” ਉੱਚੀ ਟਾਹਲੀ ‘ਤੇ ਘੁੱਗੀਆਂ ਦਾ ਜੋੜਾ “

ਮਾਸਟਰ ਸੰਜੀਵ ਧਰਮਾਣੀ .

(ਸਮਾਜ ਵੀਕਲੀ)

ਟਾਹਲੀ ਸਾਡੇ ਪੰਜਾਬ ਰਾਜ ਦਾ ਇੱਕ ਮਸ਼ਹੂਰ ਦਰੱਖਤ ਹੈ।ਇਸ ਨੂੰ ਕਈ ਥਾਵਾਂ ‘ਤੇ ਸ਼ੀਸ਼ਮ ਜਾਂ ਸੀਸੂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਵਿਸ਼ਾਲ ਆਕਾਰ ਦਾ ਰੁੱਖ ਹੁੰਦਾ ਹੈ , ਪਰ ਬਹੁਤ ਧੀਮੀ ਗਤੀ ਦੇ ਨਾਲ ਵੱਧਦਾ ਹੈ। ਟਾਹਲੀ ਪੰਜਾਬ ਰਾਜ ਦਾ ” ਰਾਜ ਰੁੱਖ ” ਹੈ। ਕੋਈ ਸਮਾਂ ਸੀ ਜਦੋਂ ਟਾਹਲੀਆਂ ਦੇ ਰੁੱਖ ਖੂਹਾਂ , ਟੋਭਿਆਂ ਦੇ ਕੰਢੇ , ਪਿੰਡਾਂ ਦੀਆਂ ਸਾਂਝੀਆਂ ਥਾਵਾਂ , ਨਹਿਰਾਂ ਦੀਆਂ ਪਟੜੀਆਂ ਦੇ ਆਲੇ – ਦੁਆਲੇ ਅਤੇ ਸੜਕਾਂ ਦੇ ਕਿਨਾਰਿਆਂ ‘ਤੇ ਆਮ ਹੀ ਲੱਗੇ ਹੋਏ ਦੇਖਣ ਨੂੰ ਮਿਲ ਜਾਂਦੇ ਸਨ।

ਟਾਹਲੀ ਦੇ ਰੁੱਖ ਤੋਂ ਚਰਖੇ ਅਤੇ ਸੰਦੂਕ ਵੀ ਬਣਾਏ ਜਾਂਦੇ ਸਨ।ਟਾਹਲੀ ਦੀ ਦਾਤਣ ਮਿੱਠੀ ਅਤੇ ਸੁਆਦਲੀ ਹੁੰਦੀ ਹੈ।ਵਿਦਵਾਨਾਂ ਅਨੁਸਾਰ ਟਾਹਲੀ ਦੇ ਰੁੱਖ ਦੀ ਵਰਤੋਂ ਕਈ ਦਵਾਈਆਂ ਬਣਾਉਣ ਵਿੱਚ ਵੀ ਕੀਤੀ ਜਾਂਦੀ ਸੀ। ਟਾਹਲੀ ਦੀ ਲੱਕੜ ਤੋਂ ਤਿਆਰ ਕੋਲਾ ਆਮ ਤੌਰ ‘ਤੇ ਕੱਪੜੇ ਪ੍ਰੈਸ ਕਰਨ ਵਾਲੀਆਂ ਕੋਲੇ ਦੀਆਂ ਪ੍ਰੈਸਾਂ ਵਿੱਚ ਵਰਤਿਆ ਜਾਂਦਾ ਸੀ ਜਾਂ ਭੱਠੀਆਂ ਆਦਿ ਵਿੱਚ ਵੀ ਇਸ ਦਾ ਉਪਯੋਗ ਕੀਤਾ ਜਾਂਦਾ ਸੀ। ਪੰਜਾਬੀ ਲੋਕ – ਗੀਤਾਂ ਵਿੱਚ ਵੀ ਟਾਹਲੀ ਦਾ ਕਾਫ਼ੀ ਜ਼ਿਕਰ ਕੀਤਾ ਗਿਆ ਮਿਲਦਾ ਹੈ , ਜਿਵੇਂ :-
” ਕਿੱਕਰਾਂ ਵੀ ਲੰਘ ਆਈ ,
ਟਾਹਲੀਆਂ ਵੀ ਲੰਘ ਆਈ ,
ਲੰਘਣੇ ਰਹਿ ਗਏ ਤੂਤ ,
ਜੇ ਮੇਰੀ ਸੱਸ ਮਰ ਜਾਏ ,
ਮੈਂ ਦੂਰੋਂ ਮਾਰਾਂ ਕੂਕ ,
ਜੇ ਮੇਰੀ ਸੱਸ ਮਰ ਜਾਏ ,
ਮੈਂ ਦੂਰੋਂ ਮਾਰਾਂ ਕੂਕ । “

ਟਾਹਲੀ ਤੇ ਘੁੱਗੀਆਂ ਦਾ ਰਿਸ਼ਤਾ ਬਹੁਤ ਗੂੜ੍ਹਾ ਰਿਸ਼ਤਾ ਮੰਨਿਆ ਗਿਆ ਹੈ। ਘੁੱਗੀ ਇੱਕ ਘਰੇਲੂ ਪੰਛੀ ਹੈ ਜੋ ਕਿ ਪਹਿਲਾਂ ਘਰਾਂ ਦੇ ਵਿਹੜਿਆਂ , ਘਰਾਂ ਵਿੱਚ ਲੱਗੇ ਰੁੱਖਾਂ , ਟਾਹਲੀਆਂ , ਕੰਧਾਂ , ਕੋਠਿਆਂ , ਬਰਾਂਡਿਆਂ ਆਦਿ ਥਾਵਾਂ ‘ਤੇ ਆਮ ਹੀ ਦੇਖਣ ਨੂੰ ਮਿਲ ਜਾਂਦਾ ਹੁੰਦਾ ਸੀ। ਪਰ ਜਿਵੇਂ – ਜਿਵੇਂ ਕੱਚੇ ਘਰ ਖ਼ਤਮ ਹੁੰਦੇ ਗਏ ਅਤੇ ਪੱਕੇ ਮਕਾਨ ਹੋਂਦ ਵਿੱਚ ਆਏ ਘੁੱਗੀਆਂ ਦੀ ਘਾਟ ਨਜ਼ਰ ਆਉਣ ਲੱਗ ਪਈ।

ਅੱਜ ਘੁੱਗੀਆਂ ਦੀ ਘੂੰ – ਘੂੰ ਦੀ ਆਵਾਜ਼ ਆਮ ਸੁਣਨ ਨੂੰ ਨਹੀਂ ਮਿਲਦੀ।ਸ਼ਤੀਰਾਂ – ਬਾਲਿਆਂ ਵਾਲੇ ਘਰ , ਝੁੱਗੀਆਂ , ਝੌਂਪਡ਼ੀਆਂ , ਰੋਸ਼ਨਦਾਨ ਆਦਿ ਘੁੱਗੀਆਂ ਦੇ ਰੈਣ – ਬਸੇਰੇ ਹੁੰਦੇ ਸਨ। ਪੰਜਾਬੀ ਸੱਭਿਆਚਾਰ ਵਿੱਚ ਕਢਾਈ ਵਾਲੇ ਸੂਟਾਂ ਉੱਤੇ ਘੁੱਗੀਆਂ ਅਤੇ ਹੋਰ ਪੰਛੀਆਂ ਦੀ ਕਢਾਈ ਕੀਤੀ ਜਾਂਦੀ ਹੁੰਦੀ ਸੀ। ਘੁੱਗੀਆਂ ਬਾਰੇ ਕਈ ਤਰ੍ਹਾਂ ਦੀਆਂ ਸਿੱਠਣੀਆਂ , ਨੋਕ – ਝੋਕ ਵਾਲੇ ਦੋਹੇ , ਲੋਕ – ਗੀਤ ਅਤੇ ਤੁੱਕਾਂ ਸਾਡੇ ਵਿਰਸੇ ਦਾ ਹਿੱਸਾ ਰਹੇ ਹਨ , ਜਿਵੇਂ :-
” ਉੱਚੀ ਟਾਹਲੀ ‘ਤੇ ਘੁੱਗੀਆਂ ਦਾ ਜੋੜਾ ,
ਮਾਵਾਂ – ਧੀਆਂ ਦਾ ਬੜਾ ਵਿਛੋਡ਼ਾ ,
ਰੱਬਾ ! ਕਿਤੇ ਮਿਲੀਏ ,
ਰੱਬਾ ! ਕਿਤੇ ਮਿਲੀਏ । “

ਇਸੇ ਤਰ੍ਹਾਂ ਟਾਹਲੀ ਦੇ ਰੁੱਖ ਵੀ ਪੰਜਾਬ ਦੇ ਹੁਸ਼ਿਆਰਪੁਰ ਅਤੇ ਰੋਪੜ ਜ਼ਿਲ੍ਹਿਆਂ ਵਿੱਚ ਕਾਫ਼ੀ ਜ਼ਿਆਦਾ ਹੁੰਦੇ ਸਨ। ਟਾਹਲੀ ਦੇ ਰੁੱਖ ਦੀ ਥਾਂ ਹੁਣ ਛੇਤੀ ਵਧਣ ਵਾਲੇ ਦਰੱਖਤ ਲਗਾਉਣ ਨੂੰ ਤਰਜੀਹ ਦਿੱਤੀ ਜਾਣ ਲੱਗ ਪਈ ਹੈ। ਇਸ ਕਰਕੇ ਟਾਹਲੀ ਦਾ ਰੁੱਖ ਆਮ ਵੇਖਣ ਨੂੰ ਬਹੁਤ ਘੱਟ ਹੀ ਮਿਲਦਾ ਹੈ। ਸਾਡੇ ਰਹਿਣ – ਸਹਿਣ ਵਿੱਚ ਆਏ ਬਦਲਾਓ , ਕੱਚਿਆਂ ਘਰਾਂ ਦੀ ਅਣਹੋਂਦ , ਬਾਲਿਆਂ – ਸ਼ਤੀਰਾਂ ਵਾਲੇ ਘਰਾਂ ਅਤੇ ਰੌਸ਼ਨਦਾਨਾਂ ਦੀ ਅਣਹੋਂਦ ਕਰ ਕੇ ਅਤੇ ਘਰਾਂ ਵਿੱਚ ਲੱਗੇ ਹੋਏ ਦਰੱਖ਼ਤਾਂ ਦੀ ਗ਼ੈਰ – ਮੌਜੂਦਗੀ ਘੁੱਗੀਆਂ ਨੂੰ ਸਾਥੋਂ ਦੂਰ ਕਰ ਗਈ।

ਅੱਜ ਜ਼ਰੂਰਤ ਹੈ ਮਾਨਵਤਾ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਤੇ ਖਾਸ ਤੌਰ ‘ਤੇ ਟਾਹਲੀ ਦੇ ਦਰੱਖਤ ਲਗਾਉਣ ਅਤੇ ਉਨ੍ਹਾਂ ਨੂੰ ਸੰਭਾਲਣ ਦੀ ਤੇ ਪੰਛੀਆਂ ਪ੍ਰਤੀ ਸਮਰਪਣ – ਭਾਵ ਤੇ ਸੁਹਿਰਦਤਾ ਦਿਖਾਉਂਣ ਤੇ ਨਿਭਾਉਣ ਦੀ ; ਤਾਂ ਜੋ ਕਾਦਰ ਦੀ ਰੰਗਲੀ ਕਾਇਨਾਤ ਹਰ ਕਿਸੇ ਨੂੰ ਹਰਿਆਲੀ , ਖ਼ੁਸ਼ਹਾਲੀ , ਖ਼ੁਸ਼ੀਆਂ , ਸੰਗੀਤ ਅਤੇ ਸਕੂਨ ਦਿੰਦੀ ਰਹੇ।

ਲੇਖਕ ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੀਵਾਲੀ ਦੀ ਰਾਤ ਦੀਵੇ ਬਾਲੀਅਨਿ
Next articleਦੀਵਾਲੀ