ਪਾਕਿਸਤਾਨ: ਇਮਰਾਨ ਖ਼ਾਨ ਦੀ ਸਿਆਸੀ ਪਾਰੀ ਖਤਮ

ਇਸਲਾਮਾਬਾਦ (ਸਮਾਜ ਵੀਕਲੀ):  ਪਾਕਿਸਤਾਨ ਦੀ ਕੌਮੀ ਅਸੈਂਬਲੀ ’ਚ ਅੱਜ ਪ੍ਰਧਾਨ ਮੰਤਰੀ ਇਮਰਾਨ ਖ਼ਿਲਾਫ਼ ਬੇਭਰੋਸਗੀ ਮਤਾ ਪਾਸ ਕਰ ਦਿੱਤਾ ਗਿਆ ਹੈ। ਇਮਰਾਨ ਖ਼ਿਲਾਫ਼ 174 ਵੋਟਾਂ ਪਈਆਂ ਜਿਸ ਨਾਲ ਮੁਲਕ ’ਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੀ ਅਗਵਾਈ ਹੇਠਲੀ ਸਰਕਾਰ ਡਿੱਗ ਗਈ ਹੈ। ਇਮਰਾਨ ਖ਼ਾਨ ਦੀ ਹਾਰ ਤੋਂ ਬਾਅਦ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਆਗੂ ਸ਼ਾਹਬਾਜ਼ ਸ਼ਰੀਫ਼ ਦੇ ਪ੍ਰਧਾਨ ਮੰਤਰੀ ਬਣਨ ਦਾ ਰਾਹ ਪੱਧਰਾ ਹੋ ਗਿਆ। ਮੀਡੀਆ ਰਿਪੋਰਟਾਂ ਅਨੁਸਾਰ ਵੋਟਿੰਗ ਦੇ ਨਤੀਜੇ ਸਾਹਮਣੇ ਆਉਣ ਤੋਂ ਪਹਿਲਾਂ ਹੀ ਇਮਰਾਨ ਖ਼ਾਨ ਪ੍ਰਧਾਨ ਮੰਤਰੀ ਹਾਊਸ ਤੋਂ ਨਿਕਲ ਗਏ ਸਨ।

ਇਸੇ ਦੌਰਾਨ ਇਸਲਾਮਾਬਾਦ ਹਾਈ ਕੋਰਟ ’ਚ ਇਮਰਾਨ ਖ਼ਾਨ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਗਈ ਜਿਸ ’ਤੇ ਸੁਣਵਾਈ 11 ਅਪਰੈਲ ਨੂੰ ਹੋਵੇਗੀ। ਇਮਰਾਨ ਖ਼ਾਨ ਦੇ ਮੁਲਕ ਛੱਡ ਕੇ ਜਾਣ ’ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਵੋਟਿੰਗ ਤੋਂ ਪਹਿਲਾਂ ਹੀ ਇਮਰਾਨ ਦੀ ਪਾਰਟੀ ਪੀਟੀਆਈ ਦੇ ਸੰਸਦ ਮੈਂਬਰ ਅਸੈਂਬਲੀ ਛੱਡ ਕੇ ਚਲੇ ਗਏ ਸਨ। ਬੇਭਰੋਸਗੀ ਮਤੇ ’ਤੇ ਵੋਟਿੰਗ ਤੋਂ ਪਹਿਲਾਂ ਸੰਸਦ ਦੇ ਵਿਸ਼ੇਸ਼ ਸੈਸ਼ਨ ਦੌਰਾਨ ਦੇਰ ਰਾਤ ਤੱਕ ਸਿਆਸੀ ਨਾਟਕ ਚੱਲਦਾ ਰਿਹਾ। ਪ੍ਰਧਾਨ ਮੰਤਰੀ ਖ਼ਿਲਾਫ਼ ਬੇਭਰੋਸਗੀ ਦੇ ਮਤੇ ’ਤੇ ਵੋਟਿੰਗ ਲਈ ਸ਼ੁਰੂ ਹੋਏ ਕੌਮੀ ਅਸੈਂਬਲੀ ਦੇ ਸੈਸ਼ਨ  ਦੀ ਕਾਰਵਾਈ ਵਾਰ ਵਾਰ ਮੁਲਤਵੀ ਹੁੰਦੀ ਰਹੀ। ਵੋਟਿੰਗ ਤੋਂ ਪਹਿਲਾਂ ਸਦਨ ਦੇ ਸਪੀਕਰ ਅਸਦ ਕੈਸਰ ਤੇ ਡਿਪਟੀ ਸਪੀਕਰ ਕਾਸਿਮ ਸੂਰੀ ਨੇ ਅਸਤੀਫਾ ਦੇ ਦਿੱਤਾ ਜਿਸ ਮਗਰੋਂ ਪੀਐੱਮਐੱਲਐੱਨ ਦੇ ਆਗੂ ਅਯਾਜ਼ ਸਾਦਿਕ ਨੂੰ ਸਦਨ ਦਾ ਸਪੀਕਰ ਬਣਾਇਆ ਗਿਆ। ਦੂਜੇ ਪਾਸੇ ਮਤੇ ’ਤੇ ਵੋਟਿੰਗ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਆਪਣੀ ਕੈਬਨਿਟ ਨਾਲ ਹੰਗਾਮੀ ਮੀਟਿੰਗ ਵੀ ਕੀਤੀ ਸੀ। ਹਾਲਾਤ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਸਾਰੇ ਹਵਾਈ ਅੱਡਿਆਂ ’ਤੇ ਅਲਰਟ ਜਾਰੀ ਕਰਦਿਆਂ ਇਸਲਾਮਾਬਾਦ ਦੇ ਸਾਰੇ ਰਾਹ ਵੀ ਸੀਲ ਕਰ ਦਿੱਤੇ ਸਨ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੇਰ ਰਾਤ ਸੰਸਦ ਭਵਨ ਪਹੁੰਚੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਅਸਤੀਫੇ ਖ਼ਿਲਾਫ਼ ਰਚੀ ਗਈ ਕਥਿਤ ਵਿਦੇਸ਼ੀ ਸਾਜ਼ਿਸ਼ ਨਾਕਾਮ ਕਰਨ ਦੀ ਗੱਲ ਕਹੀ ਸੀ। ਉਨ੍ਹਾਂ ਆਖਰੀ ਗੇਂਦ ਤੱਕ ਡਟਣ ਦਾ ਐਲਾਨ ਕੀਤਾ ਸੀ। ਉਨ੍ਹਾਂ ਵੱਲੋਂ ਆਪਣੀ ਕੈਬਨਿਟ ਨਾਲ ਕੀਤੀ ਗਈ ਮੀਟਿੰਗ ਦੌਰਾਨ ਅਸਤੀਫਾ ਨਾ ਦੇਣ ਦਾ ਫ਼ੈਸਲਾ ਕੀਤਾ ਗਿਆ ਦੱਸਿਆ ਜਾ ਰਿਹਾ ਸੀ। ਇਸੇ ਦੌਰਾਨ ਸੁਪਰੀਮ ਕੋਰਟ ਦੇ ਚੀਫ ਜਸਟਿਸ ਉਮਰ ਅਤਾ ਬੰਡਿਆਲ ਨੇ ਸਿਖਰਲੀ ਅਦਾਲਤ ਦੇ ਸਬੰਧਤ ਅਧਿਕਾਰੀਆਂ ਨੂੰ 12 ਵਜੇ ਤੱਕ ਅਦਾਲਤ ਖੋਲ੍ਹ ਕੇ ਰੱਖਣ ਲਈ ਕਿਹਾ ਸੀ। ਇਸਲਾਮਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਨੇ ਵੀ ਅਦਾਲਤ ਖੋਲ੍ਹ ਕੇ ਰੱਖਣ ਦੇ ਨਿਰਦੇਸ਼ ਦਿੱਤੇ ਸਨ। ਇਸ ਤੋਂ ਪਹਿਲਾਂ ਕੌਮੀ ਅਸੈਂਬਲੀ ’ਚ ਪੇਸ਼ ਕੀਤੇ ਜਾਣ ਵਾਲੇ ਬੇਭਰੋਸਗੀ ਮਤੇ ਦਾ ਸੈਸ਼ਨ ਅੱਜ ਦੇਰ ਸ਼ਾਮ ਇਫਤਾਰ ਤੋਂ ਬਾਅਦ ਸ਼ੁਰੂ ਹੋਣ ਤੋਂ ਕੁਝ ਸਮੇਂ ਮਗਰੋਂ ਹੀ ਰਾਤ 9.30 ਵਜੇ (ਭਾਰਤੀ ਸਮੇਂ ਅਨੁਸਾਰ ਰਾਤ 10.00 ਵਜੇ) ਤੱਕ ਮੁਲਤਵੀ ਕਰ ਦਿੱਤਾ ਗਿਆ ਸੀ।

ਅੱਜ ਸਵੇਰ ਵੇਲੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਿਆਸੀ ਕਿਸਮਤ ਦਾ ਫ਼ੈਸਲਾ ਕਰਨ ਲਈ ਕੌਮੀ ਅਸੈਂਬਲੀ ਦੀ ਕਾਰਵਾਈ ਸ਼ੁਰੂ ਹੋਈ। ਕਾਰਵਾਈ ਸ਼ੁਰੂ ਹੋਣ ਤੋਂ ਕੁਝ ਸਮਾਂ ਬਾਅਦ ਹੀ ਸਪੀਕਰ ਅਸਦ ਕੈਸਰ ਨੇ ਸੈਸ਼ਨ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ ਜਦੋਂ ਨੈਸ਼ਨਲ ਅਸੈਂਬਲੀ ’ਚ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ਼ ਨੇ ਸਿਸਟਮ ਦਾ ਮੁੱਦਾ ਚੁੱਕਿਆ ਤੇ ਸਪੀਕਰ ਨੂੰ ਯਾਦ ਦਿਵਾਇਆ ਕਿ ਉਹ ਸਿਖਰਲੀ ਅਦਾਲਤ ਦੇ ਹੁਕਮਾਂ ਅਨੁਸਾਰ ਕਾਰਵਾਈ ਕਰਨ ਲਈ ਪਾਬੰਦ ਹਨ। ਮੁਅੱਤਲੀ ਤੋਂ ਬਾਅਦ ਮੁੜ ਸ਼ੁਰੂ ਹੋਏ ਸੈਸ਼ਨ ’ਚ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਖਵਾਜਾ ਸਾਦ ਰਫੀਕ ਨੇ ਕਿਹਾ ਕਿ ਸਪੀਕਰ ਨੇ ਵਾਅਦਾ ਕੀਤਾ ਹੈ ਕਿ ਬੇਭਰੋਸਗੀ ਮਤਾ ਇਫ਼ਤਾਰ ਤੋਂ ਬਾਅਦ ਹੋਵੇਗਾ। ਇਸੇ ਦੌਰਾਨ ਪਾਕਿਸਤਾਨ ਦੇ ਵਿਦੇਸ਼ ਮੰਤਰੀ ਮਹਿਮੂਦ ਕੁਰੈਸ਼ੀ ਨੇ ਅੱਜ ਸੰਸਦ ਨੂੰ ਦੱਸਿਆ ਕਿ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਨੇ ਆਪਣੇ ਪਾਕਿਸਤਾਨੀ ਹਮਰੁਤਬਾ ਨਾਲ ਟੈਲੀਫੋਨ ’ਤੇ ਗੱਲ ਕੀਤੀ ਸੀ ਤੇ ਉਨ੍ਹਾਂ ਨੂੰ ਸਪੱਸ਼ਟ ਤੌਰ ’ਤੇ ਰੂਸੀ ਦੌਰੇ ’ਤੇ ਅੱਗੇ ਨਾ ਵਧਣ ਲਈ ਕਿਹਾ ਸੀ।

ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਵਿਦੇਸ਼ੀ ਸਾਜ਼ਿਸ਼ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਦਿਨੇ ਕੌਮੀ ਅਸੈਂਬਲੀ ’ਚ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ਼ ਨੇ ਵੀਰਵਾਰ ਦੇ ਦਿਨ ਨੂੰ ਇਤਿਹਾਸਕ ਕਰਾਰ ਦਿੱਤਾ ਤੇ ਕਿਹਾ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਨੇ ਦੇਸ਼ ਦਾ ਭਵਿੱਖ ਰੁਸ਼ਨਾ ਦਿੱਤਾ ਹੈ। ਉਨ੍ਹਾਂ ਸਪੀਕਰ ਅਸਦ ਕੈਸਰ ਨੂੰ ਅਦਾਲਤ ਦੇ ਨਿਰਦੇਸ਼ਾਂ ਅਨੁਸਾਰ ਕਾਰਵਾਈ ਚਲਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸੰਸਦ ’ਚ ਅੱਜ ਇਤਿਹਾਸ ਲਿਖਿਆ ਜਾਵੇਗਾ। ਉਨ੍ਹਾਂ ਕਿਹਾ, ‘ਅੱਜ ਸੰਸਦ ਇੱਕ ਚੁਣੇ ਹੋਏ ਪ੍ਰਧਾਨ ਮੰਤਰੀ ਨੂੰ ਸੰਵਿਧਾਨਕ ਢੰਗ ਨਾਲ ਹਰਾਉਣ ਜਾ ਰਹੀ ਹੈ।’ਇਸ ਤੋਂ ਪਹਿਲਾਂ ਇਮਰਾਨ ਖਾਨ ਦੀ ਅਗਵਾਈ ਹੇਠਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਸਰਕਾਰ ਨੇ ਅੱਜ ਇੱਕ ਨਜ਼ਰਸਾਨੀ ਪਟੀਸ਼ਨ ਦਾਇਰ ਕਰਕੇ ਪ੍ਰਧਾਨ ਮੰਤਰੀ ਖ਼ਿਲਾਫ਼ ਵਿਰੋਧੀ ਧਿਰ ਦੇ ਬੇਭਰੋਸਗੀ ਮਤੇ ਨੂੰ ਖਾਰਜ ਕਰਨ ਸਬੰਧੀ ਡਿਪਟੀ ਸਪੀਕਰ ਦੇ ਫ਼ੈਸਲੇ ਨੂੰ ਗ਼ੈਰ-ਸੰਵਿਧਾਨਕ ਐਲਾਨੇ ਜਾਣ ਦੇ ਸੁਪਰੀਮ ਕੋਰਟ ਫ਼ੈਸਲੇ ਨੂੰ ਚੁਣੌਤੀ ਦਿੱਤੀ ਸੀ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleCourt notice to MP Jaya Bachchan on land deal case
Next articleਖੇਡ ਭਾਵਨਾ ਦਿਖਾਉਣ ਇਮਰਾਨ: ਬਿਲਾਵਲ