HOME ਟੂਰ ਦੀ ਇੱਕ ਗੱਲ

ਟੂਰ ਦੀ ਇੱਕ ਗੱਲ

1
ਰਮੇਸ ਸੇਠੀ ਬਾਦਲ
   (ਸਮਾਜ ਵੀਕਲੀ)  ਦਾਰੂ ਪੀਣ ਦੇ ਬਹੁਤ ਨੁਕਸਾਨ ਗਿਣਵਾਏ ਜਾਂਦੇ ਹਨ।  ਪਰ ਇਸਦੇ ਕੁਝ ਕਿੱਸੇ ਯਾਦਗਾਰੀ ਹੋ ਨਿਬੜਦੇ ਹਨ। ਵੀਹਵੀਂ ਸਦੀ ਦੇ ਅਖੀਰਲੇ ਸਾਲਾਂ ਵਿੱਚ ਅਸੀਂ ਸਕੂਲੀ ਬੱਚੀਆਂ ਦਾ ਇੱਕ ਟੂਰ ਲੈਕੇ ਜੈਸਲਮੇਰ ਰਾਜਸਥਾਨ ਘੁੰਮਣ ਗਏ। ਅੱਗੇ ਅਸੀਂ ਰੇਤਲਾ ਇਲਾਕਾ ਵੇਖਣ ਚਲੇ ਗਏ ਜਿਸਨੂੰ ਸ਼ਾਇਦ ਡਿਊਨਜ ਕਹਿੰਦੇ ਹਨ। ਉਹ ਹਜ਼ਾਰਾਂ ਕਿਲੋਮੀਟਰ ਚ ਫੈਲਿਆ ਰੇਤਲਾ ਇਲਾਕਾ ਹੈ ਤੇ ਵੇਖਣਯੋਗ ਹੈ। ਇਹ ਇਲਾਕਾ ਪੋਖਰਨ ਦੇ ਨੇੜੇ ਹੈ ਜਿੱਥੇ ਭਾਰਤ ਨੇ ਪ੍ਰਮਾਣੂ ਧਮਾਕੇ ਕੀਤੇ ਸਨ। ਉੱਥੇ ਲੋਕ ਹਜ਼ਾਰਾਂ ਦੀ ਤਾਦਾਦ ਵਿੱਚ ਊਠ ਲੈਕੇ ਆਉਂਦੇ ਹਨ ਅਤੇ ਉਹ ਊਠਾਂ ਤੇ ਯਾਤਰੀਆਂ ਨੂੰ ਘੁੰਮਾਉਂਦੇ ਹਨ। ਇਹ ਓਹਨਾ ਦਾ ਰੋਜਗਾਰ ਹੈ। ਉਥੇ  ਸਰਕਾਰ ਵੱਲੋਂ ਸੁਰੱਖਿਆ ਦੇ ਨਾਮ ਤੇ ਦੋ ਸਿਪਾਹੀ ਡਿਊਟੀ ਤੇ ਤਾਇਨਾਤ ਸਨ। ਸ਼ਾਮ ਦਾ ਵੇਲਾ ਸੀ ਮੈੱਸ ਠੇਕੇਦਾਰ ਦੇਵ ਰਾਜ ਸਭ ਲਈ ਡਿਨਰ ਤਿਆਰ ਕਰ ਰਿਹਾ ਸੀ। ਪ੍ਰਿੰਸੀਪਲ ਸੈਣੀ ਆਪਣੇ ਨਾਲ ਗਏ ਦੋਸਤ ਡਾਕਟਰ ਲੂਚੇ ਅਤੇ ਐਕਸੀਅਨ ਬਿਜਲੀ ਬੋਰਡ ਮਿਸਟਰ ਗਰੇਵਾਲ ਨਾਲ ਸ਼ਰਾਰਤ ਯੁਕਤ ਤਰਲ ਕੈਮੀਕਲ ਦਾ ਸੇਵਨ ਕਰ ਰਹੇ ਸਨ। ਦੂਜੇ ਨੰਬਰ ਦੀ ਸਰਕਾਰ ਨੇ ਬੱਚੀਆਂ ਲਈ ਕੈਂਪ ਫਾਇਰ ਦਾ ਪ੍ਰਬੰਧ ਕਰਵਾਕੇ ਉਥੇ ਕੰਜਰਲ (ਸੌਰੀ ਕਲਚਰਲ) ਪ੍ਰੋਗਰਾਮ ਸ਼ੁਰੂ ਕਰਵਾ ਦਿੱਤਾ। ਅਨਭੋਲ ਬੱਚੀਆਂ ਨੂੰ ਨੱਚਦੇ ਟੱਪਦੇ ਦੇਖਕੇ ਉਥੋਂ ਦੀ ਭੀੜ ਤਮਾਸ਼ਬੀਨ ਬਣਕੇ ਪ੍ਰੋਗਰਾਮ ਵੇਖਣ ਲੱਗੀ। ਪ੍ਰਿੰਸੀਪਲ ਸਾਹਿਬ ਤੇ ਤਰਲ ਪਦਾਰਥ ਦਾ ਉਲਟਾ ਅਸਰ ਹੋ ਗਿਆ। ਉਹ ਭੀੜ ਤੋਂ ਡਰ ਗਏ। ਉਹਨਾਂ ਬੱਚੀਆਂ  ਨੂੰ ਬੱਸ ਵਿੱਚ ਜਾਣ ਦਾ ਹੁਕਮਨਾਮਾ ਜਾਰੀ ਕਰ ਦਿੱਤਾ। ਅੱਧਰਿਝੀਆਂ ਦਾਲਾਂ, ਸਬਜ਼ੀਆਂ ਦੇ ਪਤੀਲੇ ਚੁੱਲ੍ਹੇ ਤੋਂ ਉਤਾਰਕੇ ਬੱਸ ਦੀ ਛੱਤ ਤੇ ਰਖਵਾਏ ਗਏ।  ਠੇਕੇਦਾਰ ਨੇ ਚੁੱਲ੍ਹੇ ਵਿੱਚ ਮੱਚਦੀਆਂ ਲੱਕੜਾਂ ਨੂੰ ਵੀ ਪਾਣੀ ਨਾਲ ਬੁਝਾਕੇ ਬੱਸ ਦੀ ਛੱਤ ਤੇ ਰੱਖ ਲਿਆ। ਨਾਲ ਗਏ ਦਰਜ਼ਾ ਚਾਰ ਕਰਮਚਾਰੀਆਂ ਦੇ ਹੱਥਾਂ ਵਿੱਚ ਹਾਕੀਆਂ ਫੜਾਕੇ ਪੂਰਾ ਮੁਸਤੈਦ ਕਰ ਦਿੱਤਾ ਗਿਆ ਤੇ ਸੰਭਾਵੀ ਹਮਲੇ ਦਾ ਡੱਟਕੇ ਮੁਕਾਬਲਾ ਕਰਨ ਦੇ ਆਦੇਸ਼ ਜ਼ਾਰੀ ਦਿੱਤੇ। ਤਰਲ ਪਦਾਰਥ ਦੇ ਅਸਰ ਨਾਲ ਵੱਡੇ ਸਾਹਿਬ ਇੰਨਾਂ ਡਰ ਗਏ ਕਿ ਉਹਨਾਂ ਨੇ ਆਪਣੀ ਕਾਰ ਬੱਸ ਦੇ ਪਿੱਛੇ ਲਾਉਣੀ ਬੇਹਤਰ ਸਮਝੀ ਤਾਂਕਿ ਅੱਗੇ ਕੋਈ ਰਾਹ ਰੋਕਕੇ ਖੜਾ ਹਮਲਾ ਨਾ ਕਰ ਦੇਵੇ।  ਹੁਣ ਬੱਸ ਪਿੱਛੇ ਸਾਹਿਬ ਦੀ ਕਾਰ ਸੀ। ਮੌਕੇ ਤੇ ਡਾਕਟਰ ਲੂਚੇ ਨੂੰ ਪ੍ਰੈਸ਼ਰ ਬਣ ਗਿਆ। ਮੂਤਰ ਪੈਂਟ ਗਿੱਲੀ ਕਰਨ ਨੂੰ ਤਿਆਰ ਸੀ। ਹੁਣ ਕਾਰ ਨੂੰ ਬੱਸ ਪਿੱਛੇ ਰੋਕਣਾ ਵੀ ਖਤਰੇ ਤੋਂ ਖਾਲੀ ਨਹੀਂ ਸੀ। ਫਿਰ ਕਾਰ ਨੂੰ ਬੱਸ ਕਰਾਸ ਕਰਵਾਈ ਗਈ। ਡਾ ਲੂਚੇ ਨੇ ਸੜ੍ਹਕ ਹੀ ਗਿੱਲੀ ਕਰ ਦਿੱਤੀ ਤੇ ਗੁਰੂ ਗੁਰੂ ਕਰਦਾ ਸਾਡਾ ਕਾਫਲਾ ਜੈਸਲਮੇਰ ਵਿੱਚ ਸਾਡੇ ਠਿਕਾਣੇ ਵਾਲੇ ਹੋਟਲ ਤੇ ਪਹੁੰਚਿਆ। ਪ੍ਰਬੰਧਕਾਂ ਦੀ ਦਲੇਰੀ ਵੇਖਕੇ ਮੇਰੇ ਵਰਗੇ ਸੌਂਫੀ ਅਤੇ ਬੱਚੇ ਅੰਦਰੋਂ ਅੰਦਰੀ ਹੱਸ ਰਹੇ ਸਨ। ਦੇਰ ਰਾਤ ਤੱਕ ਬੱਚੇ ਇਸ ਬਹਾਦਰੀ ਦੀਆਂ ਗੱਲਾਂ ਕਰਦੇ ਰਹੇ ਉਂਜ ਗਿਆਰਵੀਂ ਬਾਰ੍ਹਵੀਂ ਦੇ ਬੱਚੇ ਜੁਆਕ ਨਹੀਂ ਹੁੰਦੇ।
 ਰਮੇਸ਼ ਸੇਠੀ ਬਾਦਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleTHE SUPERCONDUCTORS
Next articleਨੁੱਕੜ ਨਾਟਕਾਂ ਦੇ ਬਾਬਾ ਬੋਹੜ : ਗੁਰਸ਼ਰਨ ਸਿੰਘ ਉਰਫ਼ ਭਾਈ ਮੰਨਾ ਸਿੰਘ