HOME ਅਖਬਾਰ ਦੀ ਇੱਕ ਖਬਰ, ਭਾਸ਼ਾ ਦੀ ਜਿੱਤ ਦਾ ਸਫ਼ਰ”

ਅਖਬਾਰ ਦੀ ਇੱਕ ਖਬਰ, ਭਾਸ਼ਾ ਦੀ ਜਿੱਤ ਦਾ ਸਫ਼ਰ”

2
ਰਮੇਸ਼ਵਰ ਸਿੰਘ

(ਸਮਾਜ ਵੀਕਲੀ)  ਮੈਂ ਇੱਕ ਦਿਨ ਬੈਠਾ ਸੋਚ ਰਿਹਾ ਸੀ ਕਿ ਮੈਂ ਮਰਚੈਂਟ ਨੇਵੀ ਵਿੱਚ ਨੌਕਰੀ ਕਰਦੇ ਹੋਏ ਪੂਰੀ ਦੁਨੀਆ ਵਿੱਚ ਵੇਖਿਆ ਹੈ ਕਿ ਹਰ ਦੇਸ਼ ਆਪਣੀ ਭਾਸ਼ਾ ਨੂੰ ਪਹਿਲ ਦਿੰਦਾ ਹੈ ਪਰ ਸਾਡੇ ਦੇਸ਼ ਵਿੱਚੋਂ ਇੱਕ ਪੰਜਾਬ ਹੀ ਅਜਿਹਾ ਸੂਬਾ ਹੈ ਜੋ ਕਿ ਆਪਣੀ ਮਾਂ ਬੋਲੀ ਨੂੰ ਬਹੁਤਾ ਮਾਣ ਨਹੀਂ ਦਿੰਦਾ ਪਰ ਆਪਣੇ ਆਪ ਨੂੰ ਵੱਡਾ ਵਿਖਾਉਣ ਵਿੱਚ ਅਸੀਂ ਹਮੇਸ਼ਾ ਮੋਹਰੀ ਬਣੇ ਰਹਿੰਦੇ ਹਾਂ ਮੈਂ ਪੰਜਾਬੀ ਹਾਂ ਮੈਂ ਇਹ ਕਰ ਦਿੰਦਾ ਹਾਂ ਮੈਂ ਔਹ ਕਰ ਦਿੰਦਾ ਹਾਂ। ਮੈਂ ਵਿਦੇਸ਼ਾਂ ਵਿੱਚ ਘੁੰਮਦੇ ਵੇਖਿਆ ਹੈ ਕਿ ਹਰ ਦੇਸ਼ ਆਪਣੀ ਭਾਸ਼ਾ ਨੂੰ ਤਾਂ ਮਾਣ ਦਿੰਦਾ ਹੈ ਤੇ ਪੜ੍ਹਾਈ ਵੀ ਉਹਨਾਂ ਦੀ ਮਾਤ ਭਾਸ਼ਾ ਵਿੱਚ ਕਰਵਾਈ ਜਾਂਦੀ ਹੈ। ਜਪਾਨ ਤੇ ਚੀਨ ਨੂੰ ਹੀ ਵੇਖ ਲਵੋ ਹਰ ਖੇਤਰ ਵਿੱਚ ਦੁਨੀਆਂ ਤੇ ਛਾਏ ਹੋਏ ਹਨ, ਦੁਨੀਆਂ ਤੇ ਪ੍ਰਚਾਰੀ ਜਾਂਦੀ ਭਾਸ਼ਾ ਅੰਗਰੇਜ਼ੀ ਦਾ ਉਨ੍ਹਾਂ ਦੀ ਬਹੁ ਗਿਣਤੀ ਅੱਖਰ ਤੱਕ ਨਹੀਂ ਜਾਣਦੀ। ਅਜਿਹਾ ਬੈਠਾ ਸੋਚ ਰਿਹਾ ਸੀ ਕਿ ਦਰਵਾਜ਼ਾ ਖੜਕਇਆ ਤਾਂ ਬਿਜਲੀ ਦਾ ਬਿੱਲ ਦੇਣ ਵਾਲਾ ਭਾਈ ਆ ਗਿਆ ਜਦੋਂ ਮੈਂ ਬਿਲ ਪੜ੍ਹਨ ਲੱਗਿਆ ਉਹ ਅੰਗਰੇਜ਼ੀ ਵਿੱਚ ਸੀ ਕਿਹੜਾ ਟੈਕਸ ਕਿਸ ਲਈ ਲਗਾਇਆ ਕੀ ਮਾਮਲਾ ਹੈ ਕੁੱਝ ਸਮਝ ਨਹੀਂ ਆਇਆ ਮੈਂ ਸੋਚਿਆ ਕਿ ਆਪਣਾ ਬਿਜਲੀ ਦਾ ਬਿੱਲ ਪੰਜਾਬੀ ਵਿੱਚ ਕਿਉਂ ਨਹੀਂ ਹੋਣਾ ਚਾਹੀਦਾ। ਮੈਂ ਤੁਰੰਤ ਕਾਨੂੰਨੀ ਬਾਈ ਮਿੱਤਰ ਸੈਨ ਮੀਤ ਜੀ ਨੂੰ ਫੋਨ ਕਰਕੇ ਪੁੱਛਿਆ ਕਿ ਆਪਣੇ ਬਿਲ ਆਪਣੀ ਮਾਂ ਬੋਲੀ ਵਿੱਚ ਕਿਉਂ ਨਹੀਂ ਆਉਂਦੇ ਕੀ ਇਹ ਕਾਨੂੰਨੀ ਜਾਂ ਗੈਰ ਕਾਨੂੰਨੀ ਕੰਮ ਹੈ? ਉਹ ਕਹਿੰਦੇ ਪੰਜਾਬ ਰਾਜ ਭਾਸ਼ਾ ਤਰਮੀਮ ਐਕਟ 2008 ਬਣਿਆ ਹੋਇਆ ਹੈ ਆਪਣਾ ਬਿਲ ਕੀ ਸਾਰਾ ਸਰਕਾਰੀ ਕੰਮ ਪੰਜਾਬੀ ਵਿੱਚ ਹੋਣਾ ਚਾਹੀਦਾ ਹੈ ਪਰ ਜਨਤਾ ਅੰਨ੍ਹੀ ਤੇ ਬੋਲੀਂ ਹੈ, ਸਰਕਾਰਾਂ ਆਉਂਦੀਆਂ ਹਨ ਜਾਂਦੀਆਂ ਹਨ ਆਪਣੀ ਭਾਸ਼ਾ ਬਾਰੇ ਕੋਈ ਨਹੀਂ ਸੋਚਦਾ। ਮੈਂ ਸੋਚਾਂਗਾ ਕਹਿ ਕੇ ਫੋਨ ਬੰਦ ਕਰ ਦਿੱਤਾ  ਮੈਂ ਆਪਣੀ ਮਾਂ ਬੋਲੀ ਬਾਰੇ ਜ਼ਰੂਰ ਸੋਚਾਂਗਾ ਇਹ ਸੋਚਦੇ ਹੋਏ ਮੈਂ ਬਿਲ ਪੰਜਾਬੀ ਵਿੱਚ ਹੋਣ ਸਬੰਧੀ ਨਿਰਦੇਸ਼ਕ ਭਾਸ਼ਾ ਵਿਭਾਗ ਨੂੰ ਚਿੱਠੀ ਲਿਖ ਦਿੱਤੀ, ਅਚਾਨਕ ਪੱਤਰਕਾਰ ਦਾ ਫੋਨ ਆਇਆ ਉਹਨਾਂ ਨੂੰ ਮੈਂ ਬਿਜਲੀ ਦੇ ਬਿਲ ਵਾਰੇ ਲਿਖੀ ਚਿੱਠੀ ਬਾਰੇ ਦੱਸਿਆ ਉਨ੍ਹਾਂ ਨੇ ਮੇਰੀ ਚਿੱਠੀ ਦਾ ਪੂਰਾ ਵੇਰਵਾ ਲਿਆ ਤੇ ਨਿਰਦੇਸ਼ਕ ਭਾਸਾ ਵਿਭਾਗ ਪੰਜਾਬ ਨੂੰ ਫ਼ੋਨ ਕਰਕੇ ਜਾਣਕਾਰੀ ਲਈ ਦੂਸਰੇ ਦਿਨ ਸਿਰਮੌਰ ਪੰਜਾਬੀ ਦੇ ਇੱਕ ਅਖਬਾਰ  ਵਿੱਚ ਖ਼ਬਰ ਛਪ ਗਈ। ਕਈ ਸੱਜਣਾਂ ਮਿੱਤਰਾਂ ਦੇ ਫੋਨ ਆਏ ਤੇ ਵਿਚਾਰ ਚਰਚਾ ਹੁੰਦੀ ਰਹੀ ਪਰ ਮਸਲਾ ਸਿਰਫ ਵਧਾਈਆਂ ਤੱਕ ਹੀ ਰਿਹਾ ਕਹਿੰਦੇ ਓਏ ਮਿੱਤਰਾ ਤੂੰ ਮਾਂ ਬੋਲੀ ਪੰਜਾਬੀ ਦੀ ਵਧੀਆ ਸੇਵਾ ਕਰਦਾ ਹੈ, ਤੇ ਬਹੁਤਿਆਂ ਨੇ ਕਿਹਾ ਤੂੰ ਕੀ ਲੈਣਾ ਹੈ ਲੋਕ ਵਿਦੇਸ਼ਾਂ ਤੱਕ ਪਹੁੰਚ ਗਏ ਤੂੰ ਵਿਦੇਸ਼ਾਂ ਵਿੱਚ ਘੁੰਮ ਕੇ ਵੀ ਦੇਸੀ ਹੀ ਰਿਹਾ ਮੈਂ ਚੁੱਪ ਤਾਂ ਹੋ ਜਾਂਦਾ ਹਾਂ ਪਰ ਸੋਚਦਾ ਹਾਂ  ਦੁਨੀਆ ਵਿੱਚ ਮੇਰੀ ਮਾਂ ਨਹੀਂ ਰਹੀ ਪਰ ਮੇਰੀ ਮਾਂ ਦੀ ਬੋਲੀ ਤਾਂ ਹੈ। ਅਚਾਨਕ ਇਕ ਫ਼ੋਨ ਆਇਆ ਉਸਨੇ ਮੇਰੇ ਨਾਲ ਖ਼ਬਰ ਸਬੰਧੀ ਚਰਚਾ ਕੀਤੀ ਤੇ ਦੱਸਿਆ ਕਿ ਅਸੀਂ ਬੜੀ ਮੁਸ਼ਕਿਲ ਨਾਲ ਤੁਹਾਡਾ ਫੋਨ ਨੰਬਰ ਪ੍ਰਾਪਤ ਕੀਤਾ ਹੈ ਪਹਿਲਾਂ ਅਸੀਂ ਅਖ਼ਬਾਰ ਦੇ ਦਫ਼ਤਰ ਤੋਂ ਪੱਤਰਕਾਰ ਦਾ ਫੋਨ ਨੰਬਰ ਪਤਾ ਕੀਤਾ ਫੇਰ ਉਹਨਾਂ ਤੋਂ ਤੁਹਾਡਾ ਫੋਨ ਨੰਬਰ ਲੈ ਕੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਮੇਰਾ ਬੇਟੀ ਤੇ ਬੇਟਾ ਮਾਨਯੋਗ ਹਾਈਕੋਰਟ ਦੇ ਵਕੀਲ ਹਨ ਤੇ ਅਸੀਂ ਵੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਹਾਂ ਮੇਰਾ ਬੇਟਾ ਤੇ ਬੇਟੀ ਚਾਹੁੰਦੇ ਹਨ ਕਿ ਤੁਸੀਂ ਇਹ ਬਿਜਲੀ ਦੇ ਬਿਲ ਪੰਜਾਬੀ ਵਿੱਚ ਕਰਵਾਉਣ ਦਾ ਮਸਲਾ ਸਾਨੂੰ ਦੇਵੋ ਅਸੀਂ ਮਾਨਯੋਗ ਹਾਈਕੋਰਟ ਤੱਕ ਪਹੁੰਚਦਾ ਕਰਾਂਗੇ, ਤੇ ਨਿਆਂ ਮੰਗਾਂਗੇ। ਅੰਨ੍ਹਾ ਕੀ ਭਾਲੇ ਦੋ ਅੱਖਾਂ ਮੈਨੂੰ ਸਹਾਰਾ ਬਹੁਤ ਮਿਲਿਆ ਕਿ ਹਾਲਾਂ ਵੀ ਦੁਨੀਆਂ ਦੇ ਵਿੱਚ ਭਾਸ਼ਾਵਾਂ ਨੂੰ ਪਿਆਰ ਕਰਨ ਵਾਲੇ ਬਹੁਤ ਬੈਠੇ ਹਨ ਮੈਂ ਤੁਰੰਤ ਉਹਨਾਂ ਨੂੰ ਹਾਂ ਕਰ ਦਿੱਤੀ ਤੇ ਕਿਹਾ ਜੋ ਵੀ ਕਾਗਜ ਪੱਤਰਾਂ ਤੇ ਮੇਰੇ ਤੋਂ ਅੰਗੂਠਾ ਲਵਾਉਣਾ ਹੋਵੇਗਾ ਮੈਂ ਤਿਆਰ ਹਾਂ ਪਰ ਜਹਾਜ਼ ਵਿੱਚ ਮੇਰੀ ਲੱਤ ਤੇ ਸੱਟ ਲੱਗ ਗਈ ਸੀ ਮੈਂ ਦੂਰ ਨੇੜੇ ਬਹੁਤਾ ਆ ਜਾ ਨਹੀਂ ਸਕਦਾ ਜਿਸ ਕਾਰਨ ਮੈਂ ਨੌਕਰੀ ਪਹਿਲਾਂ ਛੱਡ ਕੇ ਘਰ ਬੈਠਾ ਹਾਂ ਉਹਨਾਂ ਨੇ ਮੈਨੂੰ ਹੋਰ ਹੌਸਲਾ ਦਿੱਤਾ, ਉਹ ਕਹਿੰਦੇ ਅਸੀਂ ਤੁਹਾਡੇ ਕੋਲ ਚੱਲ ਕੇ ਆਵਾਂਗੇ ਤੁਸੀਂ ਸਿਰਫ ਦਸਤਖ਼ਤ ਕਰਨੇ ਹਨ। ਕਾਗਜ਼ ਤੁਰੰਤ ਬਣੇ ਮਾਮਲਾ ਦਰਜ ਕਰ ਦਿੱਤਾ ਗਿਆ ਇਕ ਹਫਤੇ ਬਾਅਦ ਪੰਜਾਬ ਸਰਕਾਰ ਤੇ ਸਕੱਤਰ ਪਾਵਰਕਾਮ ਕਾਰਪੋਰੇਸ਼ਨ ਨੂੰ ਮਾਨਯੋਗ ਹਾਈਕੋਰਟ ਦੇ ਜੱਜ ਸਾਹਿਬ ਨੇ ਅਦਾਲਤ ਵਿੱਚ ਬੁਲਾਇਆ ਤੇ ਸਾਰੇ ਮਾਮਲੇ ਬਾਰੇ ਦੱਸਿਆ ਤੇ ਇੱਕ ਹਫਤੇ ਬਾਅਦ ਜਵਾਬ ਮੰਗਿਆ, ਤੇ ਹਦਾਇਤ ਕੀਤੀ ਕਿ ਸਭ ਤੋਂ ਪਹਿਲਾਂ ਪੰਜਾਬ ਰਾਜ ਭਾਸ਼ਾ ਤਰਮੀਮ ਐਕਟ 2008 ਪੜ੍ਹ ਲੈਣਾ। ਤਾਰੀਖ ਆਈ ਸਕੱਤਰ ਵਿਭਾਗ ਤੇ ਪਾਵਰ ਕਾਮ ਦੇ ਅਧਿਕਾਰੀਆਂ ਨੇ ਸਾਰੇ ਕਾਗਜ ਪੱਤਰ ਦਾਖਲ ਕਰਕੇ ਇਹ ਕਹਿ ਦਿੱਤਾ ਕਿ ਹੁਣ ਜੋ ਵੀ ਪਾਵਰ ਕਾਮ ਕਾਰਪੋਰੇਸ਼ਨ ਦੇ ਬਿਜਲੀ ਦੇ ਬਿਲ ਆਉਣਗੇ ਉਹ ਪੰਜਾਬੀ ਵਿੱਚ ਹੋਣਗੇ। ਸਾਰਾ ਮਸਲਾ ਤਕਰੀਬਨ ਇਕ ਡੇਢ ਮਹੀਨੇ ਦੇ ਵਿੱਚ ਹੱਲ ਹੋ ਗਿਆ। ਸਾਰੀ ਦੁਨੀਆ ਜਾਣਦੀ ਹੈ ਕਿ ਕਿਸੇ ਤਰ੍ਹਾਂ ਦਾ ਵੀ ਕੋਈ ਮੁਕਦਮਾ ਅਦਾਲਤ ਵਿੱਚ ਖ਼ਾਸ ਤੌਰ ਤੇ ਮਾਨਯੋਗ ਹਾਈਕੋਰਟ ਵਿੱਚ ਜਾਵੇ ਉਹ ਸਾਲਾਂ ਤੱਕ ਅਟਕਿਆ ਰਹਿੰਦਾ ਹੈ ਬਹੁਤ ਵਾਰ ਤਾਂ ਮੁਕੱਦਮਾ ਕਰਨ ਵਾਲੇ ਦੁਨੀਆਂ ਛੱਡ ਜਾਂਦੇ ਹਨ ਮੁਕਦਮਾ ਅਦਾਲਤ ਵਿੱਚ ਉਡੀਕ ਕਰਦਾ ਰਹਿੰਦਾ ਹੈ। ਇਹ ਮਸਲਾ ਹੱਲ ਹੋਣ ਤੋਂ ਬਾਅਦ ਮੈਨੂੰ ਬਹੁਤ ਸਾਰੇ ਅਜਿਹੇ ਸੱਜਣ ਮਿਲੇ ਜੋ ਗੱਲ ਕਰਨ ਤੋਂ ਪਹਿਲਾਂ ਮੈਨੂੰ ਵਧਾਈਆਂ ਦੇਣੀਆਂ ਨਾ ਭੁੱਲਦੇ ਕਿ ਅਸੀਂ ਅਜਿਹੀਆਂ ਸੈਂਕੜੇ ਅਰਜੀਆਂ ਵੱਖ ਵੱਖ ਮਹਿਕਮਿਆਂ ਵਿੱਚ ਦਿੱਤੀਆਂ ਹਨ ਪਰ ਸਾਡਾ ਬਿਜਲੀ ਦਾ ਬਿਲ ਪੰਜਾਬੀ ਵਿੱਚ ਨਾ ਹੋਇਆ। ਮੇਰਾ ਹਰੇਕ ਨੂੰ ਠੋਸ ਜਵਾਬ ਸੀ ਤੇ ਹੈ ਕਿ ਮੇਰਾ ਮਾਮਲਾ ਵੀ ਅਰਜ਼ੀਆਂ ਤੱਕ ਹੀ ਰਹਿ ਜੇ ਕਿਸੇ ਅਖਬਾਰ ਨੇ ਖ਼ਬਰ ਨਾ ਛਪਦੀ। ਮੈਂ ਤਾਂ ਸਿਰਫ ਇੱਕ ਕਦਮ ਉਠਾਇਆ ਸੀ ਅਖਬਾਰ ਨੇ ਉਸ ਨੂੰ ਸੇਧ ਦੇ ਕੇ ਇਨਕਲਾਬੀ ਕਦਮ ਬਣਾ ਦਿੱਤਾ।                       

ਰਮੇਸ਼ਵਰ ਸਿੰਘ ਸੰਪਰਕ ਨੰਬਰ-9914880392 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗਿੱਧਾ ਗਿੱਧਾ ਕਰੇਂ ਮੇਲਣੇਂ 
Next article* ਲਾਇਬਰੇਰੀ ਦੀ ਅਹਿਮੀਅਤ *