(ਸਮਾਜ ਵੀਕਲੀ)
ਮਨੁੱਖੀ ਮਾਨਸਿਕਤਾ ਸਮੁੰਦਰਾਂ ਨਾਲੋਂ ਵਧੇਰੇ ਦਰਿਆਵਾਂ ਨਾਲ ਜੁੜੀ ਹੋਈ ਹੈ । ਲੋਕ ਧਾਰਾ ਵੀ ਦਿਲ ਦੀ ਤੁਲਨਾ ਸਮੁੰਦਰ ਨਾਲ ਨਹੀਂ ਕਰਦੀ ਸਗੋਂ ਐਸੇ ਦਰਿਆ ਨਾਲ ਕਰਦੀ ਹੈ, ਜੋ ਸਮੁੰਦਰ ਨਾਲੋਂ ਵੀ ਡੂੰਘਾ ਹੈ । ਦੁਨੀਆ ਦੀਆਂ ਸਾਰੀਆਂ ਸੱਭਿਅਤਾਵਾਂ ਦਰਿਆਵਾਂ ਦੇ ਕੰਢਿਆਂ ‘ਤੇ ਹੀ ਉੱਸਰੀਆਂ, ਕਿੰਨੇ ਹੀ ਪਿਆਰ ਦਰਿਆਵਾਂ ਦੇ ਪੱਤਣਾਂ ‘ਤੇ ਆਰੰਭ ਹੋਏ ਅਤੇ ਦਰਿਆਵਾਂ ਦੀ ਗੋਦ ਵਿਚ ਸਮਾ ਗਏ । ਧਰਤੀ ਦੇ ਪੁੱਤਰਾਂ ਨੇ ਧਰਤੀ ਵੰਡੀ ਤਾਂ ਦਰਿਆ ਧਰਤੀ ਦੇ ਟੁਕੜਿਆਂ ਦੀਆਂ ਸਰਹੱਦਾਂ ਮਿਥੇ ਗਏ । ਤੇ ਜਦੋਂ ਧਰਤੀ ਦੇ ਪੁੱਤਰਾਂ ਦਾ ਖ਼ੂਨ ਵਗਿਆ ਤਾਂ ਦਰਿਆਵਾਂ ਦੇ ਪਾਣੀ ਲਾਲ ਰੱਤੇ ਹੋ ਗਏ । ਦਰਿਆ ਮਨੁੱਖ ਦੇ ਡੂੰਘੇ ਦਰਦਾਂ ਨੂੰ ਜਾਣਦੇ ਹਨ ਪਰ ਸ਼ਾਇਦ ਮਨੁੱਖ ਦਰਿਆਵਾਂ ਦੇ ਡੂੰਘੇ ਦਰਦਾਂ ਦੀ ਥਾਹ ਪਾਉਣ ਖੁਣੋਂ ਅਵੇਸਲੇ ਰਹੇ ਹਨ । ਪਰ ਡਾ. ਮੇਹਰ ਮਾਣਕ ਦਾ ਕਾਵਿ ਸੰਗ੍ਰਹਿ ‘ਡੂੰਘੇ ਦਰਦ ਦਰਿਆਵਾਂ ਦੇ’ ਪੜ੍ਹਦਿਆਂ ਇਹ ਭੁਲੇਖਾ ਲਹਿ ਗਿਆ ।
ਡਾ. ਮੇਹਰ ਮਾਣਕ ਇਕ ਪ੍ਰਬੁੱਧ ਚਿੰਤਕ, ਸਮਾਜ ਸ਼ਾਸਤਰ ਦਾ ਵਿਦਵਾਨ, ਅਤੇ ਸੰਵੇਦਨਸ਼ੀਲ ਸ਼ਾਇਰ ਹੈ । ਉਸ ਦੀ ਕਾਵਿ ਪੁਸਤਕ ‘ਡੂੰਘੇ ਦਰਦ ਦਰਿਆਵਾਂ ਦੇ’ ਦਾ ਇਕ ਵੱਡਾ ਹਿੱਸਾ ਦਰਿਆਵਾਂ ਦੀ ਹੀ ਗੱਲ ਕਰਦਾ ਹੈ । ਇਸ ਪੁਸਤਕ ਨੂੰ ਪੜ੍ਹਦਿਆਂ ਜਿੱਥੇ ਉਸ ਦਾ ਕਾਵਿ, ਦਰਿਆਵਾਂ ਤੇ ਮਨੁੱਖਾਂ ਦੇ ਉੱਪਰ-ਵਰਣਿਤ ਸੰਬੰਧਾਂ ਬਾਰੇ ਮੇਰੇ ਵਿਚਾਰਾਂ ਦਾ ਹੁੰਗਾਰਾ ਭਰਦਾ ਜਾਪਿਆ ਓਥੇ ਮੇਰੀ ਉਂਗਲ ਫੜ ਕੇ ਮੈਨੂੰ ਦਰਿਆਵਾਂ ਤੇ ਮਨੁੱਖਾਂ ਦੇ ਰਿਸ਼ਤਿਆਂ ਦੀਆਂ ਹੋਰ ਪਰਤਾਂ ਵੱਲ ਵੀ ਲੈ ਤੁਰਿਆ । ਤੇ ਉਸ ਦੀ ਦਰਿਆ ਵਾਂਗ ਵਗਦੀ ਕਾਵਿ ਸ਼ੈਲੀ ਤਾਂ ਮੈਨੂੰ ਆਪਣੇ ਨਾਲ ਰੋੜ੍ਹਦੀ ਹੋਈ ਕਿਤੇ ਦਾ ਕਿਤੇ ਲੈ ਗਈ ।
ਉਸ ਦੀ ਕਵਿਤਾ ਵਿਚ ਮਨੁੱਖ ਅਤੇ ਦਰਿਆ ਆਪਸ ਵਿਚ ਦੁੱਖ ਸਾਂਝੇ ਕਰਦੇ ਹਨ । ਮਨੁੱਖ ਦਰਿਆ ਵਾਂਗ ਵਗਦਾ ਦੇ ਤੇ ਦਰਿਆ ਮਨੁੱਖ ਵਾਂਗ ਵਿਹਾਰ ਕਰਦਾ ਹੈ । ਦਰਿਆਵਾਂ ਦਾ ਮਾਨਵੀਕ੍ਰਿਤ ਰੂਪ ਸਦੀਆਂ ਤੋਂ ਕਾਵਿ ਦੀ ਇਕ ਸ਼ਕਤੀਸ਼ਾਲੀ ਜੁਗਤ ਰਿਹਾ ਹੈ । ਪੁਰਾਣੇ ਵੇਲਿਆਂ ਦੇ ਇਕ ਮਹਾਕਾਵਿ ਵਿਚ ਇਕ ਪਵਿੱਤਰ ਨਦੀ ਇਸਤਰੀ ਦਾ ਰੂਪ ਧਾਰ ਇਕ ਮਹਾਯੋਧੇ ਨੂੰ ਜਨਮ ਦੇਣ ਵਾਲੀ ਮਾਂ ਵਜੋਂ ਵਿਚਰਦੀ ਹੈ । ਮੇਹਰ ਮਾਣਕ ਵੀ ਰਾਵੀ ਨੂੰ ਇਕ ਇਸਤਰੀ ਵਜੋਂ ਤੇ ਜੇਹਲਮ ਨੂੰ ਇਕ ਨਾਬਰ ਯੋਧੇ ਵਜੋਂ ਮਾਨਵੀ ਰੂਪ ਦਿੰਦਾ ਹੈ । ਦਰਿਆਵਾਂ ਨੂੰ ਮਨੁੱਖੀ ਸਭਿਅਤਾ ਦਾ ਪੰਘੂੜਾ ਆਖਣ ਵਾਲੀ ਗੱਲ ਸੰਕੇਤਕ ਰੂਪ ਵਿਚ ਉਹ ਵੀ ਕਰਦਾ ਹੈ । ਉਸ ਦੀ ਕਵਿਤਾ ਵਿਚ ਕਿਧਰੇ ਦਰਿਆ ਆਪਸ ਵਿਚ ਗਲਵੱਕੜੀ ਪਾਉਂਦੇ ਹਨ, ਕਿਧਰੇ ਦਰਿਆ ਕੰਢਿਆਂ ਦੇ ਉੱਪਰ ਦੀ ਵਗਦੇ ਹਨ ਤੇ ਕਦੇ ਅਸਲੋਂ ਸੁੱਕ ਜਾਂਦੇ ਹਨ ।
ਸਪਸ਼ਟ ਹੈ ਕਿ ਇਹ ਸੁੱਕੇ ਹੋਏ ਦਰਿਆ ਮੋਹ ਦੇ, ਭਾਈਚਾਰੇ ਦੇ ਅਤੇ ਮਾਨਵੀ ਕੀਮਤਾਂ ਦੇ ਦਰਿਆ ਹਨ, ਜੋ ਸਾਡੇ ਸਮਿਆਂ ਤਕ ਆਉਂਦੇ ਆਉਂਦੇ ਅਸਲੋਂ ਸੁੱਕ ਗਏ ਹਨ । ਉਸ ਨੇ ਰਾਵੀ, ਸਤਲੁਜ, ਬਿਆਸ, ਝਣਾਂ, ਜੇਹਲਮ ਨੂੰ ਵੱਖਰੇ ਵੱਖਰੇ ਥੀਮਕ ਪਾਸਾਰ ਅਤੇ ਕਾਵਿਕ ਉਲਾਰ ਦੇ ਪੱਖੋਂ ਪੇਸ਼ ਕੀਤਾ ਹੈ । ਉਸ ਦੇ ਕਾਵਿ ਵਿਚ ਦਰਿਆ ਵੱਥ ਵੀ ਹਨ ਤੇ ਕੱਥ ਵੀ, ਸੂਤਰ ਵੀ ਹਨ ਤੇ ਸੂਤਰਧਾਰ ਵੀ, ਸੰਵਾਦ ਰਚਾਉਂਦੀ ਧਿਰ ਵੀ ਹਨ ਤੇ ਸੰਵਾਦ ਦਾ ਵਿਸ਼ਾ ਵੀ ਹਨ, ਦਰਦ ਵੀ ਹਨ ਤੇ ਦਵਾ ਵੀ ਹਨ, ਮਾਨਵੀ ਸਮਾਜ ਦਾ ਅੱਗਾ ਵੀ ਹਨ ਤੇ ਪਿੱਛਾ ਵੀ– ਜਿਉਂ ਜਿਉਂ ਕਵਿਤਾ ‘ਚ ਉੱਤਰਦੇ ਜਾਓ, ਦਰਿਆ ਹੋਰ ਡੂੰਘੇ, ਹੋਰ ਡੂੰਘੇ ਹੁੰਦੇ ਜਾਣਗੇ ।
ਉਸ ਦਾ ਕਾਵਿ-ਦਰਿਆ ਨਿੱਜੀ ਦਰਦ ਤੇ ਲੋਕ ਦਰਦ ਦੇ ਪਾਣੀਆਂ ਨਾਲ ਭਰਪੂਰ ਹੈ । ਇਸ ਕਾਵਿ ਦਰਿਆ ਦੀਆਂ ਲਹਿਰਾਂ ਕਿਧਰੇ ਮਾਂ ਬੋਲੀ ਦੇ ਸੋਹਲੇ ਗਾਉਂਦੀਆਂ ਕਲ-ਕਲ ਕਰਦੀਆਂ ਹਨ, ਕਿਧਰੇ ਥਲ ਵਰਗੇ ਸਮਕਾਲੀ ਹਾਲਾਤ ਨੂੰ ਮੋਹ ਦੇ ਪਾਣੀਆਂ ਨਾਲ ਸਿੰਜ ਕੇ ਹਰਿਆਵਲ ਭਰਿਆ ਕਰਨਾ ਲੋਚਦੀਆਂ ਹਨ ।
ਪੰਜਾਬੀ ਵਿਚ ਦਰਿਆਵਾਂ ਦੀ ਗੱਲ ਕਰਦੀ, ਦਰਿਆਵਾਂ ਨਾਲ ਸੰਵਾਦ ਰਚਾਉਂਦੀ, ਦਰਿਆਵਾਂ ਦੇ ਦਰਦ ਫਰੋਲਦੀ ਅਤੇ ਦਰਿਆਵਾਂ ਦੀ ਤੋਰ ਤੁਰਦੀ ਕਵਿਤਾ ਦੀ ਬੜੀ ਘਾਟ ਸੀ, ਜਿਸ ਘਾਟ ਨੂੰ ਡਾ. ਮੇਹਰ ਮਾਣਕ ਦੀ ਕਾਵਿ ਪੁਸਤਕ ਕਾਫ਼ੀ ਹੱਦ ਤਕ ਪੂਰਾ ਕਰ ਦਿੰਦੀ ਹੈ । ਉਸ ਦੀ ਕਵਿਤਾ ਵਿਚ ਵੇਗ ਦੀ ਹੈ ਤੇ ਰਿਦਮ ਵੀ । ਉਸ ਨੂੰ ਨਸਰੀ ਨਜ਼ਮ ਦੀ ਘਾੜਤ ਦਾ ਗਿਆਨ ਵੀ ਹੈ ਅਤੇ ਪਾਬੰਦ ਨਜ਼ਮ ਦੀ ਘਾੜਤ ਦਾ ਵੀ । ਉਸ ਨੂੰ ਬਿੰਬ ਸਿਰਜਣੇ ਆਉਂਦੇ ਹਨ, ਚਿਹਨਕਾਰੀ ਦਾ ਇਲਮ ਵੀ ਹੈ ਅਤੇ ਉਸ ਦੀ ਭਾਸ਼ਾ ਉੱਪਰ ਵੀ ਵਧੀਆ ਪਕੜ ਹੈ । ਡਾ. ਮੇਹਰ ਮਾਣਕ ਤੋਂ ਪੰਜਾਬੀ ਕਵਿਤਾ ਨੂੰ ਬੜੀਆਂ ਆਸਾਂ ਹਨ ਅਤੇ ਮੈਨੂੰ ਇਨ੍ਹਾ ਆਸਾਂ ਉੱਤੇ ਖਰੇ ਉੱਤਰਨ ਲਈ ਡਾ. ਮੇਹਰ ਮਾਣਕ ਉੱਪਰ ਪੂਰਾ ਯਕੀਨ ਹੈ ।
ਪ੍ਰੋ. ਜਸਪਾਲ ਘਈ