ਸ਼ਿੰਦਾ ਬਾਈ
(ਸਮਾਜ ਵੀਕਲੀ) ਬਿਸਾਖੀਆਂ ਦੇ ਸਹਾਰੇ ਨਾਲ਼ ਮਸਾਂ ਹੀ ਲੰਗੜਾਅ ਕੇ ਤੁਰਦਾ ਹੋਇਆ ਇੱਕ ਸ਼ਖ਼ਸ ਪੁਲ਼ਸ ਨੇ ਕਚਿਹਰੀਆਂ ਵਿੱਚ ਜੱਜ ਦੇ ਮੂਹਰੇ ਪੇਸ਼ ਕੀਤਾ। ਉਹ ਦੋਸ਼ੀ ਦੱਸਿਆ ਗਿਆ ਸੀ ਅਤੇ ਉਸ ਦੇ ਉੱਤੇ ਹੁਣੇ ਹੁਣੇ ਐਮ ਪੀ ਚੁਣੀ ਗਈ ਇੱਕ ਮਸ਼ਹੂਰ ਹਸਤੀ ਦੀ ਕਾਰ ਦੇ ਮੂਹਰੇ , ਜਾਣ ਬੁੱਝ ਕੇ ਆ ਜਾਣ ਦਾ ਦੋਸ਼ ਲਾਇਆ ਗਿਆ ਸੀ। ਉਸਦੀ ਇੱਕ ਲੱਤ ਅਤੇ ਇੱਕ ਬਾਂਹ ਤੇ ਪਲੱਸਤਰ ਲੱਗਿਆ ਹੋਇਆ ਸੀ ਜੋ ਦੱਸਦਾ ਸੀ ਕਿ ਬੰਦਾ ਦੋਂਹ ਥਾਂਵਾਂ ਤੋਂ ਤਾਂ ਲਾਜ਼ਮੀ ਹੀ ਟੁੱਟ ਫੁੱਟ ਚੁੱਕਿਆ ਹੈ ਤੇ ਵਾਕਈ ਹੀ ਤਕਲੀਫ਼ ਵਿੱਚ ਹੈ।
ਪਰ ਕਿਉਂਕਿ ਆਮ ਆਦਮੀ ਸੀ, ਇਸ ਲਈ ਭਾਂਡਾ ਉਸਦੇ ਸਿਰ ਹੀ ਭੰਨਿਆ ਜਾਣਾ ਸੀ, ਦੂਸਰੇ ਕਾਰ ਚਲਾਉਣ ਵਾਲੀ ਆਪਣੇ ਆਪ ਵਿੱਚ ਇੱਕ ਮਸ਼ਹੂਰ ਹਸਤੀ ਸੀ ਤੇ ਉਸਦੀ ਪਾਰਟੀ ਸਰਕਾਰ ਬਨਾਉਣ ਜਾ ਰਹੀ ਸੀ। ਇਹ ਤੈਅ ਸੀ ਕਿ ਆਪਣੇ ਹੁਸਨ ਦੀ ਲਿਸ਼ਕੋਰ ਨਾਲ਼ ਕਈਆਂ ਨੂੰ ਚੁੰਧਿਆ ਕੇ ਉਸਨੇ ਕੋਈ ਨ ਕੋਈ ਮਲ਼ਾਈ ਦਾਰ ਮਹਿਕਮਾ ਆਪਣੇ ਵੱਸ ਕਰ ਲੈਣਾ ਸੀ। ਖ਼ੈਰ ਇਹ ਤਾਂ ਕਿਯਾਸਾਰਾਈਆਂ ਹੀ ਹਨ, ਆਪਾਂ ਅੱਜ ਦੇ ਮਸਲੇ ਤੇ ਆਉਨੇ ਆਂ ਜਿਸ ਕਰਕੇ ਇੱਕ ਚੰਗਾ ਭਲਾ ਆਦਮੀ ਦੋਸ਼ੀ ਬਣਿਆ ਕਟਿਹਰੇ ਵਿੱਚ ਖੜ੍ਹਿਆ ਹੋਇਆ ਸੀ।
ਉਸਦੀ ਫਾਈਲ ਜੱਜ ਸਾਹਿਬ ਦੇ ਪੇਸ਼ ਕਰਕੇ ਡਿਉਟੀ ਠਾਣੇਦਾਰ ਨੇ ਉਸਨੂੰ ਕਟਿਹਰੇ ਵਿੱਚ ਖੜ੍ਹਾਇਆ ਤਾਂ ਜੱਜ ਸਾਹਿਬ ਨੇ ਉਸਦੀ ਹਾਲਤ ਵੇਖਦਿਆਂ ਹਮਦਰਦੀ ਭਰੇ ਬੋਲਾਂ ਨਾਲ਼ ਉਸਨੂੰ ਪੁੱਛਿਆ…. ” ਤੂੰ ਜਾਣ ਬੁੱਝ ਕੇ ਉਸ ਹਸੀਨਾ ਐਮ ਪੀ ਦੀ ਕਾਰ ਮੂਹਰੇ ਕਿਉਂ ਆ ਗਿਆ ਭਾਈ…?”
” ਮੈਂ ਕਾਰ ਮੂਹਰੇ ਨਹੀਂ ਆਇਆ ਸੀ ਜੱਜ ਸਾਹਿਬ….!” ਦੋਸੀ ਦੇ ਆਜ਼ਿਜ਼ੀ ਭਰੇ ਬੋਲ ਸਨ।
” ਚੱਲ ਜੇ ਆਪ ਮੂਹਰੇ ਨਹੀਂ ਵੀ ਆਇਆ ਸੀ ਤਾਂ ਫੇਰ ਵੀ ਤੈਨੂੰ ਸੜਕ ਤੋਂ ਪਾਸੇ ਹੋ ਕੇ ਟੁਰਨਾ ਚਾਹੀਦਾ ਸੀ, ਖਾਸਕਰ ਕਿ ਉਦੋਂ.. ਜਦੋਂ ਤੂੰ ਵੇਖ ਲਿਆ ਸੀ ਕਿ ਕਾਰ ਨੂੰ ਇੱਕ ਜ਼ਨਾਨੀ ਚਲਾ ਰਹੀ ਹੈ..?” ਜੱਜ ਦੇ ਬੋਲਾਂ ਵਿੱਚ ਅਜੇ ਵੀ ਅਪਣੱਤ ਸੀ ਜਿਸ ਤੋਂ ਦੋਸ਼ੀ ਆਦਮੀ ਪੂਰੀ ਤਰ੍ਹਾਂ ਪਿਘਲ਼ ਗਿਆ ਤੇ ਭੁੱਬ ਮਾਰ ਕੇ ਰੋ ਪਿਆ।
ਬੜੀ ਮੁਸ਼ਕਲ ਨਾਲ਼ ਉਸਨੂੰ ਚੁੱਪ ਕਰਾਇਆ ਗਿਆ ਤੇ ਫੇਰ ਡੁਸਕਦਾ ਹੋਇਆ ਦੋਸ਼ੀ ਬੋਲਿਆ…. ” ਕਿਹੜੀ ਸੜਕ ਤੇ ਕਿਹੜੀ ਜ਼ਨਾਨੀ ਮਾਈਬਾਪ…! ਮੈਂ ਤਾਂ ਆਵਦੇ ਖੇਤ ਵਿੱਚ ਪਾਣੀ ਆਲ਼ਾ ਲੀਟਰ ਲਈ ਜੰਗਲ਼ ਪਾਣੀ ਬੈਠਾ ਸੀ ਜਦੋਂ ਕਾਰ ਮੇਰੇ ਉੱਤੇ ਆ ਚੜ੍ਹੀ….!”
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly