ਮੋਰਿੰਡਾ, (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਹੈਪੀ): ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਸੁਖਵਿੰਦਰ ਸਿੰਘ ਦੁੱਮਣਾ ਦੀ ਅਗਵਾਈ ਹੇਠ ਮਨਰੇਗਾ ਵਰਕਰਾਂ ਵਲੋਂ ਮੋਰਿੰਡਾ ਵਿਖੇ ਰੋਸ ਮਾਰਚ ਕੀਤਾ ਗਿਆ ਅਤੇ ਤਹਿਸੀਲਦਾਰ ਮੋਰਿੰਡਾ ਸੁਰਿੰਦਰ ਪਾਲ ਸਿੰਘ ਨੂੰ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸੀਨੀਅਰ ਆਗੂ ਗੁਰਦਰਸ਼ਨ ਸਿੰਘ ਢੋਲਣ ਮਾਜਰਾ ਨੇ ਕੇਂਦਰ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਮਗਨਰੇਗਾ ਕਾਨੂੰਨ ਨੂੰ ਬਹਾਲ ਕੀਤਾ ਜਾਵੇ ਤੇ ਵੀਬੀ ਜੀ ਰਾਮ ਜੀ ਨੂੰ ਰੱਦ ਕੀਤਾ ਜਾਵੇ। ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ ਰੱਦ ਕਰਕੇ ਪੁਰਾਣੇ 29 ਕਾਨੂੰਨ ਬਹਾਲ ਕੀਤੇ ਜਾਣ। ਮਗਨਰੇਗਾ ਤਹਿਤ 200 ਦਿਨ ਕੰਮ ਅਤੇ 700 ਰੁਪਏ ਦਿਹਾੜੀ ਦਿੱਤੀ ਜਾਵੇ । ਮਗਨਰੇਗਾ ਕਾਨੂੰਨ ਸ਼ਹਿਰਾਂ ਵਿੱਚ ਵੀ ਲਾਗੂ ਕੀਤਾ ਜਾਵੇ। ਬਿਜਲੀ ਬਿੱਲ ਤੇ ਬੀਜ ਬਿਲ 2025 ਰੱਦ ਕੀਤਾ ਜਾਵੇ। ਮਗਨਰੇਗਾ ਵਿੱਚ ਹਾਜ਼ਰੀ ਪਹਿਲਾਂ ਵਾਂਗ ਹੀ ਲਾਈ ਜਾਵੇ । ਮਗਨਰੇਗਾ ਮਜ਼ਦੂਰਾਂ ਨੂੰ 10 ਲੱਖ ਦੀ ਐਕਸਗਰੇਸੀਆ ਦਿੱਤੀ ਜਾਵੇ । 50 ਲੱਖ ਰੁਪਏ ਦਾ ਬੀਮਾ ਕੀਤਾ ਜਾਵੇ।ਮਗਨਰੇਗਾ ਮਜ਼ਦੂਰਾਂ ਦੇ ਰਹਿੰਦੇ ਬਕਾਏ ਤੁਰੰਤ ਜਾਰੀ ਕੀਤੇ ਜਾਣ। ਮਗਨਰੇਗਾ ਵਿੱਚ ਮਸ਼ੀਨਰੀ ਤੇ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ। ਲੋੜਵੰਦਾਂ ਨੂੰ ਪੰਜ ਮਰਲੇ ਦੇ ਪਲਾਟ ਅਤੇ 10 ਲੱਖ ਰੁਪਏ ਮਕਾਨ ਬਣਾਉਣ ਲਈ ਗਰਾਂਟ ਦਿੱਤੀ ਜਾਵੇ। ਮਗਨਰੇਗਾ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ। ਨਰੇਗਾ ਵਰਕਰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੋਰਿੰਡਾ ਨੇੜੇ ਇਕਠੇ ਹੋਏ। ਵਿਖੇ ਇਕੱਠੇ ਹੋ ਕੇ ਵਿਸ਼ਵਕਰਮਾ ਚੌਕ ਮੋਰਿੰਡਾ ਤੱਕ ਰੋਸ ਮਾਰਚ ਕੀਤਾ ਅਤੇ ਰੋਸ ਧਰਨਾ ਦਿੱਤਾ। ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਲਗਾਤਾਰ ਕਿਰਤੀਆਂ ਅਤੇ ਕਿਸਾਨਾਂ ਦੇ ਹੱਕਾਂ ਤੇ ਕੁਹਾੜਾ ਚਲਾ ਰਹੀ ਹੈ ਅਤੇ ਪੂੰਜੀਪਤੀ,ਜਗੀਰਦਾਰਾਂ ਅਤੇ ਕਾਰਪੋਰੇਟ ਘਰਾਣਿਆਂ ਦੇ ਮੁਨਾਫੇ ਵਧਾਉਣ ਲਈ ਕਿਰਤੀ ਵਿਰੋਧੀ ਨੀਤੀਆਂ ਘੜ ਰਹੀ ਹੈ ਜਿਸ ਨੂੰ ਕਿ ਦੇਸ਼ ਦੀ ਮਿਹਨਤਕਸ਼ ਜਨਤਾ ਏਕੇ ਅਤੇ ਸੰਘਰਸ਼ ਨਾਲ ਹੀ ਠੱਲ੍ਹ ਸਕਦੀ ਹੈ, ਜਿਸ ਦੀ ਤਾਜ਼ਾ ਮਿਸਾਲ ਸੰਯੁਕਤ ਕਿਸਾਨ ਮੋਰਚਾ ਵੱਲੋਂ ਕਿਸਾਨ ਮਜ਼ਦੂਰ ਏਕਤਾ ਕਾਇਮ ਕਰਕੇ ਕੀਤੇ ਸੰਘਰਸ਼ ਨਾਲ ਤਿੰਨ ਮਜ਼ਦੂਰ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਕਰਵਾਉਣਾ ਹੈ। ਆਗੂਆਂ ਨੇ ਸਾਰੇ ਕਿਰਤੀ ਕਿਸਾਨ ਹਿਤੈਸ਼ੀਆਂ ਨੂੰ ਇਕੱਠੇ ਹੋ ਕੇ ਇਹਨਾਂ ਲੋਕ ਵਿਰੋਧੀ ਨੀਤੀਆਂ ਨੂੰ ਬਦਲਣ ਦੀ ਅਪੀਲ ਕੀਤੀ। ਆਗੂਆਂ ਨੇ ਦੇਸ਼ ਦੀਆਂ ਕੇਂਦਰੀ ਟਰੇਡ ਯੂਨੀਅਨ ਵੱਲੋਂ ਕੀਤੀ ਜਾ ਰਹੀ 12 ਫਰਵਰੀ ਦੀ ਸੰਪੂਰਨ ਹੜਤਾਲ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਵੀ ਕੀਤੀ। ਬੁਲਾਰਿਆਂ ਵਿੱਚ ਕਾਮਰੇਡ ਸੁਖਵਿੰਦਰ ਸਿੰਘ ਦੁੱਮਣਾ, ਸਾਥੀ ਗੁਰਦਰਸ਼ਨ ਸਿੰਘ ਢੋਲਣ ਮਾਜਰਾ ਪ੍ਰਧਾਨ ਕਾਂਸ਼ੀਰਾਮ ਮਿਸ਼ਨ ਸੁਸਾਇਟੀ ਜਿਲ੍ਹਾ ਰੂਪਨਗਰ, ਕਾਮਰੇਡ ਬਜਿੰਦਰ ਪੰਡਿਤ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਆਗੂ, ਕਾਮਰੇਡ ਦਲੀਪ ਸਿੰਘ ਘਨੌਲਾ ਸੀਨੀਅਰ ਕਿਸਾਨ ਆਗੂ, ਸੀ ਆਈ ਟੀ ਯੂ ਦੇ ਸੁਬਾਈ ਆਗੂ ਕਾਮਰੇਡ ਗੁਰਦੇਵ ਸਿੰਘ ਬਾਗੀ, ਹਰਨਾਮ ਸਿੰਘ ਡੱਲਾ, ਸੁਰਿੰਦਰ ਸਿੰਘ, ਧਰਮ ਸਿੰਘ ਕਾਈਨੌਰ, ਬਲਵਿੰਦਰ ਸਿੰਘ ਮੁੰਡੀਆਂ, ਪਰਮਜੀਤ ਕੌਰ, ਉਰਮਲਾ ਦੇਵੀ, ਰਾਮ ਸਿੰਘ ਢੰਗਰਾਲੀ, ਆਦਿ ਤੋਂ ਇਲਾਵਾ ਕਾਮਰੇਡ ਤਰਲੋਚਨ ਸਿੰਘ ਹੁਸੈਨਪੁਰ,ਕਾਮਰੇਡ ਭਗਤ ਸਿੰਘ ਬਿੱਕੋਂ,ਕਾਮਰੇਡ ਸਪਿੰਦਰ ਸਿੰਘ ਘਨੌਲੀ ਅਤੇ ਵੱਡੀ ਗਿਣਤੀ ਵਿੱਚ ਮਗਨਰੇਗਾ ਵਰਕਰ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



