ਈਵੀਐੱਮ ਵਿਵਾਦ: ਯੂਪੀ ਦੇ ਤਿੰਨ ਅਧਿਕਾਰੀ ਚੋਣ ਡਿਊਟੀ ਤੋਂ ਹਟਾਏ

ਲਖਨਊ (ਸਮਾਜ ਵੀਕਲੀ):  ਸਮਾਜਵਾਦੀ ਪਾਰਟੀ ਵੱਲੋਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐੱਮਜ਼) ’ਚ ਹੇਰਾਫੇਰੀ ਦੀ ਸ਼ਿਕਾਇਤ ਕੀਤੇ ਜਾਣ ਮਗਰੋਂ ਅੱਜ ਚੋਣ ਕਮਿਸ਼ਨ ਹਰਕਤ ’ਚ ਆਇਆ ਅਤੇ ਉਸ ਨੇ ਵਾਰਾਨਸੀ ਦੀ ਵਧੀਕ ਜ਼ਿਲ੍ਹਾ ਮੈਜਿਸਟਰੇਟ ਨਲਿਨੀ ਕਾਂਤ ਸਿੰਘ ਸਮੇਤ ਤਿੰਨ ਅਧਿਕਾਰੀਆਂ ਨੂੰ ਚੋਣ ਡਿਊਟੀ ਤੋਂ ਹਟਾ ਦਿੱਤਾ। ਜ਼ਿਕਰਯੋਗ ਹੈ ਕਿ ਪ੍ਰੋਟੋਕੋਲ ਦਾ ਪਾਲਣ ਕੀਤੇ ਬਿਨਾਂ ਈਵੀਐੱਮਜ਼ ਨੂੰ ਲਿਜਾਣ ਕਾਰਨ ਹੰਗਾਮਾ ਖੜ੍ਹਾ ਹੋਇਆ ਸੀ। ਨਲਿਨੀ ਕਾਂਤ ਸਿੰਘ ਦੀ ਥਾਂ ’ਤੇ ਸੰਜੈ ਕੁਮਾਰ ਨੂੰ ਈਵੀਐੱਮਜ਼ ਲਈ ਨੋਡਲ ਅਫ਼ਸਰ ਬਣਾਇਆ ਗਿਆ ਹੈ। ਬਰੇਲੀ ’ਚ ਵਧੀਕ ਚੋਣ ਅਧਿਕਾਰੀ ਵੀ ਕੇ ਸਿੰਘ ’ਤੇ ਵੀ ਗਾਜ਼ ਡਿੱਗੀ ਹੈ। ਬਹੇੜੀ ਇਲਾਕੇ ’ਚ ਕੂੜੇ ਦੇ ਢੇਰ ਅੰਦਰ ਬੈਲੇਟ ਬਾਕਸ ਅਤੇ ਹੋਰ ਚੋਣ ਸਮੱਗਰੀ ਮਿਲਣ ਮਗਰੋਂ ਉਸ ਖ਼ਿਲਾਫ਼ ਕਾਰਵਾਈ ਹੋਈ ਹੈ। ਸੋਨਭੱਦਰ ਜ਼ਿਲ੍ਹੇ ਦੇ ਘੋਰਾਵਾਲ ਦੇ ਰਿਟਰਨਿੰਗ ਅਫ਼ਸਰ ਰਮੇਸ਼ ਕੁਮਾਰ ਦੀ ਕਾਰ ’ਚੋਂ ਬੈਲੇਟ ਪੇਪਰ ਮਿਲਣ ਮਗਰੋਂ ਡਿਊਟੀ ਤੋਂ ਹਟਾਇਆ ਗਿਆ ਹੈ। ਵਾਰਾਨਸੀ ’ਚ ਪੁਲੀਸ ਨੇ ਈਵੀਐੱਮਜ਼ ਨੂੰ ਲਿਜਾਣ ਸਮੇਂ ਹੋਈ ਹਿੰਸਾ ਲਈ 300 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਨੇ ਮੰਗਲਵਾਰ ਨੂੰ ਤਿੰਨ ਸਥਾਨਾਂ ਦੀ ਮਿਸਾਲ ਦਿੰਦਿਆਂ ਦੋਸ਼ ਲਾਇਆ ਸੀ ਕਿ ਵੋਟਾਂ ਚੋਰੀ ਕੀਤੀਆਂ ਜਾ ਰਹੀਆਂ ਹਨ। ਆਪਣੇ ਟਵਿੱਟਰ ਹੈਂਡਲ ’ਤੇ ਸਮਾਜਵਾਦੀ ਪਾਰਟੀ ਨੇ ਇਕ ਅਧਿਕਾਰੀ ਦਾ ਵੀਡੀਓ ਕਲਿੱਪ ਅਪਲੋਡ ਕੀਤਾ ਹੈ ਜਿਸ ਨੇ ਮੰਨਿਆ ਹੈ ਕਿ ਮੰਗਲਵਾਰ ਨੂੰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਨੂੰ ਲਿਜਾਣ ਸਮੇਂ ਪ੍ਰੋਟੋਕੋਲ ਦਾ ਪਾਲਣ ਨਹੀਂ ਕੀਤਾ ਗਿਆ ਸੀ। ਉਂਜ 45 ਸਕਿੰਟ ਦੇ ਵੀਡੀਓ ’ਚ ਅਧਿਕਾਰੀ ਇਸ ਸੰਭਾਵਨਾ ਨੂੰ ਵੀ ਨਕਾਰ ਰਿਹਾ ਹੈ ਕਿ ਈਵੀਐੱਮਜ਼ ਨਾਲ ਕੋਈ ਛੇੜਖਾਨੀ ਹੋਈ ਹੈ। ਟਵੀਟ ’ਚ ਕਿਹਾ ਗਿਆ ਹੈ,‘‘ਕਈ ਜ਼ਿਲ੍ਹਿਆਂ ’ਚ ਈਵੀਐੱਮਜ਼ ਨਾਲ ਹੇਰਾਫੇਰੀ ਦੀਆਂ ਰਿਪੋਰਟਾਂ ਮਿਲੀਆਂ ਹਨ। ਇਹ ਕਿਸ ਦੇ ਨਿਰਦੇਸ਼ਾਂ ’ਤੇ ਹੋ ਰਿਹਾ ਹੈ? ਕੀ ਅਧਿਕਾਰੀਆਂ ’ਤੇ ਮੁੱਖ ਮੰਤਰੀ ਦੇ ਦਫ਼ਤਰ ਤੋਂ ਦਬਾਅ ਪਾਇਆ ਜਾ ਰਿਹਾ ਹੈ। ਚੋਣ ਕਮਿਸ਼ਨ ਇਸ ਬਾਰੇ ਸਪੱਸ਼ਟ ਕਰੇ।’’ ਯੂਪੀ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਨੇ ਮੰਗਲਵਾਰ ਦੇਰ ਰਾਤ ਬਿਆਨ ਜਾਰੀ ਕਰਕੇ ਕਿਹਾ ਕਿ ਕੁਝ ਸਿਆਸੀ ਪਾਰਟੀਆਂ ਦੇ ਲੋਕਾਂ ਵੱਲੋਂ ਵਾਹਨ ਰੋਕ ਕੇ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਚੋਣਾਂ ’ਚ ਵਰਤੀਆਂ ਗਈਆਂ ਈਵੀਐੱਮਐੱਜ਼ ਫੜੀਆਂ ਗਈਆਂ ਹਨ। ਉਨ੍ਹਾਂ ਕਿਹਾ,‘‘ਵਾਰਾਨਸੀ ਦੇ ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਭੇਜੀ ਗਈ ਰਿਪੋਰਟ ਮੁਤਾਬਕ ਜਾਂਚ ’ਚ ਪਾਇਆ ਗਿਆ ਕਿ ਇਹ ਈਵੀਐੱਮਐੱਜ ਸਿਖਲਾਈ ਲਈ ਸਨ ਜੋ ਅੱਜ ਦਿੱਤੀ ਜਾਣੀ ਸੀ।’’ ਉਨ੍ਹਾਂ ਕਿਸੇ ਤਰ੍ਹਾਂ ਦੀ ਹੇਰਾ-ਫੇਰੀ ਤੋਂ ਇਨਕਾਰ ਕੀਤਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleVice President to address Mizoram Assembly on Thursday
Next articleਦੁਕਾਨ ਦੇ ਵਿਵਾਦ ਕਾਰਨ ਦੋ ਧਿਰਾਂ ਵਿਚਾਲੇ ਗੋਲੀ ਚੱਲੀ