ਬਹਿਸ ਤੋਂ ਬਿਨਾਂ ਹੀ ਖੇਤੀ ਕਾਨੂੰਨ ਵਾਪਸੀ ਬਿੱਲ ਸੰਸਦ ’ਚ ਪਾਸ

ਨਵੀਂ ਦਿੱਲੀ (ਸਮਾਜ ਵੀਕਲੀ): ਸੰਸਦ ਨੇ ਤਿੰਨੋਂ ਖੇਤੀ ਕਾਨੂੰਨਾਂ ਦੀ ਵਾਪਸੀ ਬਾਰੇ ਬਿੱਲ ਅੱਜ ਬਿਨਾਂ ਬਹਿਸ ਤੋਂ ਹੀ ਪਾਸ ਕਰ ਦਿੱਤਾ। ਸੰਸਦ ਦੇ ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਵਿਰੋਧੀ ਧਿਰਾਂ ਦੇ ਮੈਂਬਰ ਬਿੱਲ ’ਤੇ ਬਹਿਸ ਦੀ ਮੰਗ ਕਰ ਰਹੇ ਸਨ ਪਰ ਸਰਕਾਰ ਨੇ ਪ੍ਰਦਰਸ਼ਨਾਂ ਦਰਮਿਆਨ ਲੋਕ ਸਭਾ ਅਤੇ ਰਾਜ ਸਭਾ ’ਚ ਬਿੱਲ ਨੂੰ ਪ੍ਰਵਾਨ ਕਰਵਾ ਲਿਆ। ਫਾਰਮ ਲਾਅਜ਼ ਰਿਪੀਲ ਬਿੱਲ, 2021 ’ਤੇ ਹੁਣ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਮੋਹਰ ਲਗਣੀ ਬਾਕੀ ਹੈ। ਦੋਵੇਂ ਸਦਨਾਂ ’ਚ ਬਿੱਲ ਪੇਸ਼ ਕਰਦਿਆਂ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ ਵਾਅਦਾ ਪੁਗਾਇਆ ਹੈ ਅਤੇ ਸਰਕਾਰ ਨੇ ਸੰਸਦ ਦੇ ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਹੀ ਇਹ ਬਿੱਲ ਲਿਆ ਕੇ ਪਾਸ ਕਰ ਦਿੱਤਾ ਹੈ। ਉਨ੍ਹਾਂ ਬਿਨਾਂ ਬਹਿਸ ਦੇ ਬਿੱਲ ਪਾਸ ਕਰਨ ਲਈ ਮੈਂਬਰਾਂ ਦੀ ਹਮਾਇਤ ਮੰਗਦਿਆਂ ਕਿਹਾ ਕਿ ਸਰਕਾਰ ਅਤੇ ਵਿਰੋਧੀ ਧਿਰ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਦੇ ਪੱਖ ’ਚ ਹਨ। ਦੋਵੇਂ ਸਦਨਾਂ ’ਚ ਬਿੱਲ ਪੇਸ਼ ਕਰਨ ਦੇ ਕੁਝ ਮਿੰਟਾਂ ਅੰਦਰ ਹੀ ਇਸ ਨੂੰ ਜ਼ੁਬਾਨੀ ਵੋਟ ਰਾਹੀਂ ਪਾਸ ਕਰ ਦਿੱਤਾ ਗਿਆ ਪਰ ਵਿਰੋਧੀ ਮੈਂਬਰਾਂ ਨੇ ਕਿਸਾਨਾਂ ਦੇ ਮੁੱਦਿਆਂ ’ਤੇ ਬਹਿਸ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਜਾਰੀ ਰੱਖੇ।

ਵਿਰੋਧੀ ਧਿਰ ਦੇ ਮੈਂਬਰ ਮੰਗ ਕਰ ਰਹੇ ਸਨ ਕਿ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਅਤੇ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਬਿੱਲ ’ਚ ਕਿਹਾ ਗਿਆ ਹੈ ਕਿ ਭਾਵੇਂ ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੀਆਂ ਕੁਝ ਹੀ ਜਥੇਬੰਦੀਆਂ ਅੰਦੋਲਨ ਕਰ ਰਹੀਆਂ ਹਨ ਪਰ ਸਰਕਾਰ ਨੇ ਕਿਸਾਨਾਂ ਨੂੰ ਕਈ ਮੀਟਿੰਗਾਂ ਅਤੇ ਹੋਰ ਮੰਚਾਂ ਰਾਹੀਂ ਖੇਤੀ ਕਾਨੂੰਨਾਂ ਦੀ ਅਹਿਮੀਅਤ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ। ਬਿੱਲ ਮੁਤਾਬਕ ਮੌਜੂਦਾ ਪ੍ਰਬੰਧ ਨੂੰ ਖ਼ਤਮ ਕੀਤੇ ਬਿਨਾਂ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਕਿਤੇ ਵੀ ਵੇਚਣ ਦੇ ਨਵੇਂ ਮੌਕੇ ਪ੍ਰਦਾਨ ਕੀਤੇ ਗਏ ਸਨ। ਉਂਜ ਸੁਪਰੀਮ ਕੋਰਟ ਨੇ ਇਨ੍ਹਾਂ ਕਾਨੂੰਨਾਂ ’ਤੇ ਰੋਕ ਲਗਾ ਦਿੱਤੀ ਸੀ।

ਬਿੱਲ ’ਚ ਕਿਹਾ ਗਿਆ ਹੈ,‘‘ਕੋਵਿਡ ਦੇ ਸਮੇਂ ਦੌਰਾਨ ਕਿਸਾਨਾਂ ਨੇ ਪੈਦਾਵਾਰ ਵਧਾਉਣ ਅਤੇ ਦੇਸ਼ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਖ਼ਤ ਮਿਹਨਤ ਕੀਤੀ। ਅਸੀਂ ਜਦੋਂ ਆਜ਼ਾਦੀ ਦੇ 75ਵੇਂ ਵਰ੍ਹੇ ਦਾ ਜਸ਼ਨ ‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਮਨਾ ਰਹੇ ਹਾਂ ਤਾਂ ਲੋੜ ਹੈ ਕਿ ਸਾਰਿਆਂ ਨੂੰ ਪ੍ਰਗਤੀ ਅਤੇ ਵਿਕਾਸ ਦੇ ਰਾਹ ’ਤੇ ਨਾਲ ਲੈ ਕੇ ਚਲੀਏ।’’ ਲੋਕ ਸਭਾ ’ਚ ਵਿਰੋਧੀ ਧਿਰ ਦੇ ਮੈਂਬਰ ਬਿੱਲ ’ਤੇ ਬਹਿਸ ਦੀ ਮੰਗ ਕਰਦਿਆਂ ਸਦਨ ਦੇ ਐਨ ਵਿਚਕਾਰ ਆ ਗਏ ਅਤੇ ਉਨ੍ਹਾਂ ਪੋਸਟਰ ਦਿਖਾਉਂਦਿਆਂ ਨਾਅਰੇਬਾਜ਼ੀ ਕੀਤੀ। ਸਪੀਕਰ ਓਮ ਬਿਰਲਾ ਨੇ ਕਿਹਾ,‘‘ਤੁਸੀਂ ਬਹਿਸ ਚਾਹੁੰਦੇ ਹੋ। ਜਦੋਂ ਸਦਨ ’ਚ ਸ਼ਾਂਤੀ ਹੋ ਜਾਵੇਗੀ ਤਾਂ ਮੈਂ ਬਹਿਸ ਕਰਾਉਣ ਲਈ ਤਿਆਰ ਹਾਂ। ਪਰ ਜੇਕਰ ਤੁਸੀਂ ਸਦਨ ਦੇ ਵਿਚਕਾਰ ਆਉਂਦੇ ਹੋ ਤਾਂ ਬਹਿਸ ਕਿਵੇਂ ਹੋ ਸਕਦੀ ਹੈ।’’

ਵਿਰੋਧੀ ਧਿਰ ਦੇ ਮੈਂਬਰਾਂ ਨੇ ਸਪੀਕਰ ਦੀ ਅਪੀਲ ਵੱਲ ਧਿਆਨ ਨਾ ਦਿੱਤਾ ਅਤੇ ਆਪਣੇ ਪ੍ਰਦਰਸ਼ਨ ਜਾਰੀ ਰੱਖੇ। ਸਦਨ ’ਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਜਦੋਂ ਬਿੱਲ ਵਿਚਾਰ ਅਤੇ ਪਾਸ ਹੋਣ ਲਈ ਸੂਚੀਬੱਧ ਕੀਤਾ ਗਿਆ ਹੈ ਤਾਂ ਫਿਰ ਬਹਿਸ ਕਿਉਂ ਨਹੀਂ ਕਰਵਾਈ ਜਾ ਰਹੀ ਹੈ। ਉਨ੍ਹਾਂ ਸਰਕਾਰ ’ਤੇ ਸਦਨ ਨੂੰ ਟਿੱਚ ਜਾਨਣ ਦਾ ਦੋਸ਼ ਲਾਇਆ। ਸਦਨ ’ਚ ਹੰਗਾਮਾ ਜਾਰੀ ਰਹਿਣ ’ਤੇ ਸਪੀਕਰ ਨੇ ਜ਼ੁਬਾਨੀ ਵੋਟਾਂ ਦਾ ਰਾਹ ਚੁਣਿਆ ਅਤੇ ਬਿੱਲ ਨੂੰ ਪਾਸ ਹੋਇਆ ਐਲਾਨ ਦਿੱਤਾ। ਬਿੱਲ ਪਾਸ ਹੋਣ ਦੌਰਾਨ ਟੀਆਰਐੱਸ, ਡੀਐੱਮਕੇ ਅਤੇ ਟੀਐੱਮਸੀ ਦੇ ਮੈਂਬਰ ਵੀ ਸਦਨ ਦੇ ਵਿਚਕਾਰ ਮੌਜੂਦ ਸਨ ਜਦਕਿ ਕਾਂਗਰਸ, ਐੱਨਸੀਪੀ, ਬੀਐੱਸਪੀ ਅਤੇ ਆਈਯੂਐੱਮਐੱਲ ਦੇ ਮੈਂਬਰ ਆਪਣੀਆਂ ਸੀਟਾਂ ’ਤੇ ਖੜ੍ਹੇ ਹੋ ਕੇ ਵਿਰੋਧ ਦਰਜ ਕਰਵਾ ਰਹੇ ਸਨ। ਬਿੱਲ ਪਾਸ ਹੋਣ ਸਮੇਂ ਕੇਂਦਰੀ ਮੰਤਰੀ ਰਾਜਨਾਥ ਸਿੰਘ, ਅਮਿਤ ਸ਼ਾਹ, ਧਰਮੇਂਦਰ ਪ੍ਰਧਾਨ, ਸਮ੍ਰਿਤੀ ਇਰਾਨੀ, ਭੁਪੇਂਦਰ ਯਾਦਵ, ਅਸ਼ਵਨੀ ਵੈਸ਼ਨਵ ਅਤੇ ਹੋਰ ਸਦਨ ’ਚ ਹਾਜ਼ਰ ਸਨ।

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਸਮਾਜਵਾਦੀ ਪਾਰਟੀ ਆਗੂ ਮੁਲਾਇਮ ਸਿੰਘ ਯਾਦਵ, ਨੈਸ਼ਨਲ ਕਾਨਫਰੰਸ ਦੇ ਫਾਰੂਕ ਅਬਦੁੱਲਾ ਵੀ ਹੋਰਾਂ ਨਾਲ ਮੌਜੂਦ ਸਨ। ਬਾਅਦ ’ਚ ਖੇਤੀ ਮੰਤਰੀ ਨੇ ਬਿੱਲ ਰਾਜ ਸਭਾ ’ਚ ਪੇਸ਼ ਕੀਤਾ। ਉਪ ਚੇਅਰਮੈਨ ਹਰਿਵੰਸ਼ ਨੇ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੂੰ ਥੋੜ੍ਹ ਸਮੇਂ ਲਈ ਬੋਲਣ ਦੀ ਇਜਾਜ਼ਤ ਦਿੱਤੀ। ਖੜਗੇ ਨੇ ਕਿਹਾ ਕਿ ਸਰਕਾਰ ਨੇ ਜ਼ਿਮਨੀ ਚੋਣਾਂ ਦੇ ਨਤੀਜਿਆਂ ਤੋਂ ਸਬਕ ਲੈਂਦਿਆਂ ਅਤੇ ਪੰਜ ਸੂਬਿਆਂ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਕਾਨੂੰਨ ਵਾਪਸ ਲੈਣ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਅੰਦੋਲਨ ਦੌਰਾਨ 700 ਕਿਸਾਨਾਂ ਦੀ ਮੌਤ ਦਾ ਵੀ ਜ਼ਿਕਰ ਕੀਤਾ। ਬਿੱਲ ਪੇਸ਼ ਕਰਦਿਆਂ ਤੋਮਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਦਿਹਾੜੇ ’ਤੇ ਕਾਨੂੰਨਾਂ ਦੀ      ਵਾਪਸੀ ਦਾ ਐਲਾਨ ਕਰਕੇ ਵੱਡਾ ਜਿਗਰਾ ਦਿਖਾਇਆ ਹੈ। ਰਾਜ ਸਭਾ ਨੇ ਕਾਂਗਰਸ ਅਤੇ ਟੀਐੱਮਸੀ ਮੈਂਬਰਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਦੌਰਾਨ  ਜ਼ੁਬਾਨੀ ਵੋਟਾਂ ਨਾਲ ਬਿੱਲ ਪਾਸ   ਕਰ ਦਿੱਤਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ
Next articleਇਜਲਾਸ ਤੋਂ ਪਹਿਲਾਂ ਵਿਰੋਧੀ ਧਿਰਾਂ ਨੇ ਘੜੀ ਰਣਨੀਤੀ