ਏਅਰ ਇੰਡੀਆ ਮੁੜ ਟਾਟਾ ਗਰੁੱਪ ਦਾ ਹੋਇਆ

 

  • ਗਰੁੱਪ ਸਰਕਾਰ ਨੂੰ 2700 ਕਰੋੜ ਰੁਪਏ ਨਗ਼ਦ ਦੇਣ ਤੋਂ ਇਲਾਵਾ ਏਅਰਲਾਈਨ ਸਿਰ ਚੜ੍ਹੇ 15300 ਕਰੋੜ ਰੁਪਏ ਦੀ ਵੀ ਕਰੇਗਾ ਅਦਾਇਗੀ

ਨਵੀਂ ਦਿੱਲੀ (ਸਮਾਜ ਵੀਕਲੀ):  ਸਰਕਾਰ ਨੇ ਅੱਜ ਟਾਟਾ ਗਰੁੱਪ ਨੂੰ ਦੇਸ਼ ਦੀ ਕੌਮੀ ਏਅਰਲਾਈਨ ਏਅਰ ਇੰਡੀਆ ਦੀ ਅਧਿਕਾਰਤ ਤੌਰ ’ਤੇ ਕਮਾਨ ਸੌਂਪ ਦਿੱਤੀ ਹੈ। ਏਅਰ ਇੰਡੀਆ 67 ਸਾਲਾਂ ਬਾਅਦ ਮੁੜ ਟਾਟਾ ਗਰੁੱਪ ਦੀ ਝੋਲੀ ਪਈ ਹੈ। ਗਰੁੱਪ ਨੇ ਅਕਤੂਬਰ 1932 ਵਿੱਚ ਏਅਰ ਇੰਡੀਆ ਦੀ ਟਾਟਾ ਏਅਰਲਾਈਨਜ਼ ਵਜੋਂ ਸ਼ੁਰੂਆਤ ਕੀਤੀ ਸੀ। ਸਾਲ 1953 ਵਿੱਚ ਸਰਕਾਰ ਨੇ ਏਅਰਲਾਈਨ ਦਾ ਕੌਮੀਕਰਨ ਕਰ ਦਿੱਤਾ ਸੀ। ਟਾਟਾ ਸੰਨਜ਼ ਦੇ ਚੇਅਰਮੈਨ ਐੱਨ.ਚੰਦਰਸ਼ੇਖਰਨ ਨੇ ਕਿਹਾ ਕਿ ਏਅਰ ਇੰਡੀਆ ਮੁੜ ਉਨ੍ਹਾਂ ਦੀ ਝੋਲੀ ਪੈਣ ਨਾਲ ਗਰੁੱਪ ਬਹੁਤ ਖ਼ੁਸ਼ ਹੈ। ਨਿਵੇਸ਼ ਤੇ ਸਰਕਾਰੀ ਅਸਾਸੇ ਪ੍ਰਬੰਧਨ ਵਿਭਾਗ ਦੇ ਸਕੱਤਰ ਤੂਹਿਨ ਕਾਂਤਾ ਪਾਂਡੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਏਅਰ ਇੰਡੀਆ ਦੀ ਕਮਾਨ ਟੈਲੇਸ ਪ੍ਰਾਈਵੇਟ ਲਿਮਿਟਡ (ਟਾਟਾ ਗਰੁੱਪ ਦੀ ਹੋਲਡਿੰਗ ਕੰਪਨੀ ’ਚ ਸਬਸਿਡਰੀ) ਨੂੰ ਸੌਂਪ ਦਿੱਤੀ ਹੈ। ਪਾਂਡੇ ਨੇ ਕਿਹਾ ਕਿ ਏਅਰਲਾਈਨ ਦੇ ਨਵੇਂ ਮਾਲਕ ਟੈਲੇਸ ਹਨ। ਚੇਤੇ ਰਹੇ ਕਿ ਕੇਂਦਰ ਸਰਕਾਰ ਨੇ ਪਿਛਲੇ ਸਾਲ 8 ਅਕਤੂਬਰ ਨੂੰ ਨਿਲਾਮੀ ਦੇ ਫਸਵੇਂ ਮੁਕਾਬਲੇ ਵਿੱਚ ਏਅਰ ਇੰਡੀਆ 18000 ਕਰੋੜ ਰੁਪਏ ਵਿੱਚ ਟੈਲੇਸ ਪ੍ਰਾਈਵੇਟ ਲਿਮਿਟਡ ਨੂੰ ਵੇਚ ਦਿੱਤੀ ਸੀ।

ਇਸ ਦੌਰਾਨ ਸਰਕਾਰ ਨੇ ਕੌਮੀ ਏਅਰਲਾਈਨ ਏਅਰ ਇੰਡੀਆ ਅਧਿਕਾਰਤ ਰੂਪ ਵਿੱਚ ਟਾਟਾ ਗਰੁੱਪ ਨੂੰ ਸੌਂਪਣ ਤੋਂ ਪਹਿਲਾਂ ਅੱਜ ਏਅਰ ਇੰਡੀਆ ਤੇ ਵਿਸ਼ੇਸ਼ ਪਰਪਜ਼ ਵਹੀਕਲ ਏਆਈਏਐੱਚਐੱਲ ਦਰਮਿਆਨ ਨਾਨ-ਕੋਰ ਅਸਾਸਿਆਂ ਦੇ ਤਬਾਦਲੇ ਨੂੰ ਲੈ ਕੇ ਹੋਏ ਕਰਾਰ ਨੂੰ ਨੋਟੀਫਾਈ ਕਰ ਦਿੱਤਾ ਹੈ। ਕੇਂਦਰ ਸਰਕਾਰ ਨੇ ਪਿਛਲੇ ਸਾਲ ਅਕਤੂਬਰ ਵਿੱਚ ਕੌਮੀ ਏਅਰਲਾਈਨ ਏਅਰ ਇੰਡੀਆ 18,000 ਕਰੋੜ ਵਿੱਚ ਟਾਟਾ ਗਰੁੱਪ ਨੂੰ ਵੇਚਣ ਨਾਲ ਸਬੰਧਤ ਖਰੀਦ ਕਰਾਰ ਸਹੀਬੰਦ ਕੀਤਾ ਸੀ। ਟਾਟਾ ਗਰੁੱਪ ਨੂੰ ਏਅਰਲਾਈਨ ਦਾ ਮੁਕੰਮਲ ਕਬਜ਼ਾ ਦੇਣ ਮਗਰੋਂ ਕਰਾਰ ਤਹਿਤ ਨਗਦੀ ਦੇ ਲੈਣ ਦੇਣ ਦਾ ਅਮਲ ਸ਼ੁਰੂ ਹੋਵੇਗਾ। ਦੋਵਾਂ ਧਿਰਾਂ ਵਿੱਚ ਹੋਏ ਕਰਾਰ ਮੁਤਾਬਕ ਟਾਟਾ ਗਰੁੱਪ ਸਰਕਾਰ ਨੂੰ 2700 ਕਰੋੜ ਰੁਪਏ ਨਗ਼ਦ ਅਦਾ ਕਰਨ ਤੋਂ ਇਲਾਵਾ ਏਅਰਲਾਈਨ ਸਿਰੇ ਚੜ੍ਹੇ 15,300 ਕਰੋੜ ਰੁਪਏ ਦੀ ਅਦਾਇਗੀ ਵੀ ਕਰੇਗਾ। ਕਰਾਰ ਵਿੱਚ ਏਅਰ ਇੰਡੀਆ ਐਕਸਪ੍ਰੈੱਸ ਤੇ ਗਰਾਊਂਡ ਹੈਂਡਲਿੰਗ ਆਰਮ ਏਆਈਐੱਸਏਟੀਐੱਸ ਦੀ ਵਿਕਰੀ ਵੀ ਸ਼ਾਮਲ ਹੈ। ਚੇਤੇ ਰਹੇ ਕਿ ਕਰਾਰ ਤਹਿਤ ਲੈਣ-ਦੇਣ ਦਸੰਬਰ 2021 ਤੱਕ ਪੂਰਾ ਕੀਤਾ ਜਾਣਾ ਸੀ, ਪਰ ਮਗਰੋਂ ਆਖਰੀ ਤਰੀਕ ਜਨਵਰੀ 2022 ਤੱਕ ਵਧਾ ਦਿੱਤੀ ਗਈ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਲਈ ਮੁੱਖ ਮੰਤਰੀ ਚਿਹਰੇ ਦਾ ਫ਼ੈਸਲਾ ਛੇਤੀ: ਰਾਹੁਲ
Next articleਏਅਰ ਇੰਡੀਆ ਦਾ ਸੁਨਹਿਰੀ ਸਮਾਂ ਨੇੜੇ: ਚੰਦਰਸ਼ੇਖਰਨ