(ਸਮਾਜ ਵੀਕਲੀ) ਵੈਨਕੂਵਰ ਤੋਂ ਕੁਲਦੀਪ ਚੁੰਬਰ ਰਾਹੀਂ ਵਿਸ਼ੇਸ਼ ਰਿਪੋਰਟ : ਰਾਣਾ ਭੋਗਪੁਰੀਆ ਦੁਆਬੇ ਦਾ ਉੱਘਾ ਗੀਤਕਾਰ ਅਤੇ ਸਾਹਿਤਕਾਰ ਹੈ। ਉਸ ਨੇ ਆਪਣੀ ਮਿਹਨਤ ਤੇ ਲਗਨ ਨਾਲ ਜਿੱਥੇ ਗੀਤਕਾਰੀ ਵਿੱਚ ਇੱਕ ਨਵੇਕਲਾ ਮੁਕਾਮ ਸਿਰਜਿਆ ਹੈ ਉੱਥੇ ਸਾਹਿਤਕ ਖੇਤਰ ਵਿੱਚ ਵੀ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ। ਉਸਦੀ ਸਿਰਜਣਾ ਦਾ ਮਾਣ ਸਤਿਕਾਰ ਪੂਰੇ ਵਿਸ਼ਵ ਵਿੱਚ ਵਸਦੇ ਪੰਜਾਬੀਆਂ ਵੱਲੋਂ ਕੀਤਾ ਜਾਂਦਾ ਹੈ। ਇਸ ਦਾ ਸਬੂਤ ਹਥਲੀ ਪੁਸਤਕ ‘ਵਿਦੇਸ਼ਾਂ ਵਿੱਚ ਪੰਜਾਬੀਅਤ ਦੇ ਝੰਡਾ ਬਰਦਾਰ’ ਤੋਂ ਮਿਲਦਾ ਹੈ। ਰਾਣਾ ਭੋਗਪੁਰੀਆ ਵੱਲੋਂ ਇਹ ਖੋਜ ਕਾਰਜ ਸਾਲਾਂ ਦੀ ਮਿਹਨਤ ਬਾਅਦ ਸਿਰੇ ਚੜ੍ਹਾਇਆ ਗਿਆ ਹੈ । ਇਹ ਸ਼ਾਨਦਾਰ ਪ੍ਰਾਪਤੀ ਪੂਰੇ ਪੰਜਾਬੀ ਜਗਤ ਦੀ ਹੈ ਜਿਸ ਰਾਹੀਂ ਉਹ ਪੰਜਾਬੀਆਂ ਦੀਆਂ ਸਿਫਤਾਂ ਕਰਦਾ ਹੋਇਆ ਉਹਨਾਂ ਦੀ ਮਿਹਨਤ ਅਤੇ ਲਗਨ ਨੂੰ ਸਲਾਮ ਕਰਦਾ ਹੈ। ਪੁਸਤਕ ਵਿੱਚ ਕੁੱਲ 56 ਲੇਖ ਦਰਜ ਹਨ ਜਿਨਾਂ ਵਿੱਚੋਂ ਦਸ ਲੇਖ ਪੁਸਤਕ ਦੇ ਰਚਨਾ ਪ੍ਰਕਿਰਿਆ ਬਾਰੇ ਦਰਜ ਕੀਤੇ ਗਏ ਹਨ। ਪੁਸਤਕ ਦਾ ਮੁੱਖ ਮਨੋਰਥ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੇ ਪੰਜਾਬੀਆਂ ਨੂੰ ਦੁਨੀਆਂ ਦੇ ਸਨਮੁਖ ਕਰਨਾ ਹੈ ਤਾਂ ਕਿ ਉਹ ਵੀ ਪ੍ਰੇਰਨਾ ਲੈ ਕੇ ਅਜਿਹੇ ਕਾਰਜਾਂ ਵਿੱਚ ਕਾਰਜਸ਼ੀਲ ਹੋਣ ਪੁਸਤਕ ਦੇ ਸ਼ੁਰੂ ਵਿੱਚ ਰਾਣਾ ਭੋਗਪੁਰੀਆ ਦੀਆਂ ਵੱਖ ਵੱਖ ਸਾਹਿਤਕਾਰਾਂ ਪੱਤਰਕਾਰਾਂ ਲੇਖਕਾਂ ਅਤੇ ਰੇਡੀਓ ਟੀਵੀ ਦੀਆਂ ਹਸਤੀਆਂ ਨਾਲ ਰੰਗਦਾਰ ਤਸਵੀਰਾਂ ਇਸ ਪੁਸਤਕ ਦੇ ਗੁਝੇ ਭੇਦਾਂ ਨੂੰ ਫਰੋਲਦੀਆਂ ਹਨ। ਰਾਣਾ ਭੋਗਪੁਰੀਆ ਦੀ ਇਹ ਪੁਸਤਕ ਸਾਨੂੰ ਆਪਣੇ ਸਫਲ ਕਾਰੋਬਾਰੀਆਂ,ਸਾਹਿਤਕਾਰਾਂ, ਪੱਤਰਕਾਰਾਂ,ਲੇਖਕਾਂ ਅਤੇ ਕਵੀਆਂ ਬਾਰੇ ਬੜੀ ਕੀਮਤੀ ਜਾਣਕਾਰੀ ਪ੍ਰਦਾਨ ਕਰਦੀ ਹੈ। ਜਿਸ ਵੀ ਸਾਹਿਤਕਾਰ/ ਸ਼ਖਸ਼ੀਅਤ ਦੀ ਜੀਵਨੀ ਪੜ੍ਹਦੇ ਹਾਂ ਤਾਂ ਉਸ ਵਿੱਚੋਂ ਨਵੀਆਂ ਤੇ ਨਰੋਈਆਂ ਪ੍ਰੇਰਨਾਵਾਂ ਉਪਜਦੀਆਂ ਹਨ। ਇਹਨਾਂ ਸਭ ਹਿੰਮਤੀ ਲੋਕਾਂ ਨੇ ਆਪਣੀ ਮਿਹਨਤ ਅਤੇ ਸਿਰੜ ਦੇ ਸਦਕਾ ਹੀ ਉੱਚੀਆਂ ਮੰਜ਼ਲਾਂ ਪ੍ਰਾਪਤ ਕੀਤੀਆਂ ਹਨ। ਇਸ ਲਈ ਇਹ ਰੇਖਾ ਚਿੱਤਰ ਸਾਡੇ ਜੀਵਨ ਦੇ ਰਾਹ ਦਸੇਰੇ ਬਣਦੇ ਹਨ। ਲੇਖਕ ਨੇ ਹਰ ਸ਼ਖਸ਼ੀਅਤ ਦੀ ਜੀਵਨ ਵਿੱਚ ਆਉਣ ਵਾਲੀਆਂ ਅਹਿਮ ਸ਼ਖਸ਼ੀਅਤਾਂ ਦਾ ਵੇਰਵਾ ਵੀ ਦਰਜ ਕੀਤਾ ਹੈ। ਉਸ ਦੇ ਪਿੰਡ, ਪਰਿਵਾਰ ਅਤੇ ਜੀਵਨ ਸੰਘਰਸ਼ ਨੂੰ ਬਹੁਤ ਹੀ ਖੂਬਸੂਰਤ ਲਫਜ਼ਾਂ ਰਾਹੀਂ ਪੇਸ਼ ਕੀਤਾ ਹੈ। ਪੁਸਤਕ ਵਿੱਚ ਦਰਜ ਸ਼ਖਸ਼ੀਅਤਾਂ ਆਪੋ ਆਪਣੇ ਖੇਤਰਾਂ ਦੀਆਂ ਮਾਹਿਰ ਹਨ। ਉਹਨਾਂ ਕਾਰੋਬਾਰ ਅਤੇ ਸਾਹਿਤ ਦੇ ਖੇਤਰ ਵਿੱਚ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੇ ਝੰਡੇ ਬੁਲੰਦ ਕੀਤੇ ਹਨ।ਐੱਸ ਅਸ਼ੋਕ ਭੌਰਾ ਵਰਗੀ ਬਹੁਪੱਖੀ ਪ੍ਰਤਿਭਾ ਦੁਨੀਆਂ ਦੇ 50 ਦੇਸ਼ਾਂ ਦੀ ਸੈਰ ਕਰ ਚੁੱਕੀ ਹੈ । ਉਹਨਾਂ ਦੇਸ਼ ਵਿਦੇਸ਼ ਵਿੱਚ ਪੰਜਾਬੀ ਨੂੰ ਪ੍ਰਚਾਰਿਆ, ਪ੍ਰਸਾਰਿਆ ਅਤੇ ਨਿਖਾਰਿਆ ਹੈ। ਇਸੇ ਤਰ੍ਹਾਂ ਸੁੱਖੀ ਬਾਠ ਵਰਗੀ ਸ਼ਖਸ਼ੀਅਤ ਪੂਰੇ ਵਿਸ਼ਵ ਵਿੱਚ ਵਸਦੇ ਪੰਜਾਬੀ ਬੱਚਿਆਂ ਨੂੰ ਆਪਣੀ ਮਾਂ ਬੋਲੀ ਨਾਲ ਜੋੜਨ ਲਈ ਤਤਪਰ ਹੈ। ਬਲਬੀਰ ਸਿੰਘ ਕੰਵਲ ਵਰਗੇ ਲੰਡਨ ਵਿੱਚ ਜਾ ਕੇ 1964 ਵਿੱਚ ਪੰਜਾਬੀ ਦਾ ਬਿਗਲ ਵਜਾ ਦਿੰਦੇ ਹਨ। ਦੇਸ਼ ਦੁਆਬਾ ਅਤੇ ਅੰਬੇਦਕਰ ਟਾਈਮ ਦੇ ਸੰਪਾਦਕ ਪ੍ਰੇਮ ਕੁਮਾਰ ਚੁੰਬਰ ਦਾ ਜੀਵਨ ਸੰਗਰਾਮ ਵੀ ਪੰਜਾਬੀਆਂ ਲਈ ਪ੍ਰੇਰਨਾਦਾਇਕ ਹੈ। ਗੁਰਮਲਕੀਅਤ ਸਿੰਘ ਕਾਹਲੋ ਦੀਆਂ ਸਾਹਿਤਕ ਕਿਰਤਾਂ ਤੇ ਸਾਰੇ ਹੀ ਮਾਣ ਕਰਦੇ ਹਨ। ਇਤਿਹਾਸ ਦੀਆਂ ਜੜ੍ਹਾਂ ਨੂੰ ਫਰੋਲਣ ਵਾਲੇ ਬਲਵੀਰ ਸਿੰਘ ਕੰਵਲ ਵੀ ਕਿਸੇ ਗੱਲੋਂ ਘੱਟ ਨਹੀਂ ਹਨ। ਇਸੇ ਤਰ੍ਹਾਂ ਹਰਜੀਤ ਸਿੰਘ ਅਟਵਾਲ, ਹਰਜਿੰਦਰ ਸਿੰਘ ਬਸਿਆਲਾ, ਮੋਤਾ ਸਿੰਘ ਸਰਾਏ, ਸਰੂਪ ਸਿੰਘ, ਕਵਿੰਦਰ ਚਾਂਦ, ਲਾਲ ਪਧਿਆਣਵੀ, ਹੀਰਾ ਬਾਹੋਪੁਰੀਆ, ਸੁਖ ਬਰਾੜ, ਬਲਦੇਵ ਮਸਤਾਨਾ,ਦਲਵੀਰ ਕੌਰ,ਸੁਖਵਿੰਦਰ ਸਿੰਘ ਬੋਦਲਾਂਵਾਲਾ,ਦਲਜੀਤ ਨੀਰ ਅਤੇ ਰੂਪ ਦਵਿੰਦਰ ਕੌਰ ਆਦਿ ਦੇ ਰੇਖਾ ਚਿੱਤਰ ਹਰ ਪਾਠਕ ਨੂੰ ਹਲੂਣਾ ਮਾਰਦੇ ਹੋਏ ਆਪਣੇ ਵਿਰਸੇ ਨਾਲ ਜੋੜਦੇ ਹਨ। ਆਪਣੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਦਾ ਸੁਨੇਹਾ ਦਿੰਦੀ ਇਹ ਪੁਸਤਕ ਇੱਕ ਇਤਿਹਾਸਿਕ ਦਸਤਾਵੇਜ਼ ਬਣ ਜਾਂਦੀ ਹੈ ਜਿਸ ਵਿੱਚੋਂ ਚਾਰ ਦਰਜਨ ਦੇ ਕਰੀਬ ਸ਼ਖਸ਼ੀਅਤਾਂ ਬਾਰੇ ਜਾਣਕਾਰੀ ਮਿਲਦੀ ਹੈ। ਕੱਖਾਂ ਤੋਂ ਲੱਖਾਂ ਤੱਕ ਦਾ ਅਤੇ ਰੋੜਾਂ ਤੋਂ ਕਰੋੜਾਂ ਤੱਕ ਦਾ ਸਫਰ ਇਸ ਪੁਸਤਕ ਵਿੱਚੋਂ ਦੇਖਿਆ ਜਾ ਸਕਦਾ ਹੈ। ਲੇਖਕ ਬਲਬੀਰ ਸਿੰਘ ਕੰਵਲ ਬਾਰੇ ਲਿਖਦਾ ਹੈ। ‘ ਕੰਵਲ ਸਾਹਿਬ ਨੂੰ ਆਪਣਿਆਂ ਤੇ ਹਮੇਸ਼ਾ ਇਹ ਰੋਸਾ ਹੈ ਕਿ ਉਹਨਾਂ ਨੇ ਆਪਣੇ ਖਿਡਾਰੀਆਂ, ਕਲਾਕਾਰਾਂ, ਸੰਗੀਤਕਾਰਾਂ, ਆਦਬੀ ਸਖਸ਼ੀਅਤਾਂ ਦੀ ਕਦਰ ਕਰਨੀ ਨਹੀਂ ਸਿੱਖੀ ਅੱਜ ਉਹਨਾਂ ਦੀ ਕੋਈ ਯਾਦਗਾਰ ਨਹੀਂ,ਕੋਈ ਨਿਸ਼ਾਨੀ ਨਹੀਂ ਤੇ ਨਾ ਹੀ ਕੋਈ ਮੀਲ ਪੱਥਰ ਹੈ ਇਸ ਤਕਲੀਫ ਦਾ ਝੋਰਾ ਉਸਨੂੰ ਅੰਦਰੋਂ ਅੰਦਰੀ ਘੁਣ ਵਾਂਗ ਖਾ ਰਿਹਾ ਹੈ। ਦੁਨੀਆਂ ਦੇ ਇਹਨਾਂ ਸਫਲ ਕਲਾਕਾਰਾਂ ਅਤੇ ਵਿਅਕਤੀਆਂ ਕੋਲ ਜ਼ਿੰਦਗੀ ਦੀਆਂ ਡੂੰਘੀਆਂ ਰਮਜ਼ਾਂ ਹਨ ਜੋ ਸਾਨੂੰ ਨਰੋਆ ਤੇ ਨਵਾਂ ਜੀਵਨ ਬਖਸ਼ਦੀਆਂ ਹਨ। ਉਹਨਾਂ ਵੱਲੋਂ ਕੀਤੀਆਂ ਪ੍ਰਾਪਤੀਆਂ ਸਾਨੂੰ ਆਉਣ ਵਾਲੇ ਸਮੇਂ ਲਈ ਤਿਆਰ ਕਰਦੀਆਂ ਹਨ। ਅਸੰਭਵ ਨੂੰ ਸੰਭਵ ਬਣਾਉਣ ਦੇ ਤੌਰ ਤਰੀਕੇ ਸਿਖਾਉਂਦੀਆਂ ਹਨ। ਇਨਸਾਨੀਅਤ ਦੀ ਪਹਿਰੇਦਾਰੀ ਕਰਦੇ ਹੋਏ ਜੀਵਨ ਵਿੱਚ ਤਰੱਕੀਆਂ ਦੀਆਂ ਮੰਜ਼ਲਾਂ ਕਿਵੇਂ ਸਰ ਕਰਨੀਆਂ ਹਨ? ਇਸ ਪੁਸਤਕ ਵਿੱਚੋਂ ਸਹਿਜੇ ਹੀ ਸਿੱਖੀਆਂ ਜਾ ਸਕਦੀਆਂ ਹਨ । ਲੇਖਕ ਨੇ ਪੂਰੀ ਇਮਾਨਦਾਰੀ ਨਾਲ ਹਰ ਕਿਸੇ ਦੀ ਸ਼ਖਸ਼ੀਅਤ ਨੂੰ ਪੇਸ਼ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਈ ਕਿ ਤਿੰਨ ਤਿੰਨ ਲਾਈਨਾਂ ਦੇ ਸਿਰਲੇਖ ਲਿਖਣ ਦੀ ਕਿਉਂ ਜਰੂਰਤ ਪੈ ਗਈ ਕਿੰਨਾ ਚੰਗਾ ਹੁੰਦਾ ਜੇਕਰ ਸਾਹਿਤਕਾਰਾਂ ਦੀਆਂ ਤਸਵੀਰਾਂ ਵੀ ਰੰਗਦਾਰ ਛਪ ਜਾਂਦੀਆਂ ਸ਼ਬਦ ਜੋੜਾਂ ਦੀਆਂ ਗਲਤੀਆਂ ਨੂੰ ਪਾਸੇ ਰੱਖੀਏ ਤਾਂ ਇਹ ਪੁਸਤਕ ਸਾਨੂੰ ਕੌਮਾਂਤਰੀ ਪੱਧਰ ਦੀ ਜਾਣਕਾਰੀ ਰੌਚਕ ਢੰਗ ਨਾਲ ਪ੍ਰਦਾਨ ਕਰਦੀ ਹੈ ਇਹ ਪੁਸਤਕ ਪੜ੍ਹ ਕੇ ਅਸੀਂ ਕਈ ਜ਼ਿੰਦਗੀਆਂ ਜੀਓ ਲੈਂਦੇ ਹਾਂ ਰਾਣਾ ਭੋਗਪੁਰੀਆ ਇਸ ਕੀਮਤੀ ਕਾਰਜ ਲਈ ਵਧਾਈ ਦੇ ਹੱਕਦਾਰ ਹਨ।
ਵਿਦੇਸ਼ਾਂ ਵਿੱਚ ਪੰਜਾਬੀਅਤ ਦੇ ਝੰਡਾਬਰਦਾਰ
ਰੀਵਿਊਕਾਰ:ਬਲਜਿੰਦਰ ਮਾਨ 98150 18947
ਲੇਖਕ: ਰਾਣਾ ਭੋਗਪੁਰੀਆ
ਪ੍ਰਕਾਸ਼ਕ: ਦਰਜ ਨਹੀਂ,ਪੰਨੇ 192,ਮੁੱਲ 250/-
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly