ਦੁਕਾਨ ਦੇ ਵਿਵਾਦ ਕਾਰਨ ਦੋ ਧਿਰਾਂ ਵਿਚਾਲੇ ਗੋਲੀ ਚੱਲੀ

ਲੁਧਿਆਣਾ (ਸਮਾਜ ਵੀਕਲੀ):  ਇੱਥੇ ਦੇ ਮੁਹੱਲਾ ਧਰਮਪੁਰਾ ਇਲਾਕੇ ’ਚ ਮੰਗਲਵਾਰ ਦੇਰ ਰਾਤ ਨੂੰ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਦੋ ਪੱਖਾਂ ’ਚ ਦੁਕਾਨ ਦੇ ਵਿਵਾਦ ਨੂੰ ਲੈ ਕੇ ਕੁੱਟਮਾਰ ਹੋ ਗਈ। ਇੱਕ ਧੜੇ ’ਤੇ ਗੋਲੀ ਚਲਾਉਣ ਦਾ ਵੀ ਦੋਸ਼ ਲਾਇਆ ਗਿਆ ਹੈ। ਉਸ ਤੋਂ ਬਾਅਦ ਕੁੱਟਮਾਰ ਕਰ ਕੇ ਮੁਲਜ਼ਮ ਫ਼ਰਾਰ ਹੋ ਗਏ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਦੇ ਉੱਚ ਅਧਿਕਾਰੀਆਂ ਨੇ ਮੌਕੇ ’ਤੇ ਪੁੱਜ ਕੇ ਜਾਂਚ ਕੀਤੀ। ਜਾਂਚ ਦੌਰਾਨ ਪਤਾ ਲੱਗਿਆ ਕਿ ਮੁਲਜ਼ਮ ਸੀਸੀਟੀਵੀ ਕੈਮਰੇ ਦਾ ਡੀਵੀਆਰ ਵੀ ਨਾਲ ਲੈ ਗਏ ਹਨ। ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ-3 ਦੀ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਸਬੀਰ ਸਿੰਘ ਸੰਧੂ ਨੇ ਦੱਸਿਆ ਕਿ ਧਰਮਪੁਰਾ ਇਲਾਕੇ ’ਚ ਉਸ ਦੀ ਦੁਕਾਨ ਹੈ। ਤਿੰਨ ਮਹੀਨੇ ਪਹਿਲਾਂ ਉਸ ਨੇ ਇਲਾਕੇ ’ਚ ਇੱਕ ਔਰਤ ਨੂੰ ਦੁਕਾਨ ਵੇਚ ਦਿੱਤੀ ਸੀ, ਪਰ ਦੂਜੇ ਧੜੇ ਦੇ ਲੋਕ ਉਸ ’ਤੇ ਕਬਜ਼ਾ ਕਰਨਾ ਚਾਹੁੰਦੇ ਸਨ। ਇਸ ਲਈ ਦੂਜੀ ਧਿਰ ਨਾਲ ਗੱਲਬਾਤ ਕਰਨ ਲਈ ਉਨ੍ਹਾਂ ਨੂੰ ਬੁਲਾਇਆ ਗਿਆ ਸੀ। ਇਸ ਤੋਂ ਬਾਅਦ ਦੂਜੇ ਧੜੇ ਦੇ ਇੱਕ ਨੌਜਵਾਨ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਤੇ ਧਮਕੀਆਂ ਦਿੰਦੇ ਹੋਏ ਗੋਲੀਆਂ ਵੀ ਚਲਾਈਆਂ।

ਦੂਜੇ ਪੱਖ ਦੇ ਵਕੀਲ ਦਪਿੰਦਰ ਸਿੰਘ ਨੇ ਦੱਸਿਆ ਕਿ ਜਿਸ ਦੁਕਾਨ ਦਾ ਵਿਵਾਦ ਹੈ, ਉਨ੍ਹਾਂ ਨੇ ਸਟੇਅ ਲਿਆ ਹੋਇਆ ਹੈ। ਉਹ ਆਪਣੇ ਦਫ਼ਤਰ ’ਚ ਭਰਾ ਨਾਲ ਬੈਠਾ ਸੀ। ਇਸੇ ਦੌਰਾਨ ਕੁਝ ਲੋਕ ਦਫ਼ਤਰ ’ਚ ਆਏ ਤੇ ਭੰਨਤੋੜ ਕੀਤੀ। ਹਮਲਾਵਾਰ ਕੁੱਟਮਾਰ ਤੋਂ ਬਾਅਦ ਦਫ਼ਤਰ ’ਚ ਭੰਨਤੋੜ ਕਰ ਕੇ ਡੀਵੀਆਰ ਵੀ ਨਾਲ ਲੈ ਗਏ। ਇਸ ਮਾਮਲੇ ’ਚ ਥਾਣਾ ਡਿਵੀਜ਼ਨ ਨੰਬਰ-3 ਦੇ ਐਸ.ਐਚ.ਓ. ਸਬ ਇੰਸਪੈਕਟਰ ਆਕਾਸ਼ ਦੱਤ ਨੇ ਦੱਸਿਆ ਕਿ ਹਾਲੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

ਗੋਲੀ ਚੱਲਣ ਦੀ ਸੂਚਨਾ ਮਿਲਣ ਸਾਰ ਹੀ ਕਈ ਥਾਣਿਆਂ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਆਉਣ ਕਾਰਨ ਇਲਾਕਾ ਛਾਉਣੀ ਵਿੱਚ ਤਬਦੀਲ ਹੋ ਗਿਆ।

ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਘਟਨਾ

ਕੁੱਟਮਾਰ ਦੀ ਸਾਰੀ ਘਟਨਾ ਮਾਰਕੀਟ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋ ਗਈ। ਪੁਲੀਸ ਨੇ ਆਸਪਾਸ ਦੀਆਂ ਦੁਕਾਨਾਂ ਵਾਲਿਆਂ ਕੋਲੋਂ ਫੁਟੇਜ ਲੈ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਈਵੀਐੱਮ ਵਿਵਾਦ: ਯੂਪੀ ਦੇ ਤਿੰਨ ਅਧਿਕਾਰੀ ਚੋਣ ਡਿਊਟੀ ਤੋਂ ਹਟਾਏ
Next articleਬੀਬੀਐੱਮਬੀ: ਕੇਂਦਰ ਨੇ ਪੰਜਾਬ ਦੇ ਹੱਕ ਖ਼ਤਮ ਕਰਨ ਵੱਲ ਕਦਮ ਵਧਾਏ