ਸਮਾਜ ਵੀਕਲੀ ਯੂ ਕੇ
ਜਲੰਧਰ- ਅੰਬੇਡਕਰ ਭਵਨ, ਡਾਕਟਰ ਅੰਬੇਡਕਰ ਮਾਰਗ, ਜਲੰਧਰ ਵਿਖੇ ਅੱਜ, ਥੋੜ੍ਹੇ ਸਮੇਂ ਦੇ ਨੋਟਿਸ ‘ਤੇ ਸ਼੍ਰੀ ਰਾਮ ਪਾਲ ਰਾਹੀ ਦੇ ਅਚਾਨਕ ਦੇਹਾਂਤ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਸ਼ਰਧਾਂਜਲੀ ਸਭਾ ਦਾ ਆਯੋਜਨ ਕੀਤਾ ਗਿਆ। ਅੰਬੇਡਕਰ ਭਵਨ ਟਰੱਸਟ, ਅੰਬੇਡਕਰ ਮਿਸ਼ਨ ਸੋਸਾਇਟੀ ਅਤੇ ਆਲ ਇੰਡੀਆ ਸਮਤਾ ਸੈਨਿਕ ਦਲ ਦੇ ਮੈਂਬਰ ਅੰਬੇਡਕਰ ਭਵਨ ਜਲੰਧਰ ਵਿਖੇ ਇਕੱਠੇ ਹੋਏ ਅਤੇ ਇਸ ਦੁੱਖ ਦੀ ਘੜੀ ਵਿੱਚ ਦੁਖੀ ਪਰਿਵਾਰ ਨਾਲ ਹਮਦਰਦੀ ਅਤੇ ਸੰਵੇਦਨਾ ਪ੍ਰਗਟ ਕੀਤੀ।
ਅੰਬੇਡਕਰਵਾਦੀ ਅਤੇ ਬੋਧੀ ਮਿਸ਼ਨ ਦਾ ਇੱਕ ਹੀਰਾ ‘ਰਾਮਪਾਲ ਰਾਹੀ’ ਸਦਾ ਲਈ ਗੁਆਚ ਗਿਆ।
ਸ਼੍ਰੀ ਰਾਮਪਾਲ ਰਾਹੀ ਯੂਕੇ ਦਾ ਦੇਹਾਂਤ ਇੱਕ ਅਚਾਨਕ ਹਾਦਸੇ ਕਾਰਨ ਹੋਇਆ। ਉਹ ਤਿੰਨ ਸੰਗਠਨਾਂ — ਫੈਡਰੇਸ਼ਨ ਆਫ ਅੰਬੇਡਕਰਾਈਟ ਐਂਡ ਬੁੱਧਿਸਟ ਆਰਗੇਨਾਈਜ਼ੇਸ਼ਨਜ਼ (FABO) UK, ਪੰਜਾਬ ਬੁੱਧਿਸਟ ਸੁਸਾਇਟੀ (U.K.), ਅੰਬੇਡਕਰ ਮਿਸ਼ਨ ਸੁਸਾਇਟੀ ਬੇਡਫਰ੍ਡ ਦੇ ਪ੍ਰਧਾਨ ਸਨ।
ਸ਼੍ਰੀ ਰਾਮਪਾਲ ਰਾਹੀ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਹਸਪਤਾਲ, ਫਗਵਾੜਾ ਅਤੇ ਪ੍ਰਬੁੱਧ ਭਾਰਤ ਫਾਊਂਡੇਸ਼ਨ ਡੱਲੇਵਾਲ ਦੇ ਸੰਸਥਾਪਕ ਮੈਂਬਰ ਸਨ। ਤਕਸ਼ਿਲਾ ਮਹਾ ਬੁੱਧ ਵਿਹਾਰ ਲੂਧਿਆਣਾ ਬਣਾਉਣ ਵਿੱਚ ਰਾਹੀ ਜੀ ਦਾ ਬਹੁਤ ਵੱਡਾ ਯੋਗਦਾਨ ਰਿਹਾ ।ਬੁੱਧ ਵਿਹਾਰ, ਲੂਧਿਆਣਾ ਵਿਚ ਸਾਂਚੀ ਸਤੂਪ ਦੀ ਨਕਲ ਦਾ ਜੋ ਗੇਟ ਬਣਿਆ ਹੋਇਆ ਹੈ, ਜਿਸ ਤੇ ਬਹੁਤ ਸੁੰਦਰ ਮੀਨਾਕਾਰੀ ਕੀਤੀ ਹੋਈ ਹੈ, ਉਸ ਨੂੰ ਬਨਾਉਣ ਦਾ ਸਾਰਾ ਖਰਚ ਰਾਹੀ ਜੀ ਨੇ ਹੀ ਕੀਤਾ ਸੀ।
6 ਦਸੰਬਰ, 2023 ਨੂੰ ਸ਼੍ਰੀ ਰਾਮ ਪਾਲ ਰਾਹੀ ਜੀ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਪ੍ਰਿਨਿਰਵਾਣ ਦਿਵਸ ‘ਤੇ ਅੰਬੇਡਕਰ ਭਵਨ, ਜਲੰਧਰ ਵਿਖੇ ਆਏ ਅਤੇ ਉਨ੍ਹਾਂ ਨੇ ਅੰਬੇਡਕਰ ਭਵਨ ਦੇ ਵਿਕਾਸ ਲਈ ਅੰਬੇਡਕਰ ਭਵਨ ਟਰੱਸਟ ਨੂੰ 2 ਲੱਖ ਰੁਪਏ ਦੀ ਰਾਸ਼ੀ ਦਾਨ ਕੀਤੀ।
ਕੁਝ ਮਹੀਨੇ ਪਹਿਲਾਂ ਹੀ ਇਟਲੀ ਵਿਚ ‘ਖੋਜ ਹਰ ਰੋਜ’ ਟੀਮ ਵੱਲੋਂ ਕੀਤੇ ਗਏ ਸਮਾਗਮ ਵਿਚ ਬੋਲਦਿਆਂ ਰਾਹੀ ਜੀ ਨੇ ਕਿਹਾ ਸੀ, “ਫਿਕਰ ਨਹੀਂ ਕਰਨਾ ਕਿ ਸਾਡੀ ਗਿਣਤੀ ਥੋੜ੍ਹੀ ਹੈ , ਹਮੇਸ਼ਾਂ ਚੰਗੇ ਬੰਦਿਆਂ ਦੀ ਗਿਣਤੀ ਥੋੜ੍ਹੀ ਹੁੰਦੀ ਹੈ, ਜਿਹੜੀ ਬਦਸ਼ਕਲ ਭੀੜ ਹੈ, ਉਹ ਬਹੁਤੀ ਹੋਵੇਗੀ।” ਉਨ੍ਹਾਂ ਨੇ ਆਪਣੇ ਜੀਵਨ ਦੌਰਾਨ ਡਾ. ਬੀ.ਆਰ. ਅੰਬੇਡਕਰ ਅਤੇ ਤਥਾਗਤ ਬੁੱਧ ਦੀ ਵਿਚਾਰਧਾਰਾ ਨੂੰ ਫੈਲਾਉਣ ਲਈ ਬਹੁਤ ਕੰਮ ਕੀਤਾ। ਉਨ੍ਹਾਂ ਨੇ ਹਮੇਸ਼ਾ ਬਹੁਤ ਸਾਰੀਆਂ ਸੰਸਥਾਵਾਂ ਅਤੇ ਵਿਅਕਤੀਆਂ ਦੀ ਮਾਲੀ ਮਦਦ ਕੀਤੀ।
ਉਨ੍ਹਾਂ ਦਾ ਸਰੀਰਕ ਵਿਛੋੜਾ, ਪਰਿਵਾਰ, ਅੰਬੇਡਕਰੀ ਅਤੇ ਬੋਧੀ ਭਾਈਚਾਰੇ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ ਪਰ ਉਨ੍ਹਾਂ ਦੀ ਯਾਦ ਅੰਬੇਡਕਰੀ ਅਤੇ ਬੋਧੀ ਸਾਥੀਆਂ ਦੇ ਦਿਲਾਂ ਵਿੱਚ ਹਮੇਸ਼ਾ ਲਈ ਰਹੇਗੀ।
ਮੁੱਖ ਬੁਲਾਰਿਆਂ: ਡਾ. ਜੀ.ਸੀ.ਕੌਲ, ਬਲਦੇਵ ਰਾਜ ਭਾਰਦਵਾਜ, ਹਰਮੇਸ਼ ਜੱਸਲ, ਅੰਬੇਡਕਰ ਮਿਸ਼ਨ ਸੁਸਾਇਟੀ ਦੇ ਪ੍ਰਧਾਨ ਪ੍ਰੋ: ਬਲਬੀਰ ਅਤੇ ਅੰਬੇਡਕਰ ਭਵਨ ਟਰੱਸਟ ਦੇ ਚੇਅਰਮੈਨ ਡਾ. ਰਾਹੁਲ ਜੱਸੀ ਨੇ ਲੇਟ ਸ਼੍ਰੀ ਰਾਮਪਾਲ ਰਾਹੀ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਚਰਨ ਦਾਸ ਸੰਧੂ, ਡਾ. ਮਹਿੰਦਰ ਸੰਧੂ, ਕਮਲ ਕੁਮਾਰ, ਮਨਜੀਤ ਸਿੰਘ, ਸੁਲੱਖਣ ਸਿੰਘ, ਗੁਰਦਿਆਲ ਜੱਸਲ, ਚਮਨ ਲਾਲ ਸਾਂਪਲਾ, ਤਿਲਕ ਰਾਜ, ਧਨੀ ਰਾਮ ਸੂਦ, ਨਿਰਮਲ ਬਿੰਝੀ, ਹਰਭਜਨ ਨਿਮਤਾ ਅਤੇ ਪ੍ਰੇਮ ਨਾਥ ਆਦਿ ਹਾਜ਼ਰ ਸਨ ।






