‘Ak47ਆਂ ਤੋਂ ਪੰਜਾਲੀਆਂ ਤੱਕ ਪੰਜਾਬ’ ‘ਅਸਲੇ ਤੋਂ ਅਸਲ ਤੱਕ ਪੰਜਾਬ’

ਹਰਕਮਲ ਧਾਲੀਵਾਲ

(ਸਮਾਜ ਵੀਕਲੀ)

“ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰੀ ਰਾਜ ਭਾਰਤ ਵਿੱਚ ਲੋਕਤੰਤਰਿਕ ਰੂਪ ਵਿੱਚ ਹੋ ਰਹੇ ਤਾਨਾਸ਼ਾਹੀ ਸਰਕਾਰਾਂ ਵਿਰੁੱਧ ਕਿਸਾਨੀ ਸੰਘਰਸ਼ ਨੇ ਆਪਣੇ ਅਤੇ ਆਪਣੇ ਪਿਛੋਕੜ,ਇਤਿਹਾਸ ਦਾ ਪ੍ਰਤੱਖ ਰੂਪ ਵਿੱਚ ਪ੍ਰਮਾਣ ਦਿੱਤਾ ਹੈ।ਕਿ ਲੋਕ ਚਾਹੁੰਣ ਤਾਂ ਲਾਲ ਕਿਲ੍ਹੇ ਦੀਆਂ ਕੰਧਾਂ ਵੀ ਕੰਬ ਸਕਦੀਆਂ ਹਨ।ਇਸ ਹਕੂਕੀ ਸੰਘਰਸ਼ ਵਿੱਚ ਸਮੁੱਚੇ ਭਾਰਤ ਦੇ ਲੋਕ ਸ਼ਾਮਿਲ ਹਨ।

ਜਿਸ ਵਿੱਚ ਭਾਰਤ ਦੇ ਕਿਸਾਨਾਂ ਦੀਆਂ ਜੱਥੇਬੰਦੀਆਂ, ਸਾਬਕਾ ਸੈਨਿਕ ਜੱਥੇਬੰਦੀਆਂ, ਮਜਦੂਰ ਜੱਥੇਬੰਦੀਆਂ, NDA ਦੀ ਕੇਂਦਰੀ ਸਰਕਾਰ ਦੁਆਰਾ ਲਿਆਂਦੇ ਗਏ ਤਿੰਨ ਖੇਤੀਬਾੜੀ ਸਬੰਧੀ ਮੱਧ ਵਰਗ ਮਾਰੂ ਬਿਲਾਂ,ਕਿਸਾਨ-ਮਜਦੂਰ ਮਾਰੂ ਬਿਲਾਂ ਦਾ ਡੱਟ ਕੇ ਵਿਰੋਧ ਕਰ ਰਹੀਆਂ ਹਨ।ਹਰ ਵਿਰੋਧੀ ਲਹਿਰ ਚਾਹੇ ਉਹ ਗਦਰੀ ਬਾਬਿਆਂ ਦਾ ਵਿਰੋਧ ਹੋਵੇ,ਅੰਗਰੇਜਾਂ ਦਾ ਵਿਰੋਧ, ਜਾਬਰ ਮੁਗ਼ਲ ਰਾਜਿਆਂ ਦਾ ਵਿਰੋਧ ਹੋਵੇ, ਉਸਦੀ ਸ਼ੁਰੂਆਤ ਪੰਜਾਬ ਰਾਜ ਜਾਂ ਪੰਜਾਬ ਦੇ ਲੋਕਾਂ ਤੋਂ ਹੀ ਹੋਈ।

ਪੰਜਾਬ ਰਾਜ ਤੋਂ ਹੀ ਇਸ ਵਿਰੋਧ ਦੀ ਸ਼ੁਰੁਆਤ ਹੋਈ,ਤੇ ਪੰਜਾਬ ਰਾਜ ਤੋਂ ਤੁਰਿਆ ਇਹ ਵਿਰੋਧ ਅੱਜ ਸਮੁੱਚੇ ਭਾਰਤ ਵਿੱਚ ਲੋਕ ਲਹਿਰ ਬਣਕੇ ਉਭਰਿਆ ਹੈ,ਜਿਸ ਵਿੱਚ ਸਮੁੱਚੇ ਭਾਰਤ ਦੇ ਲੋਕ ਸ਼ਾਮਿਲ ਹਨ।ਇਸ ਸ਼ਾਂਤਮਈ ਵਿਰੋਧ ਨੂੰ ਬਾਹਰਲੇ ਮੁਲਕਾਂ ਵਿੱਚ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਸਰਕਾਰ, ਸਰਕਾਰੀ ਤੰਤਰ ਤੇ ਸਰਕਾਰੀ ਮੀਡੀਆ ਦਾ ਇਹ ਪੂਰਾ ਜੋਰ ਲੱਗਿਆ ਹੋਇਆ ਸੀ ਕਿ ਇਹ ਵਿਰੋਧ ਪ੍ਰਦਰਸ਼ਨ ਕਿਸੇ ਨਾ ਕਿਸੇ ਤਰੀਕੇ ਨਾਲ ਅਸਫ਼ਲ ਰਹਿਣ।

ਸਰਕਾਰ ਦੁਆਰਾ ਇਸ ਅੰਦੋਲਨ ਨੂੰ ਫੇਲ ਕਰਨ ਲਈ ਹਰ ਤਰ੍ਹਾਂ ਦਾ ਹੀਲਾ ਵਸੀਲਾ ਵਰਤਿਆ ਗਿਆ। ਉਹ ਇਹ ਨਹੀਂ ਜਾਣਦੇ ਸੀ ਕਿ ‘ਆਵਾਜ਼-ਏ-ਖ਼ਲਕਤ, ਨਗਾੜਾ-ਏ-ਖ਼ੁਦਾ’ ਕਿ ਕਿਰਤੀ ਕਾਮਿਆਂ ਦੀ ਕੁੱਲੀ ‘ਚੋਂ ਉੱਠੀ ਆਵਾਜ ਰੱਬ ਦੀ ਲਾਠੀ ਦੇ ਬਰਾਬਰ ਹੁੰਦੀ ਏ।ਕਿਸਾਨ ‘ਹਰ ਮੈਦਾਨ ਫ਼ਤਹਿ’ ਕਰਦੇ ਆਪਣੀ ਮੰਜਿਲ ਵੱਲ੍ਹ ਲਗਾਤਾਰ ਅੱਗੇ ਵੱਧ ਰਹੇ ਹਨ।

ਪੰਜਾਬ ਦੀ ਬਹਾਦਰੀ ਦੀ ਮਿਸਾਲ ਅਕਸਰ ਅਸੀਂ ਇਤਿਹਾਸ ਵਿੱਚ ਪੜ੍ਹਦੇ ਰਹੇ,ਤੇ ਇਸੇ ਬਹਾਦਰੀ ਦਾ ਪ੍ਰਮਾਣ ਅੱਜ ਅਸੀਂ ਅੱਖੀਂ ਵੇਖ ਰਹੇਂ ਹਾਂ, ਜਿਸ ਸਦਕੇ ਬਾਕੀ ਰਾਜ ਵੀ ਇਸ ਹਕੂਕ ਦੀ ਲੜਾਈ ਵਿੱਚ ਕੇਂਦਰੀ ਤਾਨਾਸ਼ਾਹੀ ਸਰਕਾਰ ਵਿਰੁੱਧ ਜੰਗੇ ਮੈਦਾਨ ਵਿੱਚ ਆ ਕੁੱਦੇ ਹਨ।ਦਰਅਸਲ ਪੰਜਾਬ ਦੇ ਇਸ ਰੰਗ ਦੀ ਉਮੀਦ ਕਿਸੇ ਸਰਕਾਰ ਨੇ ਨਹੀਂ ਕੀਤੀ ਹੋਣੀ।

ਪੰਜਾਬ ਮੁੱਢ ਤੋਂ ਹੀ ਸੂਰਮੇਂ ਯੋਧਿਆਂ ਦੀ ਧਰਤੀ ਰਹੀ ਹੈ,ਪਰ!ਪਿਛਲੇ ਕੁੱਝ ਸਮੇਂ ਦੌਰਾਨ ਸਰਕਾਰ ਨੂੰ ਇਹ ਲੱਗਦਾ ਸੀ ਕਿ ਪੰਜਾਬ ਆਪਣਾ ਵਜੂਦ ਗਵਾ ਚੁੱਕਾ ਹੈ,ਪੰਜਾਬ ਹੁਣ ਯੋਧਿਆਂ ਦਾ,ਗਦਰੀ ਬਾਬਿਆਂ ਦਾ ਪੰਜਾਬ ਨਹੀਂ ਰਿਹਾ।ਇਸਦੀ ਨਸਲ ਅਤੇ ਫ਼ਸਲ ਹੁਣ ਦੋਵੇਂ ਹੀ ਖਰਾਬ ਹੋ ਚੁੱਕੀਆਂ ਹਨ।ਇਸਦੀਆਂ ਫ਼ਸਲਾਂ ਜਿੱਥੇ ਪੈਸਟੀਸਾਇਡਜ਼,ਸਪਰੇਹਾਂ ਨਾਲ ਪੈਦਾ ਹੁੰਦੀਆਂ ਹਨ,ਤੇ ਉੱਥੇ ਹੀ ਇਸਦੀਆਂ ਨਸਲਾਂ ਨੂੰ ਗੋਲੀਆਂ,ਚਿੱਟੇ,ਆਫ਼ੀਮ ਨੇ ਖ਼ਤਮ ਕਰ ਦਿੱਤਾ ਹੈ।

ਸਰਕਾਰ ਨੂੰ ਜਾਪਦਾ ਸੀ ਕਿ ਹਰ ਪੰਜਾਬੀ ਦੀ ਨਸ ਟੀਕਿਆਂ ਸਰਿੰਜਾਂ ਨਾਲ ਵਿੰਨੀ ਪਈ ਏ।ਉਹ ਸਾਡੀ ਇਸ ਨਸਲ ਨੂੰ ਵਿਗੜੀ ਹੋਈ ਕੌਮ ਸਮਝਦੇ ਸੀ,ਜੋ ਨਸ਼ਿਆਂ ਅਤੇ ਹਥਿਆਰਾਂ ਦੀ ਸ਼ੌਕੀਨ ਹੈ।ਜੋ ਹਥਿਆਰ ਰੱਖਣ ਨੂੰ ਮਾਣ ਸਮਝਦੀ ਹੈ,ਅਤੇ ਮਰਨ ਮਰਾਉਣ ਲਈ ਤਿਆਰ ਰਹਿੰਦੀ ਹੈ।ਜਿਸਨੂੰ ਸਿਰਫ ਮਾਰ ਧਾੜ ਵਾਲੇ ਗੀਤ ਪਸੰਦ ਨੇਂ, ਅਤੇ ਫੋਕੇ ਜੱਟਪੁਣੇ, ਟੌਹਰ ਦੀ ਆਦਤ ਹੈ।ਸਾਡਾ ਗੰਧਲਾ ਹੋ ਚੁੱਕਿਆ ਗੀਤ ਸੰਗੀਤ ਵੀ ਸਾਡੇ ਵਿਗੜੇ ਹੋਣ ਦਾ ਸਬੂਤ ਦਿੰਦਾ ਹੈ,ਤੇ ਇਸ ਗੱਲ ਦੀ ਹਾਮੀ ਭਰਦਾ ਹੈ ਕਿ ਪੰਜਾਬ ਹੁਣ ਸਿਰਫ਼ ਫੋਕੀਆਂ ਟੌਹਰਾਂ,ਤੇ ਗੱਲਾਂ ਵਿੱਚ ਹੀ ਸੂਰਮਾਂ ਰਹਿ ਗਿਆ ਹੈ,ਜੋ ਗਾਣਿਆਂ ‘ਚ ਲਾਦੇਨ ਮਾਰ ਸਕਦਾ ਹੈ,ਪਰ! ਪੱਲੇ ਇਸਦੇ ਹੁਣ ਕੱਖ ਨਹੀਂ।ਇਸਦੇ ਨੌਜਵਾਨ ਕੁੜੀਆਂ ਪਿੱਛੇ ਲੜਨਾ ਜਾਣਦੇ ਨੇ, ਨਸ਼ੇ ਕਰਨਾ ਜਾਣਦੇ ਨੇਂ।

ਆਮ ਕਿਰਤੀ ਕਿਸਾਨ ਵੀ ’47ਆਂ, ਦੁਨਾਲੀਆਂ ਰੱਖਣ ਦਾ ਸ਼ੌਂਕੀ ਦਿਖਾਇਆ ਗਿਆ ਹੈ। ‘ਕੋਈ ਬੰਦਾ ਬੁੰਦਾ ਮਾਰਨਾ ਤਾਂ ਦੱਸ?,ਜਿੱਥੇ ਹੁੰਦੀ ਐ ਪਬੰਦੀ ਹਥਿਆਰ ਦੀ,ਉੱਥੇ ਜੱਟ ਫ਼ੈਰ ਕਰਦਾ,ਜਿੱਥੇ ਬੰਦਾ ਮਾਰਕੇ ਕਸੂਰ ਪੁੱਛਦੇ, ਜੱਟ ਉਸ ਪਿੰਡ ਤੋਂ ਹੈ ਬਲੌਂਗ ਕਰਦਾ…ਇਹੋ ਜਹੇ ਗੀਤ ਸਾਡੀ ਪਛਾਣ ਬਣਾ ਦਿੱਤੇ ਗਏ।ਅਤੇ ਰੂਸੀ ਵਿਦਵਾਨ ‘ਲੈਨਿਨ’ ਦੀ ਧਾਰਨਾ ਅਨੁਸਾਰ ਇਨ੍ਹਾਂ ਗੀਤਾਂ ਤੋਂ ਸਾਡੇ ਭਵਿੱਖ ਦਾ ਅੰਦਾਜਾ ਲਗਾਇਆ ਜਾਣ ਲੱਗਿਆ,ਕਿ ਇਹ ਕੌਮ ਜਲਦ ਹੀ ਆਪਸ ਵਿੱਚ ਲੜਕੇ ਖਤਮ ਹੋ ਜਾਵੇਗੀ।

ਪਰ! ਸਾਡੇ ਭਵਿੱਖ ਦਾ ਅੰਦਾਜਾ ਲਗਾਉਣ ਵਾਲੇ,ਸਾਡੇ ਅਤੀਤ ਨੂੰ ਬਿਲਕੁਲ ਭੁੱਲ ਗਏ ਸਨ।ਉਹ ਇਹ ਨਹੀਂ ਜਾਣਦੇ ਸੀ ਕਿ ਸਾਡਾ ਇਤਿਹਾਸ ਬਹੁਤ ਉਥਲ-ਪੁਥਲ ਵਾਲਾ ਇਤਿਹਾਸ ਹੈ,ਪੰਜਾਬ ਜਿੰਨੀ ਛੇਤੀ ਉਜੜਿਆ ਹੈ,ਉਨੀਂ  ਛੇਤੀ ਹੀ ਮੁੜ ਵਸਿਆ ਹੈ।ਉਹ ਸਾਡੇ ਪਸੰਦੀਦਾ ਗੀਤਾਂ ਤੋਂ ਜਾਣੂ ਹੋਕੇ ਸਾਡੇ ਭਵਿੱਖ ਬਾਰੇ ਲਿਖ ਰਹੇ ਸਨ,ਪਰ!ਉਨ੍ਹਾਂ ਨੇ ਸਾਡੇ ਪੁਰਖਿਆਂ ਤੇ ਪੰਜਾਬ ਦੇ ਇਤਿਹਾਸ ਨੂੰ ਬਿਲਕੁਲ ਵੀ ਨਹੀਂ ਸੀ ਪੜ੍ਹਿਆ।

‘ਭਟਕ ਗਏ ਨੇ ਭਾਵੇਂ ਗੱਭਰੂ,ਫਿਰ ਇੱਕ ਦਿਨ ਮੁੜ ਆਉਣਗੇ, ਮੁੱਖ ਹੋਣੇ ‘ਅਨੰਦਪੁਰ’ ਵੱਲ੍ਹ ਨੂੰ,ਚੜ੍ਹਦੀਕਲਾ ਦੇ ਗੀਤ ਗਾਉਣਗੇ’…ਉਹ ਇਹ ਨਹੀਂ ਜਾਣਦੇ ਸੀ ਕਿ ਅਸੀਂ ‘ਹਰਮਨਜੀਤ’ ਦੇ ਲਿਖੇ ਇਹ ਬੋਲ ਵੀ ਸੁਣੇ ਹਨ,ਉਹ ਇਹ ਨਹੀਂ ਜਾਣਦੇ ਸੀ ਕਿ ‘ਸਾਡੀ ਸਿਦਕਾਂ ਨੇ ਉਨਾਂ ਹੀ ਪਰਪੱਕ ਹੋਣਾ ਏ,ਜਿੰਨੀ ਤੁਸੀਂ ਅੱਤ ਚੁੱਕਣੀ ਹੈ’…ਉਹ ਇਹ ਨਹੀਂ ਜਾਣਦੇ ਸੀ ਕਿ ਅਸੀਂ ਦਸ਼ਮ ਪਿਤਾ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਵਾਰਿਸ ਹਾਂ, ਜਿਸਨੇ ਆਪਣੇ ਪੂਰੇ ਪਰਿਵਾਰ ਨੂੰ ਧਰਮ ਲਈ ਵਾਰਕੇ ,ਕੰਢਿਆ ਦੀ ਸੇਜ ਉੱਪਰ ਲੇਟਕੇ ਵੀ ‘ਤੇਰਾ ਕੀਆ ਮੀਠਾ ਲਾਗੈ’ ਜਪਿਆ ਏ।

ਉਨ੍ਹਾਂ ਨੂੰ ਸਾਡੇ ‘ਪੰਜਾਲੀਆਂ ਤੋਂ ’47ਆਂ’ ਤੱਕ ਦੇ ਸਫ਼ਰ ਬਾਰੇ ਪਤਾ ਸੀ,ਪਰ! ਉਹ ਨਹੀਂ ਜਾਣਦੇ ਕਿ ‘ਕਿਸਾਨ ਜਦੋਂ ’47 ਛੱਡਕੇ ਪੰਜਾਲੀ ਚੱਕਦਾ ਏ’ ਤਾਂ ਵੱਡੀਆਂ-ਵੱਡੀਆਂ ਤਾਨਾਸ਼ਾਹੀ ਸਰਕਾਰਾਂ ਦੀਆਂ ਜੜਾਂ ਹਿੱਲ ਜਾਂਦੀਆਂ ਹਨ,ਵੱਡੀਆਂ ਵੱਡੀਆਂ ਰੁਕਾਵਟਾਂ ਵੀ ਮਿੱਟੀ ‘ਚ ਮਿਲ ਜਾਂਦੀਆਂ ਹਨ।ਹਕੂਮਤੀ ਧਿਰਾਂ ਨੂੰ ਦੂਰ ਤੋਂ ਹੀ ਹੁਣ ਨੀਲੀਆਂ-ਕੇਸਰੀ ਦਸਤਾਰਾਂ ਨਜ਼ਰ ਆਉਣ ਲੱਗ ਪਈਆਂ,ਇਨ੍ਹਾਂ ਦਸਤਾਰਾਂ ਵਿੱਚ ਸਜੇ ਇਕੱਲੇ ਇਕੱਲੇ ਸਿੰਘ ਵਿੱਚੋਂ ਭਾਈ ਬਚਿੱਤਰ ਸਿੰਘ, ਬਾਬਾ ਬੰਦਾ ਸਿੰਘ,ਬਘੇਲ ਸਿੰਘ,ਗਰਜਾ ਸਿੰਘ,ਤੇ ਗੁਰੂ ਦਾ ਖਾਲਸਾ ਨਜ਼ਰ ਆਉਣ ਲੱਗਿਆ,ਜਿਸਦੀ ਰਹਿਨੁਮਾਈ ਅਕਾਲ ਪੁਰਖ ਦਸ਼ਮ ਪਿਤਾ ਕਰ ਰਹੇ ਹਨ,ਜਿਸ ਨਾਲ ਇਹ ਕਿਰਤੀ ਕਾਮੇ ‘ਹਰ ਮੈਦਾਨ ਫ਼ਤਹਿ’ ਕਰਕੇ ਹੀ ਵਾਪਸ ਮੁੜਣਗੇ।

ਇਤਿਹਾਸ ਜਦੋਂ ਵੀ ਕਰਵਟ ਲੈਂਦਾ ਹਾਂ,ਤਾਂ ਵੱਡੀਆਂ ਵੱਡੀਆਂ ਸਲਤਨਤਾਂ ਕੰਬ ਉੱਠਦੀਆਂ ਹਨ।ਦਿੱਲ੍ਹੀ ਅੱਜ ਦਿੱਲ੍ਹੀ ਨਹੀਂ ਜਾਪ ਰਹੀ,ਗੁਰਾਂ ਦੀ ਨਗਰੀ ਅਨੰਦਪੁਰ ਵਾਂਗ ਸੱਜ ਹੈ।ਜਿੱਥੇ ਚਾਰੇ ਪਾਸੇ ਅਕਾਲ ਪੁਰਖ ਦੀ ਫ਼ੌਜ ਹੈ,ਜੋ ਬਾਬੇ ਨਾਨਕ ਦੇ ਦਰਸਾਏ ‘ਹੱਕ ਸੱਚ’ ਦੇ ਮਾਰਗ ਉੱਪਰ ਚੱਲ ਰਹੀ ਹੈ।ਜਿਥੇ ਅੰਮ੍ਰਿਤ ਵੇਲ੍ਹੇ ‘ਅਨੰਦ ਸਾਹਿਬ,ਜਪੁਜੀ ਸਾਹਿਬ’ ਦਾ ਪ੍ਰਕਾਸ਼ ਹੁੰਦਾ,ਤੇ ਦੁਪਹਿਰੇ ਢਾਡੀ ਜੱਥੇ ਬਾਬੇ ਬੰਦੇ ਸਿੰਘ,ਬਘੇਲ ਸਿੰਘ,ਹਾਰੀਂ ਸਿੰਘ ਵਰਗੇ ਯੋਧਿਆਂ ਦੀਆਂ ਵਾਰਾਂ ਗਾਉਂਦੇ ਤੇ ਸ਼ਾਮੀ ‘ਰਹਿਰਾਸ ਸਾਹਿਬ’ ਦੇ ਕੀਰਤਨ ਹੁੰਦੇ,ਤੇ ਕਿਧਰੇ ਬਾਬੇ ਨਾਨਕ ਦਾ ਵੀਹਾਂ ਰੁਪਈਆਂ ਦਾ ਲੰਗਰ ਚੱਲਦਾ ਤੇ ਕਿੱਧਰੇ ਅੱਲ੍ਹਾ ਦੀ ਰਹਿਨੁਮਾਈ ‘ਚ ਬਣੀ ਨਿਆਜ਼ ਸਿੰਘ ‘ਖਾਲਸੇ ਦਾ ਜੈਕਾਰਾ’ ਲਾਕੇ ਬੜੇ ਸਿਦਕ ਨਾਲ ਸ਼ਕਦੇ। ਸਮਾਂ ਬਦਲਿਆ ਏ,ਸਰਹਿੰਦ ਅੱਜ ਵੀ ਉਹੀ ਹੈ,ਤੇ ਖਾਲਸੇ ਦੀ ਫ਼ੌਜ ਵੀ ਉਹੀ,ਜਿਸ ‘ਚ ਹਰ ਧਰਮ,ਹਰ ਖਿੱਤੇ ਦੇ ਕਿਰਤੀ ਕਾਮੇ ਲੋਕ ਸ਼ਮਿਲ ਹਨ।ਇਹ ਫ਼ੌਜ ਆਪਣਾ ਪੱਕਾ ਮੋਰਚਾ ਲਗਾਈ ਬੈਠੀ ਹੈ।

‘ਸਾਡੇ ਖੇਤਾਂ ‘ਚ ਬੇਗਾਨਾਂ ਪੈਰ ਪੈ ਗਿਆ ਦਿੱਲੀਏ’, ‘ਤੈਨੂੰ ਦਿੱਲ੍ਹੀਏ ਇਕੱਠ ਪਰੇਸ਼ਾਨ ਕਰੂਗਾ,ਪਰ ਫ਼ਸਲਾਂ ਦੇ ਫੈਸਲੇ ਕਿਸਾਨ ਕਰੂਗਾ’, ‘ਅਸੀਂ ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ’, ‘ਕਿਸੇ ਦੇ ਮੁਕਾਇਆਂ ਨਹੀਓਂ ਮੁੱਕਣਾ ਪੰਜਾਬ ਨੇ’, ‘ਪੰਜਾਬ ਉਜਾੜਨ ਵਾਲੇ ਖ਼ੁਦ ਹੀ ਉੱਜੜ ਗਏ,ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵੱਸਦਾ ਏ’ ਵਰਗੇ ਗੀਤ ਟਰੈਕਟਰਾਂ ਉੱਤੇ ਚੱਲ ਰਹੇ ਨੇ,ਜੋ ਸਾਡੀ ਚੜ੍ਹਦੀਕਲਾ ਦਾ ਸਬੂਤ ਦੇ ਰਹੀਆਂ ਨੇ।

ਮੋਰਾਂਵਾਲੀ ਕਵਿਸ਼ਰੀ ਜੱਥੇ ਦੀਆਂ ਵਾਰਾਂ ਇਸ ਅੰਦੋਲਨ ਵਿੱਚ ਨਵੀਂ ਜਾਨ ਪਾ ਰਹੀਆਂ ਨੇ।ਇਹ ਲੜਾਈ ਬੇਸ਼ੱਕ ਘੋੜਿਆਂ ਤੋਂ ਟਰੈਕਟਰਾਂ ਤੱਕ ਆ ਪਹੁੰਚੀ ਏ,ਪਰ! ਆਪਣੇ ਹੱਕਾਂ ਲਈ ਲੜ ਰਿਹਾ ਪੰਜਾਬ ਉਸੇ ਚੜ੍ਹਦੀਕਲਾ ਦਾ ਸਬੂਤ ਦੇ ਰਿਹਾ ਹੈ,ਜੋ ਚੱਪੜਚਿੜੀ ,ਖਿਦਰਾਣੇ ਅਤੇ ਖ਼ੈਬਰ ਦੇ ਜੰਗ ਦੇ ਮੈਦਾਨਾਂ ਵਿੱਚ ਸੀ।ਸਾਡੀ ਨਸਲ ਭਟਕ ਗਈ ਸੀ,ਪਰ! ਖਤਮ ਨਹੀਂ ਹੋਈ ਸੀ।

ਪ੍ਰਸਿੱਧ ਰੂਸੀ ਵਿਦਵਾਨ  ਕ੍ਰਾਂਤੀਕਾਰੀ ਚਿੰਤਕ ‘ਵਲਾਦਮੀਰ ਲੈਨਿਨ’ ਨੇ ਕਿਹਾ ਸੀ ਕਿ ‘ਤੁਸੀਂ ਆਪਣੀ ਨੌਜਵਾਨ ਪੀੜੀ ਦੇ ਪਸੰਦੀਦਾ ਗੀਤ ਮੈਂਨੂੰ ਦੱਸੋ,ਮੈਂ ਤੁਹਾਡੇ ਭਵਿੱਖ ਬਾਰੇ ਦੱਸ ਸਕਦਾ ਹਾਂ’…ਸਾਡੇ ਇਨ੍ਹਾਂ ਮੋਰਚਿਆਂ ਬਾਅਦ ‘ਲੈਨਿਨ’ ਸਾਬ੍ਹ ਕੀ ਕਹਿਣਗੇ,ਕਿ ਸਾਡੀ ਨਸਲ,ਸਾਡੀ ਕੌਮ ਦਾ ਭਵਿੱਖ ਕਿਹੋ ਜਿਹਾ ਹੈ..?

ਅਸੀਂ ‘ਹੱਥ ਸਿਰਫ ਜੋੜਨ ਲਈ ਨਹੀਂ ਹੁੰਦੇ,ਤੇ ਨਾ ਹੀ ਹਥਿਆਰ ਚੱਕਣ ਨੂੰ ਹੁੰਦੇ ਹਾਂ, ਹੱਥ ਤਾਂ ਕਦੇ ਕਦੇ ਹਕੂਮਤੀ ਧਿਰਾਂ ਦੀਆਂ ਗਰਦਨਾਂ ਮਰੋੜਨ ਲਈ ਵੀ ਹੁੰਦੇ ਨੇ’ ਪਾਸ਼ ਦੇ ਇਨ੍ਹਾਂ ਵਿਚਾਰਾਂ ਨੂੰ ਵੀ ਪੜ੍ਹਿਆ ਹੈ,ਤੇ ਭਗਤ ਸਰਾਭੇ ਨੂੰ ਵੀ। ਅਸੀਂ ਤਾਂ ਸਿਰਫ ਆਪਣਾ ਇਤਿਹਾਸ ਦੁਹਰਾਇਆ ਏ,ਅਸੀਂ ਹਲੇ ਉਹ ਕਿਤਾਬ ਦੇ ਦੋ ਪੰਨੇ ਖੋਲ੍ਹੇ ਨੇ ,ਜੋ ਭਗਤ ਸਿੰਘ ਨੇ ਫ਼ਾਂਸੀ ਚੜ੍ਹਨ ਤੋਂ ਪਹਿਲਾਂ ਮੋੜੇ ਸੀ,ਅਸੀਂ ਤਾਂ ਹਲੇ ਸਿਰਫ਼ ’47ਆਂ ਤੋਂ ਪੰਜਾਲੀਆਂ’ ਤੱਕ ਦਾ ਹੀ ਸਫ਼ਰ ਤੈਅ ਕੀਤਾ ਏ ਤੇ ਆਪਣੇ ਇਤਿਹਾਸ ਨੂੰ ਯਾਦ ਰੱਖਦਿਆਂ ਆਪਣੀਆਂ ਆਉਣ ਵਾਲੀਆਂ ਨਸਲਾਂ ਅਤੇ ਆਪਣੇ ਬਜ਼ੁਰਗਾਂ ਨਾਲ ਇਹ ਵਾਅਦਾ ਕੀਤਾ ਏ ਕਿ ‘ਡਰੋਂ ਨਾਂ ਧਰਤੀ ਦੀ ਰਾਖੀ, ਖੇਤਾਂ ਦੇ ਪੁੱਤ ਕਰਨਗੇ।”

ਹਰਕਮਲ ਧਾਲੀਵਾਲ
ਸੰਪਰਕ:- 8437403720

Previous articleਝੰਡਾ ਦਿਵਸ ਮੌਕੇ ਦੇਸ਼ ਦੀ ਏਕਤਾ ਤੇ ਅਖੰਡਤਾ ਬਰਕਰਾਰ ਰੱਖਣ ਦਾ ਪ੍ਰਣ
Next articleਇਹ ਕੋਈ ਆਮ ਸਮਾਂ ਨਹੀਂ, ਸਗੋਂ ਇਸ ਵਕਤ ਲੋੜ ਹੈ ਕਿਸਾਨਾਂ ਦੀ ਇਕਜੁਟਤਾ ਦਾ ਹਿੱਸਾ ਬਣਨ ਦੀ।