ਪਰਿਵਾਰ ਦੇ ਸੱਤ ਜੀਅ ਗੁਆ ਚੁੱਕੀ ਅਮਨਦੀਪ ਨੇ ਮੰਗੀ ਤਰਸ ਦੇ ਆਧਾਰ ’ਤੇ ਨੌਕਰੀ

ਮਲੋਟ (ਸਮਾਜ ਵੀਕਲੀ): ਸਾਲ 1991 ਵਿੱਚ ਫਿਰੋਜ਼ਪੁਰ ਦੇ ਪਿੰਡ ਪੰਡੋਰੀ ਖੱਤਰੀਆਂ ’ਚ ਆਪਣੇ ਪਰਿਵਾਰ ਦੇ ਸੱਤ ਜੀਅ ਗੁਆਉਣ ਵਾਲੀ ਅਮਨਦੀਪ ਕੌਰ ਨੇ ਪੰਜਾਬ ਸਰਕਾਰ ਤੋਂ ਤਰਸ ਦੇ ਆਧਾਰ ’ਤੇ ਨੌਕਰੀ ਦੀ ਮੰਗ ਕੀਤੀ ਹੈ।

ਅਮਨਦੀਪ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੇ ਪਰਿਵਾਰ ਦੇ ਸੱਤ ਮੈਂਬਰਾਂ ਪਿਤਾ ਪਰਮਜੀਤ ਸਿੰਘ, ਮਾਤਾ ਕਰਮਜੀਤ ਕੌਰ, 9 ਸਾਲਾਂ ਦੇ ਭਰਾ ਕੁਲਦੀਪ ਸਿੰਘ, ਤਾਇਆ ਹਰਬੰਸ ਸਿੰਘ, ਤਾਈ ਮਲਕੀਤ ਕੌਰ, ਚਾਚਾ ਪਰਗਟ ਸਿੰਘ ਤੇ ਦਾਦੀ ਅਮਰ  ਕੌਰ ਨੂੰ  ਖਾੜਕੂਆਂ ਨੇ ਗੋਲੀਆਂ ਮਾਰ ਦਿੱਤੀਆਂ ਸਨ। ਉਸ ਨੂੰ ਅਤੇ ਉਸ ਦੀ ਭੈਣ ਸੁਖਦੀਪ ਕੌਰ ਜੋ ਉਸ ਵੇਲੇ 7-8 ਸਾਲਾਂ ਦੀਆਂ ਸਨ, ਨੂੰ ਤਰਸ ਕਰਕੇ ਛੱਡ ਦਿੱਤਾ ਸੀ। ਅਮਨਦੀਪ ਕੌਰ  ਹੁਣ ਮਲੋਟ ਹਲਕੇ ਦੇ ਪਿੰਡ ਚੱਕ ਸ਼ੇਰੇ ਵਾਲਾ ’ਚ ਰਹਿ ਰਹੀ ਹੈ।

ਉਸ ਨੇ ਉਸ ਵੇਲੇ ਦੀਆਂ ਪੰਜਾਬੀ ਟ੍ਰਿਬਿਊਨ ਸਮੇਤ ਹੋਰ ਅਖ਼ਬਾਰਾਂ ਵਿੱਚ ਛਪੀਆਂ ਖ਼ਬਰਾਂ, ਉਕਤ  ਸਾਰਿਆਂ ਦੇ ਮੌਤ ਦੇ ਸਰਟੀਫਿਕੇਟ, ਐਫਆਈਆਰ ਦੀ ਕਾਪੀ  ਅਤੇੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਡਿਪਟੀ ਕਮਿਸ਼ਨਰ ਨੂੰ ਭੇਜਿਆ ਦਰਖਾਸਤਾਂ ਦੀਆਂ ਕਾਪੀਆਂ ਦਿਖਾਉਂਦਿਆਂ ਦੱਸਿਆ ਕਿ ਉਸ ਨੇ ਆਪਣਾ ਸਾਰਾ ਪਰਿਵਾਰ ਅੱਖਾਂ ਅੱਗੇ ਮਰਦਾ ਦੇਖਿਆ ਹੈ, ਪਰ ਸਰਕਾਰ ਨੇ ਉਸ ਨੂੰ ਤਰਸ ਦਾ ਪਾਤਰ ਨਹੀਂ ਸਮਝਿਆ। ਉਸ ਨੇ ਮੁੱਖ ਮੰਤਰੀ ਸਮੇਤ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਨੂੰ ਵੀ ਕਈ ਪੱਤਰ ਲਿਖੇ ਪਰ ਕਿਸੇ ਨੇ ਵੀ ਉਸ ਨੂੰ ਨੌਕਰੀ ਦੇ ਯੋਗ ਨਹੀਂ ਸਮਝਿਆ। ਉਸ ਨੇ ਕਿਹਾ ਕਿ ਜਿਨ੍ਹਾਂ ਦੇ ਪਰਿਵਾਰ ਦਾ ਇਕ ਮੈਂਬਰ ਸ਼ਹੀਦ ਹੋਇਆ ਉਸ ’ਤੇ ਤਾਂ ਮੁੱਖ ਮੰਤਰੀ ਨੂੰ ਤਰਸ ਆਇਆ ਤੇ ਨੌਕਰੀ ਦੇ ਦਿੱਤੀ

ਪਰ ਉਨ੍ਹਾਂ ਦੀ ਫਾਈਲ ’ਤੇ ਵਿਚਾਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸੰਗਤ ਦਰਸ਼ਨਾਂ ਵਿੱਚ ਵੀ ਪੇਸ਼ ਹੋਈ ਕਿਸੇ ਨੇ ਵੀ ਉਸ ਦੀ ਬਾਂਹ ਨਹੀਂ ਫੜੀ। ਅਮਨਦੀਪ ਕੌਰ ਨੇ ਦੱਸਿਆ ਕਿ ਉਸ ਦੀ ਇੱਕਲੌਤੀ ਭੈਣ ਜਲੰਧਰ ਦੇ ਪਿੰਡ ਕੰਦੋਲਾ  ਕਲਾਂ ’ਚ ਵਿਆਹੀ ਹੈ। ਉਨ੍ਹਾਂ ਦੇ ਹਿੱਸੇ ਦੀ ਜ਼ਮੀਨ ਵੀ ਉਨ੍ਹਾਂ ਦਾ ਦਾਦਾ ਮੇਜਰ ਸਿੰਘ ਵੇਚ ਵੱਟ ਕੇ ਬਾਹਰ ਚਲਾ ਗਿਆ, ਹੁਣ ਉਨ੍ਹਾਂ ਕੋਲ ਕੋਈ ਜਾਇਦਾਦ ਨਹੀਂ, ਸਗੋਂ ਸਿਲਾਈ ਦਾ ਕੰਮ ਕਰਕੇ ਆਪਣਾ ਪਰਿਵਾਰ ਪਾਲ ਰਹੀ ਹੈ। ਸਥਾਨਕ    ਆਗੂ ਅਮਨਦੀਪ ਭੱਟੀ ਨੇ ਕਿਹਾ ਕਿ ਜੇਕਰ ਉਨ੍ਹਾਂ ਕੋਲ ਮਸਲਾ ਆਵੇਗਾ ਤਾਂ ਉਹ ਸਰਕਾਰ ਤੱਕ ਅੱਪੜਦਾ ਜ਼ਰੂਰ ਕਰਨਗੇ।

ਇਸ ਬਾਰੇ ਡਿਪਟੀ ਕਮਿਸ਼ਨਰ ਅਰਵਿੰਦ ਕੁਮਾਰ ਨੇ ਕਿਹਾ ਕਿ ਉਹ ਪੜਤਾਲ ਕਰਨਗੇ ਜੇਕਰ ਕੋਈ ਦਰਖ਼ਾਸਤ ਆਈ ਹੋਈ ਤਾਂ ਉਹ ਜ਼ਰੂਰ ਅੱਗੇ ਸਰਕਾਰ ਕੋਲ ਵਿਚਾਰਨ ਲਈ ਭੇਜਣਗੇ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ, ਚੰਡੀਗੜ੍ਹ ਤੇ ਹਰਿਆਣਾ ਵਿਚ ਡੈਲਟਾ ਪਲੱਸ ਵੈਰੀਐਂਟ ਦੇ ਚਾਰ ਕੇਸ
Next articleਲੱਖਾ ਸਿਧਾਣਾ ਦੀ ਗ੍ਰਿਫ਼ਤਾਰੀ ’ਤੇ ਤਿੰਨ ਜੁਲਾਈ ਤੱਕ ਰੋਕ