
ਬੁੱਧ ਧਰਮ ਤਿੰਨ ਸਿਧਾਂਤਾਂ ਦਾ ਸੁਮੇਲ ਹੈ – ਡਾ. ਵਿਰਦੀ
ਧੱਮ ਚੱਕਰ ਪ੍ਰਵਰਤਨ ਦਿਵਸ 14 ਅਕਤੂਬਰ ਨੂੰ ਹੀ ਮਨਾਉਣਾ ਚਾਹੀਦਾ ਹੈ– ਡਾ. ਬਲਬਿੰਦਰ ਕੁਮਾਰ
ਜਲੰਧਰ (ਸਮਾਜ ਵੀਕਲੀ) ਭਾਰਤੀ ਸੰਵਿਧਾਨ ਦੇ ਮੁੱਖ ਸ਼ਿਲਪਕਾਰ, ਮਾਨਵਤਾ ਦੇ ਮਸੀਹਾ ਅਤੇ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਮਨੂਵਾਦੀ ਵਿਵਸਥਾ ਦੀ ਜਾਤੀਵਾਦੀ ਮਾਨਸਿਕਤਾ ਤੋਂ ਦੁਖੀ ਹੋ ਕੇ 14 ਅਕਤੂਬਰ 1956 ਨੂੰ ਨਾਗਪੁਰ ਵਿਖੇ ਬੁੱਧ ਧਰਮ ਦੀ ਦੀਕਸ਼ਾ ਲੈ ਕੇ ਆਪਣੇ ਲੱਖਾਂ ਪੈਰੋਕਾਰਾਂ ਨਾਲ ਧਰਮ ਪਰਿਵਰਤਨ ਕੀਤਾ ਸੀ। ਇਹ ਇਕ ਬਹੁਤ ਵੱਡੀ ਧਾਰਮਿਕ ਕ੍ਰਾਂਤੀ ਸੀ,ਜਿਸ ਨੇ ਸਦੀਆਂ ਬਾਅਦ ਬੁੱਧ ਧਰਮ ਦੇ 
ਮਹਾਨ ਮਾਨਵਤਾਵਾਦੀ ਫ਼ਲਸਫ਼ੇ ਨੂੰ ਭਾਰਤ ਦੀ ਧਰਤੀ ਤੇ ਮੁੜ ਸੁਰਜੀਤ ਕਰ ਦਿੱਤਾ। ਬਾਬਾ ਸਾਹਿਬ ਦੀ ਇਸ ਧੰਮ ਕ੍ਰਾਂਤੀ ਦੀ ਮਸ਼ਾਲ ਨੂੰ ਮਘਦਾ ਰੱਖਣ ਲਈ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜ਼ਿ.) ਨੇ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ 14 ਅਕਤੂਬਰ ਨੂੰ ਅੰਬੇਡਕਰ ਭਵਨ ਟਰਸਟ ਅਤੇ ਆਲ ਇੰਡੀਆ ਸਮਤਾ ਸੈਨਿਕ ਦਲ ਪੰਜਾਬ ਯੂਨਿਟ ਦੇ ਸਹਿਯੋਗ ਨਾਲ ਇਤਿਹਾਸਿਕ ਸਥਾਨ ਅੰਬੇਡਕਰ ਭਵਨ, ਜਲੰਧਰ ਵਿਖੇ ਧੰਮ ਚੱਕਰ ਪ੍ਰਵਰਤਨ ਦਿਵਸ ਬੜੀ ਧੂਮ ਧਾਮ ਅਤੇ ਸ਼ਰਧਾ
ਪੂਰਵਕ ਮਨਾਇਆ। ਅੰਤਰਰਾਸ਼ਟਰੀ ਧਰਮ ਪ੍ਰਚਾਰਕ ਅਤੇ ਫੈਡਰੇਸ਼ਨ ਆਫ਼ ਅੰਬੇਡਕਰਾਈਟ ਐਂਡ ਬੁੱਧਿਸਟ ਔਰਗੇਨਾਈਜੇਸ਼ਨਜ਼ (ਫੈਬੋ) ਯੂ ਕੇ ਦੇ ਅੰਤਰਰਾਸ਼ਟਰੀ ਕੋਆਰਡੀਨੇਟਰ ਡਾ. ਹਰਬੰਸ ਵਿਰਦੀ ਮੁੱਖ ਮਹਿਮਾਨ ਸਨ ਅਤੇ ਡਾ. ਬਲਬਿੰਦਰ ਕੁਮਾਰ ਜੀ ਅਸਿਸਟੈਂਟ ਪ੍ਰੋਫ਼ੈਸਰ, ਪੋਲੀਟੀਕਲ ਸਾਇੰਸ ਵਿਭਾਗ, ਪੰਜਾਬ ਯੂਨੀਵਰਸਿਟੀ ਸਵਾਮੀ ਸਰਵਾਨੰਦ ਗਿਰੀ ਰੀਜਨਲ ਸੈਂਟਰ, ਹੁਸ਼ਿਆਰਪੁਰ ਮੁੱਖ ਬੁਲਾਰੇ ਸਨ, ਜਿਨ੍ਹਾ ਨੇ ਵਿਸ਼ੇ ‘ਤੇ ਵਿਸਥਾਰ ਨਾਲ ਭਾਸ਼ਨ ਦਿੱਤੇ। ਮਾਨਯੋਗ ਭੀਖੂ ਚੰਦਰ ਕੀਰਤੀ ਅਤੇ ਧੰਮਾਚਾਰੀ ਬਲਦੇਵ ਜੱਸਲ ਨੇ ਬੁੱਧ ਧਰਮ ‘ਤੇ ਆਪਣੇ ਵਿਚਾਰ ਪੇਸ਼ ਕੀਤੇ। ਡਾ. ਵਿਰਦੀ ਨੇ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਕਹਿੰਦੇ ਹਨ ਕਿ ਮੈਂ ਬੁੱਧ ਧਰਮ ਨੂੰ ਇਸ ਲਈ ਪਹਿਲ ਦਿੰਦਾ ਹਾਂ ਕਿਉਂਕਿ ਇਹ ਤਿੰਨ ਸਿਧਾਂਤਾਂ ਦਾ ਸੁਮੇਲ ਹੈ, ਜੋ ਕਿਸੇ ਹੋਰ ਧਰਮ ‘ਚ ਨਹੀਂ। ਹੋਰ ਸਾਰੇ ਧਰਮ ਪਰਮਾਤਮਾ, ਆਤਮਾ ਅਤੇ ਮੌਤ ਤੋਂ ਬਾਅਦ ਦੀ ਜ਼ਿੰਦਗੀ ਨਾਲ ਆਪਣੇ ਆਪ ਨੂੰ ਪਰੇਸ਼ਾਨ ਕਰਦੇ ਹਨ । ਬੁੱਧ ਧਰਮ ਪ੍ਰਗਿਆ (ਤਰਕਸ਼ੀਲਤਾ), ਕਰੁਣਾ (ਰਹਿਮ ਦਿਲੀ) ਅਤੇ ਮੈਤਰੀ (ਭਾਈਚਾਰਾ) ਸਿਖਾਉਂਦਾ ਹੈ। ਡਾ. ਬਲਬਿੰਦਰ ਕੁਮਾਰ ਨੇ ਬੁੱਧ ਧਰਮ ਬਾਰੇ ਵਿਸਥਾਰ ਵਿੱਚ ਦੱਸਦਿਆਂ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਨੇ ਨਾਗਪੁਰ ਵਿਖੇ ਬਰਮੀ ਭੀਖੂ ਚੰਦਰਮਨੀ ਕੋਲੋਂ ਆਪਣੇ ਲੱਖਾਂ ਅਨੂਆਈਆਂ ਨਾਲ 14 ਅਕਤੂਬਰ, 1956 ਨੂੰ ਬੁੱਧ ਧਰਮ ਦੀ ਦੀਕਸ਼ਾ ਲਈ ਸੀ। ਇਸ ਲਈ ਸਾਨੂੰ ਵੀ ਹਰ ਸਾਲ 14 ਅਕਤੂਬਰ ਨੂੰ ਹੀ ਧੱਮ ਚੱਕਰ ਪ੍ਰਵਰਤਨ ਦਿਵਸ ਅਤੇ ਬੁੱਧ ਧੱਮ ਦੀਕਸ਼ਾ ਦਿਵਸ 14 ਅਕਤੂਬਰ ਨੂੰ ਹੀ ਮਨਾਉਣਾ ਚਾਹੀਦਾ ਹੈ। ਇਹਨਾਂ ਤੋਂ ਇਲਾਵਾ ਐਡਵੋਕੇਟ ਕੁਲਦੀਪ ਭੱਟੀ, ਸ੍ਰੀ ਸੋਹਨ ਲਾਲ,ਪ੍ਰੋਫ਼ੈਸਰ ਬਲਬੀਰ ਅਤੇ ਡਾ. ਜੀ ਸੀ ਕੌਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ) ਨੇ ਅਖੌਤੀ ਉੱਚ ਜਾਤੀ ਲੋਕਾਂ ਵੱਲੋਂ ਰਾਏਬਰੇਲੀ ਵਿਖੇ 38 ਸਾਲਾ ਹਰੀ ਓਮ ਵਾਲਮੀਕੀ ਨੂੰ ਕੁੱਟ ਕੁੱਟ ਕੇ ਜਾਨੋ ਮਾਰ ਦੇਣ, ਸ਼ਿਮਲਾ ਵਿਖੇ 12 ਸਾਲ ਦੇ ਬੱਚੇ ਨੂੰ ਜਾਨੋ ਮਾਰ ਦੇਣ ਦੀ, ਸੁਪਰੀਮ ਕੋਰਟ ਆਫ਼ ਇੰਡੀਆ ਦੇ ਚੀਫ਼ ਜਸਟਿਸ ਮਾਨਯੋਗ ਬੀ. ਆਰ. ਗੱਵਈ ‘ਤੇ ਜੁੱਤੀ ਸੁੱਟਣ ਅਤੇ ਆਈ ਪੀ ਐੱਸ ਅਫ਼ਸਰ ਵਾਈ ਪੂਰਨ ਕੁਮਾਰ ਨੂੰ ਆਤਮ ਹੱਤਿਆ ਕਰਨ ਵਾਸਤੇ ਮਜਬੂਰ ਕਰਨ ਵਾਲੀਆਂ ਘਟਨਾਵਾਂ ਦੀ ਸਖ਼ਤ ਨਿਖੇਧੀ ਕੀਤੀ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਅਤੇ ਭਵਿੱਖ ਵਿੱਚ ਇਹੋ ਜਿਹੀਆਂ ਘਟਨਾਵਾਂ ਨੂੰ ਰੋਕਿਆ ਜਾਵੇ। ਮੰਚ ਸੰਚਾਲਨ ਸੁਸਾਇਟੀ ਦੇ ਪ੍ਰਧਾਨ ਚਰਨ ਦਾਸ ਸੰਧੂ ਨੇ ਬਾਖੂਬੀ ਨਿਭਾਇਆ। ਇਸ ਮੌਕੇ ਬਲਦੇਵ ਰਾਜ ਭਾਰਦਵਾਜ, ਪਰਮਿੰਦਰ ਸਿੰਘ ਖੁਤਣ, ਡਾ.ਮਹਿੰਦਰ ਸੰਧੂ, ਜਸਵਿੰਦਰ ਵਰਿਆਣਾ , ਤਿਲਕ ਰਾਜ, ਸਾਬਕਾ ਰਾਜਦੂਤ ਰਮੇਸ਼ ਚੰਦਰ, ਡਾ.ਚਰਨਜੀਤ ਸਿੰਘ, ਹਰਮੇਸ਼ ਜੱਸਲ, ਨਿਰਮਲ ਬਿੰਜੀ, ਕਮਲ ਕੁਮਾਰ, ਮਲਕੀਤ ਸਿੰਘ, ਸੂਰਜ ਬਿਰਦੀ, ਰਾਜੇਸ਼ ਬਿਰਦੀ, ਪਿਸ਼ੋਰੀ ਲਾਲ ਸੰਧੂ, ਹਰੀ ਸਿੰਘ ਥਿੰਦ, ਗੁਰਦੇਵ ਖੋਖਰ, ਬੀਬੀ ਮੋਹਿੰਦੋ ਰੱਤੂ, ਬਲਬਿੰਦਰ ਕੌਰ, ਸੁਖਵਿੰਦਰ ਕੌਰ ਅਤੇ ਭਾਰੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਇਹ ਜਾਣਕਾਰੀ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਵਿੱਚ ਦਿੱਤੀ।
ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.)


