ਨਾਗਾਲੈਂਡ ’ਚ ਅਫ਼ਸਪਾ ਛੇ ਹੋਰ ਮਹੀਨਿਆਂ ਲਈ ਵਧਾਇਆ

ਨਵੀਂ ਦਿੱਲੀ (ਸਮਾਜ ਵੀਕਲੀ):  ਨਾਗਾਲੈਂਡ ਨੂੰ ‘ਗੜਬੜ ਵਾਲਾ ਇਲਾਕਾ’ ਕਰਾਰ ਦਿੰਦਿਆਂ ਉਥੇ ਅਫ਼ਸਪਾ ਛੇ ਹੋਰ ਮਹੀਨਿਆਂ ਲਈ ਵਧਾ ਦਿੱਤਾ ਗਿਆ ਹੈ। ਕੇਂਦਰ ਸਰਕਾਰ ਮੁਤਾਬਕ ਸੂਬੇ ਦੇ ਹਾਲਾਤ ‘ਖ਼ਤਰਨਾਕ’ ਬਣੇ ਹੋਏ ਹਨ ਜਿਸ ਕਾਰਨ ਇਹ ਫ਼ੈਸਲਾ ਲੈਣ ਪਿਆ ਹੈ। ਇਸ ਮਹੀਨੇ ਦੇ ਸ਼ੁਰੂ ’ਚ ਫ਼ੌਜ ਨੇ 14 ਆਮ ਨਾਗਰਿਕਾਂ ਨੂੰ ਅਤਿਵਾਦੀ ਸਮਝ ਕੇ ਗੋਲੀਆਂ ਮਾਰ ਦਿੱਤੀਆਂ ਸਨ ਜਿਸ ਮਗਰੋਂ ਸੂਬੇ ’ਚੋਂ ਅਫ਼ਸਪਾ ਹਟਾਉਣ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀਰਵਾਰ ਨੂੰ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਕਰਦਿਆਂ ਕਿਹਾ ਕਿ ਹਥਿਆਰਬੰਦ ਬਲਾਂ (ਵਿਸ਼ੇਸ਼ ਤਾਕਤਾਂ) ਐਕਟ 30 ਦਸੰਬਰ ਤੋਂ ਅਗਲੇ ਛੇ ਮਹੀਨਿਆਂ ਲਈ ਵਧਾਇਆ ਜਾਂਦਾ ਹੈ। ਸੂਬਾ 1958 ਤੋਂ ਹੀ ਵਿਵਾਦਿਤ ਅਫ਼ਸਪਾ ਅਧੀਨ ਹੈ।

ਅਫ਼ਸਪਾ ਉਸ ਸਮੇਂ ਵਧਾਇਆ ਗਿਆ ਹੈ ਜਦੋਂ ਤਿੰਨ ਦਿਨ ਪਹਿਲਾਂ ਕੇਂਦਰ ਨੇ ਰਜਿਸਟਰਾਰ ਜਨਰਲ ਅਤੇ ਮਰਦਮਸ਼ੁਮਾਰੀ ਕਮਿਸ਼ਨਰ ਵਿਵੇਕ ਜੋਸ਼ੀ ਦੀ ਚੇਅਰਮੈਨਸ਼ਿਪ ਹੇਠ ਉੱਚ ਪੱਧਰੀ ਕਮੇਟੀ ਬਣਾਈ ਹੈ ਜਿਸ ’ਚ ਕੇਂਦਰੀ ਗ੍ਰਹਿ ਮੰਤਰਾਲੇ ’ਚ ਵਧੀਕ ਸਕੱਤਰ ਪਿਯੂਸ਼ ਗੋਇਲ ਮੈਂਬਰ ਸਕੱਤਰ ਹੋਣਗੇ। ਕਮੇਟੀ ਦੇ ਹੋਰ ਮੈਂਬਰਾਂ ’ਚ ਨਾਗਾਲੈਂਡ ਦੇ ਮੁੱਖ ਸਕੱਤਰ, ਡੀਜੀਪੀ ਅਤੇ ਅਸਾਮ ਰਾਈਫਲਜ਼ ਦੇ ਡਾਇਰੈਕਟਰ ਜਨਰਲ ਵੀ ਸ਼ਾਮਲ ਹਨ। ਇਸ ਕਮੇਟੀ ਵੱਲੋਂ ਅਫ਼ਸਪਾ ਹਟਾਉਣ ਬਾਰੇ 45 ਦਿਨਾਂ ’ਚ ਰਿਪੋਰਟ ਸੌਂਪੀ ਜਾਵੇਗੀ। ਨਾਗਾਲੈਂਡ ਦੇ ਲੋਕ ਸੂਬੇ ’ਚੋਂ ਅਫ਼ਸਪਾ ਹਟਾਉਣ ਦੀ ਲਗਾਤਾਰ ਮੰਗ ਕਰਦੇ ਆ ਰਹੇ ਹਨ ਪਰ ਫ਼ੌਜ ਵੱਲੋਂ ਅਤਿਵਾਦੀਆਂ ਦੇ ਭੁਲੇਖੇ ’ਚ ਛੇ ਆਮ ਨਾਗਰਿਕਾਂ ਨੂੰ ਮਾਰ ਮੁਕਾਏ ਜਾਣ ’ਤੇ ਇਸ ਮੰਗ ’ਚ ਹੋਰ ਤੇਜ਼ੀ ਆ ਗਈ ਹੈ। ਨਾਗਾਲੈਂਡ ਸਰਕਾਰ ਨੇ 20 ਦਸੰਬਰ ਨੂੰ ਇਕ ਦਿਨ ਦਾ ਵਿਸ਼ੇਸ਼ ਇਲਜਾਸ ਸੱਦ ਕੇ ਅਫ਼ਸਪਾ ਹਟਾਉਣ ਦੀ ਮੰਗ ਦਾ ਮਤਾ ਵਿਧਾਨ ਸਭਾ ’ਚ ਸਰਬਸੰਮਤੀ ਨਾਲ ਪਾਸ ਕੀਤਾ ਸੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਹਤ ਮਾਹਿਰਾਂ ਦੀ ਸਲਾਹ ਲਵੇ ਚੋਣ ਕਮਿਸ਼ਨ: ਕਾਂਗਰਸ
Next articleਚੰਡੀਗੜ੍ਹ ਵਾਲੀ ਜੇਤੂ ਲਹਿਰ ਹੁਣ ਪੰਜਾਬ ’ਚ ਚੱਲੇਗੀ: ਕੇਜਰੀਵਾਲ