
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਅੱਜ ਜ਼ਿਲ੍ਹਾ ਏਡਜ਼ ਰੋਕਥਾਮ ਅਤੇ ਕੰਟਰੋਲ ਯੂਨਿਟ (DAPCU) ਵੱਲੋਂ ਵਿਸ਼ਵ ਐਚ.ਆਈ.ਵੀ/ ਏਡਜ਼ ਦਿਵਸ 2025 ਦੇ ਉਪਲੱਖ ਵਿੱਚ ਡਾ: ਕੋਟਨੀਸ ਐਕਿਊਪੰਕਚਰ ਹਸਪਤਾਲ ਸਲੇਮ ਟਾਬਰੀ ਦੇ ਸਹਿਯੋਗ ਨਾਲ ਐਚ.ਆਈ.ਵੀ/ ਏਡਜ਼ ਅਤੇ ਨਸ਼ਿਆਂ ਦੇ ਵਿਰੁੱਧ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਰੈਲੀ ਵਿੱਚ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਏਡਜ਼ ਪ੍ਰੀਵੇਂਸ਼ਨ ਯੂਨਿਟ ਦੇ ਇੰਚਾਰਜ ਡਾ: ਅਮਿਤ ਚਾਵਲਾ, ਡਾ: ਕੋਟਨੀਸ ਐਕਿਊਪੰਕਚਰ ਹਸਪਤਾਲ ਦੇ ਡਾਇਰੈਕਟਰ ਡਾ: ਇੰਦਰਜੀਤ ਸਿੰਘ, ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਤੋਂ ਮਨੀਸ਼ ਸਿੰਘ (CPO) ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਲੁਧਿਆਣਾ ਦੇ ਪ੍ਰਧਾਨ ਸ੍ਰ: ਜਸਵੰਤ ਸਿੰਘ ਛਾਪਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਰੈਲੀ ਵਿੱਚ 8 ਗੈਰ-ਸਰਕਾਰੀ ਸੰਗਠਨਾਂ ਨੇ ਭਾਗ ਲਿਆ। ਰੈਲੀ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਮਦਨ ਲਾਲ ਬੱਗਾ ਨੇ ਕਿਹਾ ਕਿ ਐਚ.ਆਈ.ਵੀ/ਏਡਜ਼ ਅਤੇ ਨਸ਼ਿਆਂ ਦੇ ਵਿਰੁੱਧ ਲੜਾਈ ਵਿੱਚ ਸਰਕਾਰ ਹਮੇਸ਼ਾਂ ਲੋਕਾਂ ਅਤੇ ਇਸ ਮੁਹਿੰਮ ਨਾਲ ਜੁੜੀਆਂ ਸੰਸਥਾਵਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਖ਼ਾਸ ਕਰਕੇ ਲੁਧਿਆਣਾ ਵਿੱਚ ਲੋਕਾਂ ਨੂੰ ਇਨ੍ਹਾਂ ਬਿਮਾਰੀਆਂ ਅਤੇ ਨਸ਼ਿਆਂ ਤੋਂ ਬਚਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਕਾਫ਼ੀ ਸਫਲਤਾਵਾਂ ਵੀ ਪ੍ਰਾਪਤ ਹੋਈਆਂ ਹਨ। ਇਸ ਮੌਕੇ ਡਾ: ਇੰਦਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਪਿਛਲੇ 50 ਸਾਲਾਂ ਤੋਂ ਨਸ਼ਿਆਂ ਅਤੇ ਐਚ.ਆਈ.ਵੀ. ਤੋਂ ਲੋਕਾਂ ਨੂੰ ਬਚਾਉਣ ਲਈ ਕੰਮ ਕਰ ਰਹੀ ਹੈ। ਰੈਲੀ ਵਿੱਚ ਲਗਭਗ 130 ਤੋਂ ਵੱਧ ਲੋਕਾਂ ਨੇ ਭਾਗ ਲਿਆ ਅਤੇ ਸਲੇਮ ਟਾਬਰੀ, ਪੀਰੂ ਬੰਦਾਂ ਅਤੇ ਜਲੰਧਰ ਬਾਈਪਾਸ ਰਾਹੀਂ ਗੁਜ਼ਰਦੇ ਹੋਏ ਲੋਕਾਂ ਨੂੰ ਐਚ.ਆਈ.ਵੀ/ਏਡਜ਼ ਅਤੇ ਨਸ਼ਿਆਂ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਟੀ ਪ੍ਰੋਜੈਕਟ ਲੁਧਿਆਣਾ ਤੋਂ ਉਪਿੰਦਰ ਸਿੰਘ, ਸਤਵਿੰਦਰ ਕੌਰ, ਹਰਮਨਪ੍ਰੀਤ ਸਿੰਘ, ਰੀਨਾ ਕਲਿਆਣ, ਮਨੀਸ਼ਾ, ਗਗਨ ਭਾਟੀਆ, ਸੀਮਾ ਸ਼ਰਮਾ, ਲੱਕੀ ਜੀਤੂ, ਡਾ: ਰਘੁਵੀਰ ਸਿੰਘ ਅਤੇ ਡਾ: ਬਲਜਿੰਦਰ ਢਿੱਲੋਂ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।