HOME ਗਿੱਧਾ ਗਿੱਧਾ ਕਰੇਂ ਮੇਲਣੇਂ 

ਗਿੱਧਾ ਗਿੱਧਾ ਕਰੇਂ ਮੇਲਣੇਂ 

2
ਅਮਨਦੀਪ ਕੌਰ
  (ਸਮਾਜ ਵੀਕਲੀ)   ਭਾਵੇਂ ਵਿਆਹ ਹੋਵੇ ਜਾਂ ਕੋਈ ਹੋਰ ਖੁਸ਼ੀ ਦਾ ਮੌਕਾ ਪੁਰਾਣੇ ਸਮਿਆਂ ਵਿੱਚ ਗਿੱਧੇ ਦੀ ਸਰਦਾਰੀ ਹੁੰਦੀ ਸੀ, ਪਿੜ ਚ ਇੱਕਠੀਆਂ ਹੋਈਆਂ ਔਰਤਾਂ ਨੇ ਜਿੱਦ ਜਿੱਦ ਬੋਲੀਆਂ ਪਾਉਣੀਆਂ ਅਤੇ ਖੂਬ ਅਨੰਦ ਮਾਨਣਾ
ਜਦੋਂ ਕਦੇ ਗਿੱਧਾ ਸ਼ੁਰੂ ਹੋਣਾ ਤਾਂ ਮੇਲਣਾਂ ਨੂੰ ਚਾਅ ਚੜ੍ਹ ਜਾਂਦਾ ਸੀ
ਓਹਨਾਂ ਲੋਰ ਵਿੱਚ ਬੋਲੀ ਪਾਉਣੀ
” ਗਿੱਧਾ ਗਿੱਧਾ ਕਰੇਂ ਮੇਲਣੇਂ
ਗਿੱਧਾ ਪਊ ਬਥੇਰਾ…
ਨੀ ਚਾਰ ਚੁਫੇਰੇ ਲੋਕੀਂ ਆ ਗਏ
ਭਰਿਆ ਪਿਆ ਬਨੇਰਾ…
ਮੋਰਨੀਂ ਬਣਕੇ ਨੀ ਦੇਦੇ ਸ਼ੌਕ ਦਾ ਗੇੜਾ
ਮੋਰਨੀਂ ਬਣਕੇ ਨੀ….
ਅਜਿਹੀਆਂ ਕਿੰਨੀਆਂ ਹੀ ਬੋਲੀਆਂ ਨਾਲ ਮੇਲ਼ ਗੇਲ ਚਿੱਤ ਪਰਚਾਵਾ ਕਰਦਾ ਅਤੇ ਨਾਨਕੇ ਦਾਦਕੇ ਬੋਲੀਆਂ ਵਿੱਚ ਹੀ ਇੱਕ ਦੂਜੇ ਨੂੰ  ਖੱਟੇ ਮਿੱਠੇ ਤਾਹਨੇ ਮਿਹਣੇ ਦਿੰਦੇ ਅਤੇ ਕੋਈ ਇੱਕ ਦੂਜੇ ਦੀ ਬੋਲੀ ਦਾ ਭੋਰਾ ਗੁੱਸਾ ਨਾ ਕਰਦਾ ਸਗੋਂ ਪਿੜ ਚ ਖੜੀਆਂ ਬੁਜੁਰਗ ਬੀਬੀਆਂ ਅਤੇ ਮੁੰਡੇ ਕੁੜੀਆਂ ਬੋਲੀ ਨੂੰ ਹੋਰ ਸਿਖਰਾਂ ਤੱਕ ਲਿਜਾਣ ਲਈ ਆਖਦੀਆਂ ਚੱਕਲੋ!!! ਤੇ ਬੋਲੀ ਪਾਉਣ ਵਾਲੇ ਨੂੰ ਹੋਰ ਲੋਰ ਚੜ੍ਹ ਜਾਂਦੀ,,
ਬਹੁਤੇ ਵਾਧੂ ਦੇ ਦਿਖਾਵੇ ਤੋਂ ਬਿਨਾਂ ਵੀ ਜਿੰਦਗੀ ਚ ਭਰਪੂਰ ਰਸ ਹੁੰਦਾ ਸੀ
ਪਰ ਹੁਣ ਜਦੋਂ ਦਾ ਵਿਆਹ ਵਿੱਚ ਆਹ
ਡੀਜੇ ਨਾਂ ਦਾ ਰੌਲਾ ਪਾਉਣ ਵਾਲਾ ਯੰਤਰ ਆਇਆ ਇਸਨੇ ਬੋਲੀਆਂ ਅਤੇ ਗਿੱਧਾ ਅਲੋਪ ਕਰ ਦਿੱਤਾ ਹੈ ਹੁਣ ਨਾ ਤਾਂ ਕੋਈ ਉੱਚੀ ਬਾਂਹ ਕੱਢ ਬੋਲੀਆਂ ਪਾਉਂਦੈ ਤੇ ਨਾ ਅੱਡੀ ਮਾਰਕੇ ਗਿੱਧਾ ਹੁਣ ਬਸ ਇਸਦੇ ਰੌਲੇ ਵਿਚ ਸਾਰੇ ਏਦਾਂ ਨੱਚਦੇ ਜਿਵੇਂ ਕਿਸੇ ਨੂੰ ਕੋਈ ਮਜਾ ਨਹੀਂ ਬਸ ਫੋਕੀ ਟੌਹਰ ਲਈ ਟੱਪੀ ਜਾਂਦੇ ਹੋਣ, ਹੱਥਾਂ ਨਾਲ ਜੋਰ ਦੀ ਤਾੜੀ ਮਾਰ ਗਿੱਧਾ ਪਾਉਣਾ ਹੁਣ ਅਲੋਪ ਹੋਣ ਦੇ ਕੰਢੇ ਹੈ, ਕੁਝ ਕੂ ਲੋਕ ਹਲੇ ਵੀ ਹਨ ਜਿਹੜੇ ਘਰਾਂ ਚ ਵਿਆਹ ਮੌਕੇ ਗਿੱਧਾ ਭੰਗੜਾ ਪਾਉਂਦੇ ਹਨ, ਪਰ ਜ਼ਿਆਦਾਤਰ ਲੋਕ ਹੁਣ ਡੀ ਜੇ ਨੂੰ ਪਹਿਲ ਦਿੰਦੇ ਹਨ ਹੋਰ ਤਾਂ ਹੋਰ ਅੱਜ ਕੱਲ ਗਿੱਧਾ ਭੰਗੜਾ ਪਾਉਣ ਲਈ ਵੀ ਬਾਹਰੋਂ ਟੀਮ ਨੂੰ ਬੁੱਕ ਕੀਤਾ ਜਾਂਦਾ ਹੈ ਜੋ ਵਿਆਹ, ਮੰਗਣੇ, ਆਦਿ ਖੁਸ਼ੀ ਦੇ ਸਮਾਗਮਾਂ ਤੇ ਨੱਚ ਟੱਪ ਕੇ ਸਾਡਾ ਮਨੋਰੰਜਨ ਕਰਦੇ ਹਨ ਪੈਲਸਾਂ ਵਿੱਚ ਇਹ ਭੰਗੜੇ ਵਾਲੇ ਗਰੁੱਪ ਆਪਾਂ ਆਮ ਹੀ ਦੇਖਦੇ ਹਾਂ ਬਾਕੀ ਸਾਰੇ ਪਰਿਵਾਰ ਦੇ ਜੀਅ ਬੈਠਕੇ ਇਹਨਾਂ ਨੂੰ ਵੇਖਦੇ ਹਨ ਤੇ ਇਹ ਸਟੇਜ਼ ਤੇ ਸਾਡੇ ਮੂਹਰੇ ਨੱਚਦੇ ਹਨ, ਹੁਣ ਓਹ ਵੇਲੇ ਨਹੀਂ ਰਹੇ ਜਦੋਂ ਵਿਆਹ ਵਾਲੇ ਘਰੇ ਨਾਨਕਾ ਦਾਦਕਾ ਮੇਲ਼ ਆਉਣਾ ਤਾਂ ਮਾਸੀਆਂ, ਮਾਮੀਆਂ ਨੇ ਪਿੰਡ ਚ ਵੜ੍ਹਨ ਸਾਰ ਹੀ ਦੂਰੋਂ ਉੱਚੀ ਸਾਰੀ ਹੇਕ ਲਾਕੇ ਗੀਤ ਗਾਉਣੇ ਸ਼ੁਰੂ ਕਰ ਦੇਣੇ ਅਤੇ ਆਂਡ ਗੁਆਂਢ ਨੇ ਵੀ ਚਾਵਾਂ ਨਾਲ ਆਖਣਾ “ਬਈ ਆਹ ਲੰਮੀ ਸਾਰੀ ਹੇਕ ਤਾਂ ਮੁੰਡੇ ਦੀ ਮਾਮੀ ਦੀ ਹੈ ਜਾਂ ਮਾਸੀ ਦੀ” ਜਦੋਂ ਵਿਆਹ ਵਾਲੇ ਘਰ ਮੇਲ਼ ਨੇ ਏਦਾਂ ਗੀਤ ਗਾਉਂਦੇ ਪਹੁੰਚਣਾ ਤਾਂ ਅੱਗਿਓਂ ਓਸ ਘਰ ਦੀਆਂ ਔਰਤਾਂ ਨੇ ਵੀ ਨਾਲ਼ ਰਲ਼ਕੇ ਉੱਚੀ ਹੇਕ ਨਾਲ ਆਪਣਾ ਬੋਲ ਰਲਾਉਣਾ ਅਤੇ ਓਹਨਾਂ ਨੂੰ ਵੇਖ ਸਾਰਿਆਂ ਨੂੰ ਚਾਅ ਚੜ੍ਹ ਜਾਂਦਾ ਸੀ, ਚਾਵਾਂ ਸ਼ਗਨਾਂ ਨਾਲ਼ ਮੇਲ਼ ਨੂੰ ਬਿਠਾਇਆ ਜਾਂਦਾ ਅਤੇ ਫੇਰ ਚਾਹ ਪਾਣੀ ਪੀਂਦਿਆਂ ਵੀ ਲੋਕ ਗੀਤਾਂ ਦੀ ਉੱਚੀ ਹੇਕ ਗੂੰਜਦੀ ਰਹਿੰਦੀ, ਘਰ ਦਾ ਸਾਰਾ ਮਹੌਲ ਮੇਲੇ ਵਰਗਾ ਜਾਪਦਾ ਸੀ, ਕੁਆਰੀਆਂ ਕੁੜੀਆਂ ਨੇ ਵਿਆਹ ਦੇ ਚਾਅ ਚ ਕੰਮ ਕਰਦਿਆਂ ਹੋਇਆਂ ਵੀ ਕਈ ਵਾਰ ਗਿੱਧਾ ਪਾਉਣ ਲੱਗ ਜਾਣਾ ਤੇ ਖੂਬ ਹਾਸੇ ਠੱਠੇ ਕਰਨੇ, ਘਰ ਦੇ ਬੁਜੁਰਗ ਦੱਸਦੇ ਸਨ ਕਿ ਜਦੋਂ ਕੁੜੀਆਂ, ਅਤੇ ਘਰ ਦੀਆਂ ਵਹੁਟੀਆਂ ਨੇ ਖੂਹ ਤੇ ਪਾਣੀ ਭਰਨ ਜਾਣਾ ਤਾਂ ਕਈ ਵਾਰ ਇੰਨੀ ਲੋਰ ਚੜ੍ਹਨੀ ਕੇ ਖੂਹ ਤੇ ਹੀ ਬਿਨਾਂ ਗੱਲੋਂ ਗਿੱਧਾ ਪਾਉਣ ਲੱਗ ਜਾਣਾ ਉਦੋਂ ਖੁਸ਼ ਹੋਣ ਲਈ ਬਹਾਨਾ ਨਹੀਂ ਬਸ  ਮੌਕਾ ਲੱਭਿਆ ਜਾਂਦਾ ਸੀ ਜਿੱਥੇ ਵੀ ਚਾਰ ਸੁਆਣੀਆਂ ਨੇ ਰਲ਼ ਬੈਠਣਾ ਉੱਥੇ ਦੁੱਖ ਸੁੱਖ ਸਾਂਝੇ ਕਰ ਦਿਲ ਦਾ ਭਾਰ ਹੌਲ਼ਾ ਕਰ ਲੈਣਾ
ਪਹਿਲਾ ਲੋਕ ਦੂਜੇ ਦਾ ਦੁੱਖ ਸੁਣਕੇ ਲੋੜੀਂਦੇ ਹੱਲ ਲੱਭਦੇ ਤੇ ਦੂਜੇ ਨੇ ਦਿਲਾਸਾ ਦਿੰਦੇ ਪਰ ਅੱਜਕਲ ਲੋਕ ਦੂਜੇ ਦਾ ਦੁੱਖ ਸੁਣਕੇ ਖਿੱਲੀ ਉਡਾਉਣ ਲਈ ਮੌਕਾ ਤਾੜਦੇ ਹਨ ਤੇ ਰੱਜ ਕੇ ਮਜਾਕ ਉਡਾਉਂਦੇ ਹਨ, ਪਹਿਲਾਂ ਗਿੱਧੇ ਨਾਲ ਪਾਈਆਂ ਜਾਣ ਵਾਲੀਆਂ ਬੋਲੀਆਂ ਵਿੱਚ ਬਹੁਤ ਅਪਣਤ ਹੁੰਦੀ ਸੀ ਤਾਹੀਂ ਗਿੱਧਾ ਬੋਲੀਆਂ ਵਿਆਹਾਂ ਦੀ ਸ਼ਾਨ ਸਨ
ਬੋਲੀਆਂ ਪਾਉਂਦੀਆਂ ਵਹੁਟੀਆਂ ਆਪਣੇ ਪੇਕੇ ਘਰ ਨੂੰ ਸੰਬੋਧਨ ਕਰਕੇ ਵੀ ਬੋਲੀ ਪਾਉਣੀ ਜਿਵੇਂ
” ਹੱਟੀਆਂ ਤੇ ਲਾਲ ਗਿਰੀ
ਫੋਟੋ ਭੇਜ ਵੀਰਨਾਂ
ਤੇਰੀ ਰੱਖਾਂ ਮੈਂ ਯਾਦਗਿਰੀ…
ਅਤੇ ਫੇਰ ਆਪ ਹੀ ਇਸਦਾ ਜਵਾਬ ਵੀ ਦੇਣਾਂ
” ਦੋ ਗਿਰੀਆਂ ਬਦਾਮ ਦੀਆਂ
ਫੋਟੋ ਨਾਲ ਕੀ ਬਣਦਾ
ਗੱਲਾਂ ਕਰੀਏ ਜ਼ੁਬਾਨ ਦੀਆਂ….
ਇਸ ਬੋਲੀ ਰਾਹੀਂ ਇੰਝ ਜਾਪਦੈ ਜਿਵੇਂ ਸਹੁਰੇ ਘਰ ਬੈਠਿਆਂ ਹੀ ਇੱਕ ਭੈਣ ਨੇ ਬੋਲੀ ਰਾਹੀਂ ਸੁਨੇਹਾਂ ਵੀਰ ਨੂੰ ਦਿੱਤਾ ਹੋਵੇ
ਤੇ ਪੇਕਿਆਂ ਦੀ ਖੈਰ ਸੁੱਖ ਮੰਗੀ ਹੋਵੇ,
ਅਤੇ ਕਈ ਵਾਰ ਮੇਲ਼ ਚੋਂ ਕਿਸੇ ਨੇ ਬੋਲੀ ਪਾਉਣੀ
‘ਮਾਮੀ ਆਈ ਕੀ ਕੁਝ ਲਿਆਈ
ਮਾਮੀ ਆਈ ਕੀ ਕੁਝ ਲਿਆਈ”
ਲਿਆਈ ਬੋਕ ਦੀਆਂ ਟੰਗਾਂ
ਨੀ ਵਿੱਚ ਸ਼ਰੀਕੇ ਦੇ ਭੋਰਾ ਭੋਰਾ ਵੰਡਾਂ
ਨੀ ਵਿੱਚ ਸ਼ਰੀਕੇ ਦੇ…..
ਜਾਗੋ ਚੁੱਕੀ ਮਾਮੀ ਨੂੰ ਇਹੋ ਜਿਹੀਆਂ ਬੋਲੀਆਂ ਪਾਕੇ ਛੇੜਿਆ ਜਾਂਦਾ ਤੇ ਮਾਮੀ ਨੇ ਵੀ ਖਿੜ ਖਿੜ ਹੱਸੀ ਜਾਣਾ…
ਕੋਈ ਗੁੱਸਾ ਗਿਲਾ ਨਹੀਂ ਹੁੰਦਾ ਸੀ
ਸਗੋਂ ਹੋਰ ਵਧੇਰੇ ਰੌਣਕਾਂ ਲੱਗਦੀਆਂ ਸੀ
ਪਰ ਅੱਜਕਲ ਲੋਕ ਮਾੜੀ ਜਿਹੀ ਗੱਲ ਨੂੰ ਪਹਾੜ ਬਣਾ ਲੈਂਦੇ ਹਨ ਖਾਸਕਰ ਖੁਸ਼ੀ ਵਿਆਹ ਦੇ ਮੌਕਿਆਂ ਤੇ ਲੋਕ ਵੈਰ ਕੱਢਦੇ ਹਨ ਤੇ ਜਿਦਾਂ ਪੁਗਾਉਂਦੇ ਹਨ,,
ਦਿਓਰ ਭਰਜਾਈ ਦੇ ਪਿਆਰੇ ਰਿਸ਼ਤੇ ਲਈ ਵੀ ਬੋਲੀਆਂ ਪਾਈਆਂ ਜਾਂਦੀਆਂ ਜਿਵੇਂ
“ਲਿਆ ਦਿਓਰਾ ਤੇਰਾ ਕੁੜਤਾ ਧੋ ਦਿਆਂ
ਵਿੱਚ ਪਾ ਕਲਮੀਂ ਸ਼ੋਰਾ
ਵਿੱਚ ਭਰਜਾਈਆਂ ਦੇ ਬੋਲ ਕਲਹਿਰੀਆ ਮੋਰਾ
ਹੋ ਵਿਚ ਭਰਜਾਈਆਂ ਦੇ….
ਨਣਦ ਭਾਬੀ ਦੇ ਰਿਸ਼ਤੇ ਨੂੰ ਢੁੱਕਦੀਆਂ ਬੋਲੀਆਂ ਗਿੱਧੇ ਚ ਖੂਬ ਰੌਣਕ ਲਾਉਂਦੀਆਂ
ਜਿਵੇਂ
ਜਾਨ ਤੋ ਪਿਆਰੀ ਮੈਨੂੰ ਤੂੰ ਏ ਨੀ ਨਣਦੇ
ਸਾਹਾਂ ਤੋਂ ਪਿਆਰਾ ਤੇਰਾ ਵੀਰ…
ਨੀ ਜਦ ਗੱਲਾਂ ਕਰਦਾ
ਦੰਦਾਂ ਦਾ ਹੱਸਦਾ ਪੀੜ੍ਹ….
ਜਾਨ ਤੋ ਪਿਆਰੀ ਮੈਨੂੰ ਤੂੰ ਏ ਨਣਦੇ
ਸਾਹਾਂ ਤੋਂ ਪਿਆਰਾ ਤੇਰਾ ਵੀਰ
ਨੀ ਜਦ ਗਾਲ੍ਹਾਂ ਕੱਢਦਾ
ਅੱਖਾਂ ਚੋਂ ਵੱਗਦਾ ਨੀਰ….
ਇਹ ਬੋਲੀਆਂ ਗਿੱਧੇ ਨੂੰ ਚਾਰ ਚੰਨ ਲਾ ਦਿੰਦੀਆਂ ਸਨ
ਪਰ ਹੁਣ ਇਹ ਸਾਰੇ ਹਾਸੇ ਠੱਠੇ ਲੋਕ ਗੀਤ, ਬੋਲੀਆਂ, ਸਿੱਠਣੀਆਂ, ਛੰਦ ਜਿਵੇਂ ਅਲੋਪ ਹੋ ਗਏ ਹਨ
ਹੁਣ ਲੋਕ ਗੀਤਾਂ ਦੀ ਉੱਚੀ ਹੇਕ ਨਹੀਂ ਸੁਣਦੀ,
ਬੋਲੀਆਂ ਰਾਹੀਂ ਦਿੱਤੇ ਜਾਣ ਵਾਲੇ ਖੱਟੇ ਮਿੱਠੇ ਤਾਹਨੇ ਮਿਹਣੇ ਨਹੀਂ ਸੁਣਦੇ
ਪਿੜ ਚ ਗਿੱਧੇ ਦੀ ਧਮਾਲ ਨਹੀਂ ਗੂੰਜਦੀ
ਹੁਣ ਆਂਡ ਗੁਆਂਢ ਚ ਅੱਡੀ ਦੀ ਧਮਕ ਨਹੀਂ ਬਲਕਿ ਡੀ ਜੇ ਦਾ ਰੌਲ਼ਾ ਸੁਣਦਾ ਹੈ
ਹੁਣ ਗਿੱਧੇ ਚ ਨਣਦ ਭਾਬੀ ਦੀ ਕਿੱਕਲੀ ਨਹੀਂ ਪੈਂਦੀ, ਹੁਣ ਫੁੱਫੜ ਬਿਨਾਂ ਗਲੋਂ ਲਲਕਾਰੇ ਨਹੀਂ ਮਾਰਦਾ, ਹੁਣ ਕੁੜੀਆਂ ਲੱਡੂ ਖਾਂਦੇ ਖਾਂਦੇ ਗਿੱਧਾ ਨਹੀਂ ਪਾਉਂਦੀਆਂ
ਹੁਣ ਖੂਹ ਤੇ ਸੁਆਣੀਆਂ ਵੱਲੋਂ ਸ਼ੌਕ ਦਾ ਗੇੜਾ ਨਹੀਂ ਦਿੱਤਾ ਜਾਂਦਾ, ਹੁਣ ਦਿਓਰ ਭਾਬੀਆਂ ਜਿੱਦ ਜਿੱਦ ਬੋਲੀਆਂ ਨਹੀਂ ਪਾਉਂਦੇ, ਹੁਣ ਆਂਡ ਗੁਆਂਢ ਕੋਠਿਆਂ ਦੇ ਚੜ੍ਹ ਚੜ੍ਹ ਮੇਲਣਾਂ ਦਾ ਗਿੱਧਾ ਨਹੀਂ ਵੇਖਦਾ ਕਿਉਂਕਿ ਹੁਣ ਨਾਨਕਾ ਦਾਦਕਾ ਮੇਲ਼ ਚਾਵਾਂ ਨਾਲ ਗਿੱਧਾ ਨਹੀਂ ਪਾਉਂਦਾ।
ਅਮਨਦੀਪ ਕੌਰ ਹਾਕਮ ਸਿੰਘ ਵਾਲਾ ਬਠਿੰਡਾ 
9877654596
Previous articleਜਹਾਜ਼ ਵਿੱਚ ਬੰਬ ਦੀ ਧਮਕੀ ਨਾਲ ਦਿੱਲੀ ਹਵਾਈ ਅੱਡੇ ‘ਤੇ ਹਫੜਾ-ਦਫੜੀ, ਚਾਲਕ ਦਲ ਦੇ ਮੈਂਬਰ ਨੂੰ ਮਿਲਿਆ ਧਮਕੀ ਭਰਿਆ ਪੱਤਰ
Next articleਅਖਬਾਰ ਦੀ ਇੱਕ ਖਬਰ, ਭਾਸ਼ਾ ਦੀ ਜਿੱਤ ਦਾ ਸਫ਼ਰ”