(ਸਮਾਜ ਵੀਕਲੀ)-ਅਸੀਂ ਸਾਰੇ ਭਲੀਭਾਂਤ ਇਹ ਗੱਲ ਸਵੀਕਾਰ ਕਰਦੇ ਹਾਂ ਕਿ ਜ਼ਿੰਦਗ਼ੀ ਵਿੱਚ ਹਰ ਇੱਕ ਇਨਸਾਨ ਸੁੱਖ ਦਾ ਮੁਤਲਾਸ਼ੀ ਅਥਵਾ ਸੁਖੀ ਹੋਣਾ ਚਾਹੁੰਦਾ ਹੈ।ਦੁਖੀ ਇਨਸਾਨ ਅਕਸਰ ਗਿਲੇ-ਸ਼ਿਕਵੇ ਵਿੱਚ ਪਿਆ ਰਹਿੰਦਾ ਹੈ।ਆਪਣੇ ਦੁੱਖ ਦਾ ਕਾਰਨ ਦੂਜਿਆਂ ਨੂੰ ਠਹਿਰਾ ਰਿਹਾ ਹੁੰਦਾ ਹੈ।ਵਿਦਵਾਨ ਦਾ ਕਥਨ ਹੈ ਕਿ ਜੇਕਰ ਕੋਈ ਫੁੱਲ ਨਹੀਂ ਖਿਲ ਰਿਹਾ ਤਾਂ ਉਸਦੇ ਆਲੇ-ਦੁਆਲੇ ਅਥਵਾ ਵਾਤਾਵਰਨ ਨੂੰ ਠੀਕ ਕਰੋ,ਫੁੱਲ ਆਪਣੇ ਆਪ ਖਿਲ ਜਾਵੇਗਾ।ਵਾਕਈ ਜ਼ਰਾ ਜਿਹਾ ਗਹਿਰਾਈ ਵਿੱਚ ਝਾਤ ਮਾਰੀਏ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਸਾਡੀ ਵਰਤਮਾਨੀ ਹਾਲਤ ਸਾਡੀ ਸਮੁੱਚੀ ਜ਼ਿੰਦਗੀ ਵਿਚਲੀਆਂ ਚੋਣਾਂ ਦਾ ਹੀ ਨਤੀਜਾ ਹੈ।
ਇਸ ਗੱਲ ਨੂੰ ਇੱਕ ਉਦਾਹਰਣ ਦੇ ਨਾਲ ਸਮਝਣ ਦਾ ਯਤਨ ਕਰੀਏ,ਇੱਕ ਇਨਸਾਨ ਨੇ ਦਫ਼ਤਰ ਵਿੱਚ ਦੁਪਹਿਰ ਦੇ ਸਮੇਂ ਆਪਣਾ ਰੋਟੀ ਵਾਲਾ ਡੱਬਾ ਖੋਲ੍ਹਿਆ ਤੇ ਆਪਣੇ ਮੱਥੇ ਉੱਤੇ ਜ਼ੋਰਦਾਰ ਹੱਥ ਮਾਰਿਆ ਤੇ ਉੱਚੀ ਆਵਾਜ਼ ਵਿੱਚ ਕਿਹਾ “ਓ ਹੋ ਅੱਜ ਫੇਰ ਭਿੰਡੀਆਂ!” ਨਾਲ ਬੈਠੇ ਸੁਹਿਰਦ ਮਿੱਤਰ ਨੇ ਕਿਹਾ ਕਿ ਜੇਕਰ ਤੁਹਾਨੂੰ ਭਿੰਡੀ ਦੀ ਸਬਜ਼ੀ ਪਸੰਦ ਨਹੀਂ ਤਾਂ ਆਪਣੀ ਪਤਨੀ ਜਾਂ ਡੱਬਾ ਬਣਾਉਣ ਵਾਲੇ ਨੂੰ ਕਹਿ ਦਿਓ ਕਿ ਇਹ ਸਬਜ਼ੀ ਤੁਹਾਨੂੰ ਪਸੰਦ ਨਹੀਂ ਹੈ।ਤਾਂ ਉਸ ਇਨਸਾਨ ਦਾ ਜਵਾਬ ਹੈਰਾਨ ਕਰਨ ਵਾਲਾ ਅਤੇ ਹਾਸੋਹੀਣਾ ਸੀ।ਕਹਿਣ ਲੱਗਾ ਕਿ ਆਪਣਾ ਡੱਬਾ ਮੈਂ ਆਪ ਹੀ ਬਣਾਉਂਦਾ ਹਾਂ ਕਿਉਂਕਿ ਮੈਂ ਘਰ ਵਿੱਚ ਇਕੱਲਾ ਹੀ ਰਹਿੰਦਾ ਹਾਂ,ਇਹ ਫ਼ੈਸਲਾ ਮੇਰਾ ਆਪਣਾ ਹੀ ਹੁੰਦਾ ਹੈ।
ਉਪਰੋਕਤ ਉਦਾਹਰਣ ਇੱਕ ਬਹੁਤ ਵੱਡੇ ਯਥਾਰਥ ਵੱਲ ਇਸ਼ਾਰਾ ਕਰ ਰਹੀ ਹੈ।ਨਵੀਨਤਾ ਦੇ ਲਈ ਪੁਰਾਣੇ ਵਿਚਾਰਾਂ ਦਾ ਤਿਆਗ ਜ਼ਰੂਰੀ ਹੈ।ਤਥਾਗਤ ਮਹਾਤਮਾ ਬੁੱਧ ਦਾ ਕਥਨ ਬਿਲਕੁੱਲ ਢੁੱਕਵਾਂ ਹੈ ਕਿ ਜੇਕਰ ਤੁਸੀਂ ਉੱਪਰ ਉੱਠਣਾ ਚਾਹੁੰਦੇ ਹੋ ਤਾਂ ਉਹ ਸਭ ਕੁੱਝ ਤਿਆਗ ਦਿਓ ਜੋ ਤੁਹਾਨੂੰ ਹੇਠਾਂ ਖਿੱਚਦਾ ਹੈ।ਕੋਈ ਵਸਤੂ ਕਿੰਨੀ ਹੀ ਮੁੱਲਵਾਨ ਅਥਵਾ ਪ੍ਰਭਾਵਸ਼ਾਲੀ ਹੀ ਕਿਉਂ ਨਾ ਹੋਵੇ ਪ੍ਰੰਤੂ ਜੇਕਰ ਉਹ ਸਾਡੇ ਕਸ਼ਟ ਜਾਂ ਅਸ਼ਾਂਤੀ ਦਾ ਕਾਰਣ ਹੈ ਤਾਂ ਅਜਿਹੀ ਚੀਜ਼ ਦਾ ਤਿਆਗ ਹੀ ਸਾਡੇ ਲਈ ਦਰਕਾਰ ਹੈ।ਇਸ ਲਈ ਜਿਹੜੇ ਵਿਚਾਰ ਸਾਨੂੰ ਗਿਰਾਵਟ ਵੱਲ ਲਿਜਾ ਰਹੇ ਹਨ ਉਹਨਾਂ ਨੂੰ ਮਨ ‘ਚੋਂ ਕੱਢ ਦੇਣ ਵਿੱਚ ਹੀ ਭਲਾਈ ਹੈ।ਸੰਤਾਂ-ਮਹਾਪੁਰਸ਼ਾਂ ਨੇ ਦਿਮਾਗ਼ ਨੂੰ ਧਰਤੀ ਦੇ ਨਾਲ ਤੁਲਨਾਇਆ ਹੈ।ਦਿਮਾਗ਼ ਰੂਪੀ ਧਰਤੀ ਵਿੱਚ ਅਸੀਂ ਜਿਹੋ-ਜਿਹੇ ਬੀਜ ਬੀਜਾਗੇਂ ਫਲਸਰੂਪ ਓਹੋ ਫ਼ਸਲ ਹੀ ਸਾਨੂੰ ਅੰਤ ਪ੍ਰਾਪਤ ਹੋਵੇਗੀ।ਬੀਜਣ ਸਮੇਂ ਅਸੀਂ ਆਜ਼ਾਦ ਹਾਂ ਪਰ ਵੱਢਣ ਸਮੇਂ ਨਹੀਂ।ਇਹ ਵੀ ਜ਼ਰੂਰੀ ਹੈ ਕਿ ਨਵੀਨ ਵਿਚਾਰਾਂ ਨਾਲ ਲਬਰੇਜ਼ ਹੋਣ ਤੋਂ ਪਹਿਲਾਂ ਪੁਰਾਣੇ ਵਿਚਾਰਾਂ ਨੂੰ ਮਨ ਰੂਪੀ ਬਰਤਨ ਵਿਚੋਂ ਕੱਢ ਦਿੱਤਾ ਜਾਵੇ ਕਿਉਂਕਿ ਖ਼ਾਲੀ ਭਾਂਡਾ ਤਾਂ ਭਰਿਆ ਜਾ ਸਕਦਾ ਭਰੇ ਹੋਏ ਨੂੰ ਹੋਰ ਭਰਨਾ ਅਸੰਭਵ ਹੈ।ਨਵੇਂ ਨਰੋਏ ਵਿਚਾਰ ਹੀ ਸਿਰਜਣਾਤਮਕਤਾ ਦਾ ਦੂਜਾ ਨਾਂ ਹੈ।ਸਮੁੱਚੇ ਮਾਨਵੀ ਵਿਕਾਸ ਵੱਲ ਜੇ ਝਾਤ ਮਾਰ ਕੇ ਵੇਖਿਆ ਜਾਵੇ ਤਾਂ ਇਹ ਨਵੀਨਤਮ ਵਿਚਾਰ ਹੀ ਵਿਕਾਸ ਦੀਆਂ ਜੜ੍ਹਾਂ ਵਿੱਚ ਨਜ਼ਰੀਂ ਪੈਂਦੇ ਹਨ।
-ਸੌਰਵ ਦਾਦਰੀ
84277-31983
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly