ਦਿਲਪ੍ਰੀਤ ਕੌਰ ਗੁਰੀ
(ਸਮਾਜ ਵੀਕਲੀ) “ਆਹ, ਕੁੜੇ ਚਾਰ ਰੋਟੀਆਂ ਸਵੇਰ ਵੇਲੇ ਵੱਧ ਲਾਹ ਲਿਆ ਕਰ। ਜਦ ਪਕਾਉਣ ਹੀ ਲੱਗ ਪਏ ਤਾਂ ਚਾਰ ਰੋਟੀਆਂ ਨਾਲ ਕੋਈ ਜ਼ਿਆਦਾ ਟਾਇਮ ਨਹੀਂ ਲੱਗਦਾ। ਭਰਿਆ ਘਰ ਹੈ ਸੁਖ ਨਾਲ, ਕੋਈ ਲੋੜਵੰਦ ਮੰਗ ਹੀ ਲੈਂਦਾ ਤਾਂ ਕੀ ਕਹੇ ਬੰਦਾ ਕਿ ਰੋਟੀ ਹੈਨੀ?” ਮੈਂ ਦਾਦੀ ਨੂੰ ਅਕਸਰ ਹੀ ਇਹ ਕਹਿੰਦੇ ਸੁਣ ਲੈਂਦੀ ਤੇ ਮੰਮੀ ਵੀ ਚਾਰ ਰੋਟੀਆਂ ਵੱਧ ਜ਼ਰੂਰ ਪਕਾ ਕੇ ਰੱਖਦੇ। ਮੈਂ ਇਕ ਦਿਨ ਕਹਿ ਬੈਠੀ, “ਦਾਦੀ ਰੋਜ਼ ਕਿਹੜਾ ਕੋਈ ਮੰਗਦੇ ਰੋਟੀ, ਜੇ ਕੋਈ ਮੰਗ ਵੀ ਲਵੇ ਤਾਂ ਘਰ ਗੈਸ ਚੁੱਲ੍ਹਾ ਹੈ, ਦੋ ਮਿੰਟ ਲੱਗਦੇ ਪਕਾਉਣ ’ਤੇ।” ਦਾਦੀ ਗਰਮ ਹੋ ਗਈ ਤੇ ਕਹਿੰਦੀ, “ਆਹੋ! ਜਦੋਂ ਕਿਸੇ ਮੰਗੀ, ਉਦੋਂ ਕਹੋ ਰੋਟੀ ਪੱਕੀ ਤਾਂ ਹੈਨੀ, ਪਕਾ ਦਿੰਦੇ ਆਂ, ਅਗਲਾ ਆਪ ਹੀ ਕਹਿ ਦਿੰਦਾ ਚਲੋ ਕੋਈ ਨਾ ਪਕਾਉਣੀ ਤਾਂ ਕੀ ਆਂ ….ਤੇ ਫਿਰ ਤੇਰੀ ਮਾਂ ਆਪਣਾ ਕੰਮ ਛੱਡ ਕੇ ਪਕਾ ਦਊ। ਇਥੇ ਤਾਂ ਰੋਜ਼ ਹੀ ਕੋਈ ਨਾ ਕੋਈ ਮੰਗ ਲੈਂਦਾ, ਪਤਾ ਹੈ ਕਿ ਇਥੋਂ ਮਿਲ ਜਾਊ। ਕੋਈ ਕਿਸੇ ਦੇ ਘਰੋਂ ਖਾਣ ਨਹੀਂ ਆਉਂਦਾ। ਹਰ ਕੋਈ ਆਪਣੀ ਕਿਸਮਤ ਦਾ ਖਾਂਦਾ, ਜਿਸ ਘਰੋਂ ਕੋਈ ਰੋਟੀ ਪਾਣੀ ਛੱਕਦਾ, ਉੱਥੇ ਸਦਾ ਬਰਕਤ ਰਹਿੰਦੀ ਹੈ , ਜੋ ਆਉਂਦਾ ਅਸ਼ੀਰਵਾਦ ਦੇ ਕੇ ਹੀ ਜਾਂਦਾ। ਖੇਤਾਂ ’ਚ ਘਰ ਹੈ, ਕਈ ਵਾਰ ਪੱਠੇ ਲੈਣ ਵਾਲੇ ਹੀ ਮੰਗ ਲੈਂਦੇ ਆਂ। ਕੋਈ ਮੰਗਤਾ ਆ ਜਾਂਦਾ, ਕਬਾੜੀਆ ਜਾਂ ਫੇਰੀ ਲਾਉਣ ਵਾਲਾ ਹੀ ਆ ਜਾਂਦਾ। ਤੇਰੀ ਮਾਂ ਦੀ ਸਿਫ਼ਤ ਕਰਦੇ ਨਹੀਂ ਥੱਕਦੇ। ਸੋਹਬਤ ਵੱਖਰੀ ਹੁੰਦੀ ਘਰ ਦੀ। ਤੇਰੀ ਮਾਂ ਜੇ ਚਾਰ ਰੋਟੀਆਂ ਵੱਧ ਲਾਹ ਦੇਂਦੀ ਤਾਂ ਕੋਈ ਫ਼ਰਕ ਨਹੀਂ ਪੈਂਦਾ ਪਰ ਖਾਣ ਵਾਲਾ ਬਾਹਰ ਜਾ ਕੇ ਉਸਦੀ ਸਿਫ਼ਤ ਕਰਦਾ ਬਈ ਸ. ਸੁਖਦੇਵ ਸਿਓ ਦੀ ਘਰਵਾਲੀ ਬੜੀ ਸੁਭਾਅ ਦੀ ਚੰਗੀ ਹੈ, ਕਿਸੇ ਚੰਗੇ ਘਰ ਦੀ ਧੀ ਹੈ, ਭਲੀ ਕੁੱਖ ਦੀ ਜਾਈ ਹੈ। ਸਹੁਰਿਆਂ ਤੇ ਪੇਕਿਆਂ ਦੋਵਾਂ ਦੀ ਸਿਫ਼ਤ ਹੁੰਦੀ ਹੈ।” ਦਾਦੀ ਮੈਨੂੰ ਸਮਝਾ ਰਹੇ ਸਨ। ਇੰਨੇ ਨੂੰ ਇਕ ਪਾਂਧਾ ਆ ਗਿਆ। ਰੋਟੀ-ਪਾਣੀ ਪੁੱਛਿਆ ਤੇ ਕਹਿੰਦਾ ਕਿ ਰੋਟੀ ਖਾਣੀ ਹੈ। ਮੈਂ ਕਿਹਾ, “ਅੱਜ ਦੇ ਚਾਰ ਫੁਲਕੇ ਤਾਂ ਟਿਕਾਣੇ ਲੱਗ ਗਏ।” ਦਾਦੀ ਮੈਨੂੰ ਘੁਰੇ ਕਿ ਕੁੜੀਏ, ਤੂੰ ਸੁਧਰ ਜਾ, ਮਾਂ ਤੇਰੀ ਏਡੀ ਸੁਲੱਖਣੀ ਹੈ, ਤੂੰ ਉਹਦਾ ਨਾਂਅ ਹੀ ਨਾ ਖ਼ਰਾਬ ਕਰ ਦਈਂ। ਪਾਂਧੇ ਨੇ ਰੋਟੀ ਖਾ ਮਾਂ ਨੂੰ ਕਿਹਾ, “ਬੀਬੀ ਅੰਨ ਦੀ ਬਹੁਤ ਸੇਵਾ ਲੈ ਰਹੀ ਹੈ। ਤੂੰ ਤੁਰਦੀ-ਫਿਰਦੀ ਹੀ ਇਸ ਦੁਨੀਆਂ ਤੋਂ ਜਾਏਂਗੀ। ਬੁਰਕੀ ਮੂੰਹ ਵਿੱਚ ਪਾਈ ਤੇ ਉਹ ਗਈ, ਉਹ ਗਈ। ਬਸ ਏਦਾਂ ਹੀ ਹੋਣੀ ਤੇਰੇ ਨਾਲ।” ਦਾਦੀ ਕਹਿੰਦੀ, “ਵੇ ਪਾਂਧਿਆ, ਸ਼ੁਭ-ਸ਼ੁਭ ਬੋਲ।” ਮਾਤਾ ਜੀ, “ਅਜੇ ਕੁੱਝ ਨਹੀਂ ਹੁੰਦਾ। ਬੱਚੇ ਵਿਆਹ ਕੇ ਦੋਹਤੇ-ਪੋਤੇ ਖਿਡਾ ਕੇ ਜਾਵੇਗੀ ਪਰ ਮੰਜੇ ’ਤੇ ਬੈਠ ਕੇ ਸੇਵਾ ਨਹੀਂ ਕਰਾਏਗੀ। ਜੋ ਖੁਦਾ ਕੋ ਪਿਆਰੇ ਹੋ ਜਾਤੇ ਹੈ, ਵੋਹ ਤੁਰੇ ਫਿਰਤੇ ਚਲੇ ਜਾਤੇ ਹੈ।” ਮਾਂ ਕਹਿੰਦੀ, “ਚੱਲੋ ਵਧੀਆ ਹੈ, ਜ਼ਰੂਰ ਮੰਜੇ ’ਤੇ ਹੱਡ ਗੋਡੇ ਰਗੜਨੇ ਆ ਤੇ ਬੱਚਿਆਂ ਦੇ ਨੱਕੋ-ਬੁਲ੍ਹੋ ਲਹਿ ਕੇ ਜਾਣਾ।” ਮੰਮੀ ਰੋਟੀਆਂ ਵੱਧ ਬਣਾਉਂਦੇ ਰਹੇ ਤੇ ਇਹ ਰੋਟੀਆਂ ਖਾਣ ਵਾਲਾ ਵੀ ਕੋਈ ਨਾ ਕੋਈ ਆ ਹੀ ਜਾਂਦਾ। ਡੈਡੀ ਕਈ ਵਾਰ ਗੁੱਸੇ ਹੁੰਦੇ ਕਿ ਜਿਨ੍ਹਾਂ ਨੂੰ ਬਿਠਾ-ਬਿਠਾ ਰੋਟੀਆਂ ਖਵਾਂਉਦੀ ਹੈ , ਇਹ ਕਿਸੇ ਦਿਨ ਤੈਨੂੰ ਬੇਹੋਸ਼ ਕਰਕੇ ਲੁੱਟ ਕੇ ਵੇਖੀ ਲੈ ਜਾਣਗੇ। ਦੋ ਸਾਲ ਬਾਅਦ ਦਾਦੀ ਜਹਾਨੋਂ ਤੁਰ ਗਈ ਪਰ ਰੋਟੀ ਦੀ ਸੇਵਾ ਚੱਲਦੀ ਰਹੀ। ਅਸੀਂ ਭੈਣ, ਭਰਾ ਵਿਆਹੇ ਗਏ, ਜਵਾਕਾਂ ਵਾਲੇ ਹੋ ਗਏ। ਕਈ ਵਾਰ ਮੈਂ ਕਹਿਣਾ ਕਿ ਮੰਮੀ ਹੁਣ ਉਹ ਜ਼ਮਾਨਾ ਨਹੀਂ ਰਿਹਾ। ਸੱਚੀਂ ਕਿਸੇ ਦਿਨ ਕੋਈ ਲੁੱਟ-ਖੋਹ ਕਰ ਲੂ। ਕਈ ਵਾਰ ਘਰ ਇਕੱਲੇ ਹੁੰਦੇ ਹੋ, ਜੇ ਕੋਈ ਮਾਰ ਗਿਆ ਫਿਰ… ਮੰਮੀ ਨੇ ਕਹਿਣਾ, “ਹਰ ਕੋਈ ਆਪਣੀ ਕਿਸਮਤ ਦਾ ਖਾਂਦਾ, ਜਿਸਦੀ ਜਿੰਨੀ ਚੋਗ ਮਾਲਕ ਨੇ ਜਿੱਥੇ ਖਿਲਾਰੀ, ਉਹ ਆਪਣੀ ਚੁਗ ਜਾਂਦਾ। ਹੁਕਮ ਬਿਨ੍ਹਾਂ ਤਾਂ ਮੂੰਹ ਪਾਈ ਬੁਰਕੀ ਵੀ ਨਹੀਂ ਲੰਘਦੀ ਤੇ ਮੈਂ ਕਿਸੇ ਨੂੰ ਕਿਵੇਂ ਖਵਾ ਸਕਦੀ ਆਂ? ਮਾਲਕ ਨੇ ਸੇਵਾ ਲਾਈ ਹੈ ਤੇ ਇਹ ਸਭ ਆਪਣਾ ਖਾਂਦੇ ਨੇ।” ਇਕ ਦਿਨ ਮੰਮੀ ਦੇ ਦੁਨੀਆਂ ਤੋਂ ਤੁਰ ਜਾਣ ਦਾ ਸੁਨੇਹਾ ਆ ਗਿਆ। ਮੰਮੀ ਦੀ ਅਜੇ ਉਮਰ ਵੀ ਜ਼ਿਆਦਾ ਨਹੀਂ ਸੀ, ਕੋਈ ਦੁੱਖ ਤਕਲੀਫ਼ ਵੀ ਨਹੀਂ ਸੀ। ਅਚਾਨਕ ਆਏ ਅਟੈਕ ਨਾਲ ਮੰਮੀ ਤੁਰਦੇ-ਫਿਰਦੇ ਜਹਾਨੋਂ ਤੁਰ ਗਏ। ਹਰ ਉਹ ਇਨਸਾਨ ਸੁਣ ਕੇ ਆਇਆ, ਜਿਸਨੇ ਕਿਤੇ ਉਹ ਰੋਟੀਆਂ ਖਾਧੀਆਂ ਸਨ। ਹਰ ਕੋਈ ਰੱਜ ਰੋਇਆ ਤੇ ਮਾਂ ਨੂੰ ਯਾਦ ਕੀਤਾ। ਉਸਦੀ ਸੇਵਾ ਤੇ ਚੰਗੇ ਸੁਭਾਅ ਦੀ ਸਿਫ਼ਤ ਹਰ ਪਾਸੇ ਸੀ। ਕਰੋਨਾ ਦਾ ਦੌਰ ਸੀ ਤੇ ਕਿਸੇ ਨੂੰ ਕੋਈ ਫ਼ਰਕ ਨਹੀਂ ਸੀ ਪੈਂਦਾ। ਹਰ ਕੋਈ, ਜੋ ਵੀ ਉਹਨਾਂ ਨੂੰ ਜਾਣਦਾ ਸੀ, ਅੰਤਿਮ ਵਿਦਾਈ ’ਤੇ ਵੀ ਆਇਆ ਤੇ ਅੰਤਿਮ ਅਰਦਾਸ ’ਤੇ ਵੀ। ਕੜਾਕੇ ਦੀ ਠੰਡ ’ਚ ਬੇਸ਼ੱਕ ਹਰ ਕਿਸੇ ਨੂੰ ਬੁਖ਼ਾਰ ਹੋਇਆ ਪਰ ਮਾਂ ਦੇ ਪਿਆਰ ਅੱਗੇ ਕਿਸੇ ਨੂੰ ਪ੍ਰਵਾਹ ਨਹੀਂ ਸੀ। ਮੈਨੂੰ ਮਹਿਸੂਸ ਹੋਇਆ ਕਿ ਸੱਚੀਂ ਮਾਂ ਕਿੰਨੇ ਦਿਲਾਂ ਨੂੰ ਆਪਣੀ ਸੇਵਾ ਤੇ ਵਿਸ਼ਾਲ ਦਿਲ ਨਾਲ ਜਿੱਤ ਲਿਆ ਸੀ, ਉਸਦੀ ਹਸਤੀ ਸਾਡੀ ਸੋਚ ਤੋਂ ਕਿਤੇ ਉੱਚੀ ਸੀ। ਦੋ ਦਿਨਾਂ ਬਾਅਦ ਮੈਂ ਡੈਡੀ ਨੂੰ ਪੁੱਛਿਆ, “ਮੰਮੀ ਨੂੰ ਕੀ ਹੋਇਆ ਸੀ, ਉਹ ਤਾਂ ਬਿਲਕੁੱਲ ਠੀਕ ਸਨ।” ਡੈਡੀ ਨੇ ਦੱਸਿਆ, “ਸਵੇਰੇ ਥੋੜ੍ਹਾ ਪੇਟ ਖ਼ਰਾਬ ਸੀ। ਡਾਕਟਰ ਨੇ ਦਵਾਈ ਦੇ ਦਿੱਤੀ ਕਿ ਬਦਹਜ਼ਮੀ ਹੋਈ ਹੈ। ਪਿੱਤਾ ਨਿਕਲਿਆ ਹੋਇਆ ਸੀ ਤੇ ਇਨ੍ਹਾਂ ਨੇ ਸਾਗ਼ ਤੇ ਮੂੰਗਫ਼ਲੀ ਖਾ ਲਈ। ਇਸ ਕਰਕੇ ਪੇਟ ਖ਼ਰਾਬ ਹੋਇਆ ਪਰ ਬੀ.ਪੀ. ਬਿਲਕੁੱਲ ਠੀਕ ਸੀ। ਦੁਪਹਿਰੇ ਠੀਕ ਹੋ ਗਏ ਤੇ ਸ਼ਾਮ ਨੂੰ 4 ਕੁ ਵਜੇ ਤੇਰਾ ਭਰਾ ਕਹਿੰਦਾ ਕਿ ਇਕ ਵਾਰ ਮੰਮੀ ਕੁੱਝ ਖਾ ਲੈ ਤੇ ਆਪਾਂ ਸ਼ਹਿਰ ਜਾ ਕੇ ਡਾਕਟਰ ਨੂੰ ਵਿਖਾ ਹੀ ਆਈਏ। 5 ਕੁ ਵਜੇ ਡਾਕਟਰ ਬੈਠ ਹੀ ਜਾਂਦੇ ਨੇ। ਤੇਰੀ ਮਾਂ ਕਹਿੰਦੀ ਕਿ ਮੈਂ ਠੀਕ ਤਾਂ ਹਾਂ। ਫਿਰ ਕਹਿੰਦੀ ਚੱਲ ਸੇਬ ਖਾਣ ਨੂੰ ਦਿਲ ਕਰਦਾ, ਲੈ ਆ। ਸੇਬ ਲਿਆ ਦਿੱਤੇ। ਇਕ ਫਾੜੀ ਖਾ ਲਈ, ਦੂਜੀ ਦੀ ਪਹਿਲੀ ਬੁਰਕੀ ਮੂੰਹ ’ਚ ਪਾਈ ਤੇ ਮੰਜੇ ’ਤੇ ਬੈਠੀ ਕਹਿੰਦੀ ਕਿ ਮੈਨੂੰ ਕਾਹਲੀ ਜਿਹੀ ਪੈਂਦੀ ਹੈ ਤੇ ਉਵੇਂ ਪਿੱਛੇ ਹੀ ਨੂੰ ਡਿੱਗ ਪਈ। ਉਵੇਂ ਚੱਕ ਕੇ ਕਾਰ ’ਚ ਪਾਈ ਤੇ ਹਸਪਤਾਲ ਲੈ ਗਏ। ਡਾਕਟਰ ਨੇ ਕਿਹਾ ਕਿ ਇਹ ਤਾਂ ਉਦੋਂ ਈ ਮੁੱਕ ਗਏ ਸੀ, ਜਦੋਂ ਚੱਕਰ ਆਇਆ। ਰੱਬ ਨੂੰ ਇੰਨੀ ਕਾਹਲੀ ਪੈ ਗਈ ਕਿ ਬੁਰਕੀ ਟਪਾਉਣ ਦਾ ਹੁਕਮ ਹੀ ਨਹੀਂ ਹੋਇਆ। ਉਹ ਸੇਬ ਦੀ ਬੁਰਕੀ ਉਹਦੇ ਮੂੰਹ ਵਿੱਚ ਹੀ ਸੀ ਤੇ ਮੈਂ ਉਂਗਲ ਨਾਲ ਕੱਢੀ।” ਡੈਡੀ ਦੱਸਦੇ ਰਹੇ ਤੇ ਮੇਰੇ ਹੰਝੂ ਡਿਗਦੇ ਰਹੇ। ਮਾਂ ਦੀ ਕਹੀ ਗੱਲ ਕੰਨਾਂ ’ਚ ਗੂੰਜਦੀ ਰਹੀ ਕਿ ਉਸ ਮਾਲਕ ਦੇ ਹੁਕਮ ਬਿਨ੍ਹਾਂ ਤਾਂ ਮੂੰਹ ’ਚ ਪਾਈ ਬੁਰਕੀ ਵੀ ਅੱਗੇ ਨਹੀਂ ਲੰਘਦੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj