਦਾ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਅਤੇ ਇਹਨਾਂ ਕਰਮਚਾਰੀਆਂ ਦੀਆਂ ਨੌਕਰੀਆਂ ਪੱਕੀਆਂ ਕੀਤੀਆਂ ਜਾਣ ਦੇ ਨਾਲ ਨਾਲ ਇਹਨਾਂ ਦਾ ਢੁੱਕਮੀ ਰਕਮ ਦਾ ਬੀਮਾ ਸਰਕਾਰ ਵੱਲੋਂ ਕੀਤਾ ਜਾਵੇ। ਸੁਸਾਇਟੀ ਦੀ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਸਤਿਕਾਰਤ ਉੱਘੇ ਅੰਬੇਡਕਰਾਈਟ, ਅੰਬੇਡਕਰ ਭਵਨ ਟਰੱਸਟ ਦੇ ਸੀਨੀਅਰ ਟਰੱਸਟੀ ਡਾ. ਰਾਮ ਲਾਲ ਜੱਸੀ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਧਾਰਨ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਡਾ. ਜੱਸੀ ਦਾ ਬੀਤੀ 31 ਜੁਲਾਈ, 2024 ਨੂੰ ਨਿਧਨ ਹੋ ਗਿਆ ਸੀ। ਇਸ ਮੀਟਿੰਗ ਵਿੱਚ ਪ੍ਰੋਫੈਸਰ ਬਲਬੀਰ, ਡਾ. ਜੀਸੀ ਕੌਲ, ਡਾ. ਚਰਨਜੀਤ ਸਿੰਘ, ਸਰਬ ਸ਼੍ਰੀ ਬਲਦੇਵ ਰਾਜ ਭਾਰਦਵਾਜ, ਕਮਲਸ਼ੀਲ ਬਾਲੀ, ਮਹਿੰਦਰ ਸੰਧੂ, ਜਸਵਿੰਦਰ ਵਰਿਆਣਾ, ਪਰਮਿੰਦਰ ਸਿੰਘ ਖੁੱਤਨ, ਤਿਲਕ ਰਾਜ ਅਤੇ ਰਾਜਕੁਮਾਰ ਸ਼ਾਮਿਲ ਸਨ। ਇਹ ਜਾਣਕਾਰੀ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.)ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਰਾਹੀਂ ਦਿੱਤੀ।
ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ
ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly