ਵਿਨੀਪੈਗ ਦਾ ਯਾਦਗਾਰੀ ਦੌਰਾ / ਮਿੱਠਾ ਤੇ ਭਰਪੂਰ !

(ਸਮਾਜ ਵੀਕਲੀ)

ਬ੍ਰਿਟਿਸ਼ ਕੋਲੰਬੀਆ ਵਿਚ ‘ਧੰਨ ਲੇਖਾਰੀ ਨਾਨਕਾ’ ਦੀਆਂ ਯਾਦਗਾਰੀ ਦੋ ਪੇਸ਼ਕਾਰੀਆਂ ਤੇ ‘ਸੰਮਾਂ ਵਾਲੀ ਡਾਂਗ’ ਦੀ ਇਕ ਖੂਬਸੂਰਤ ਪੇਸ਼ਕਾਰੀ ਤੋਂ ਬਾਅਦ ਜਦੋਂ ਮੈਂ ਵਿਨੀਪੈੱਗ ਵੱਲ ਰਵਾਨਾ ਹੋਇਆ ਸੀ ਤਾਂ ਮਨ ਵਿੱਚ ਜਗਿਆਸਾ ਸੀ.. ਅਗਲਾ ਸ਼ਹਿਰ ਕਿਵੇਂ ਦਾ ਰਹੇਗਾ…ਅੱਜ ਵਿਨੀਪੈੱਗ ਦਾ ਸਫਰ ਮੁਕੰਮਲ ਕਰਨ ਤੋਂ ਬਾਅਦ ਜਦੋਂ ਮੈਂ ਟੋਰਾਂਟੋ ਵੱਲ ਰਵਾਨਾ ਹੋ ਰਿਹਾ ਹਾਂ ਤਾਂ ਵਿਨੀਪੈੱਗ ਮੈਨੂੰ ਤਸੱਲੀ, ਮਾਣ, ਪਿਆਰ ਤੇ ਸਤਿਕਾਰ ਨਾਲ ਰੁਖ਼ਸਤ ਕਰ ਰਿਹਾ ਹੈ…ਨਵਜੋਤ ਢਿੱਲੋਂ ਵੱਲੋਂ ਡੈਲਟਾ ਵਿਖੇ ‘ਧੰਨ ਲੇਖਾਰੀ ਨਾਨਕਾ’ ਦੀ ਇੱਕ ਹੋਰ ਪੇਸ਼ਕਾਰੀ ਵਿਉਂਤਣ ਕਰਕੇ ਮੈਂ ਵਿਨੀਪੈੱਗ ਇਕ ਦਿਨ ਦੇਰ ਨਾਲ ਪਹੁੰਚਿਆ ਸੀ.. ਤੇ ਵਿਨੀਪੈੱਗ ਨੇ ਵੀ ਮੈਨੂੰ ਤੈਅ ਤਾਰੀਖ ਤੋਂ ਇਕ ਦਿਨ ਬਾਅਦ ਵਿਦਾ ਹੋਣ ਦੀ ਇਜਾਜ਼ਤ ਦਿੱਤੀ ਹੈ!

ਹਰਨੇਕ ਸਿੰਘ ਧਾਲੀਵਾਲ, ਜਲ ਕੌਰ,ਹਰਿੰਦਰ ਗਿੱਲ, ਜਗਮੀਤ ਪੰਧੇਰ, ਮੰਗਤ ਜੀ,ਅਵਤਾਰ ਸਿੱਧੂ , ਹਰਨੇਕ ਜੀ, ਜਸਵੀਰ ਮੰਗੂਵਾਲ, ਡਾ ਜਸਵਿੰਦਰ ਸਿੰਘ ਤੇ ਉਨ੍ਹਾਂ ਦੇ ਹੋਰ ਸਾਰੇ ਦੋਸਤਾਂ ਵਲੋਂ ‘ਪੰਜਾਬੀ ਸਾਹਿਤ ਅਤੇ ਸੱਭਿਆਚਾਰਕ ਸਭਾ’ ਦੇ ਬੈਨਰ ਹੇਠ ਪ੍ਰੋਗਰਾਮ ਰਚਾਇਆ ਗਿਆ.. ਤਿੱਨ ਸੌ ਤੋਂ ਵੱਧ ਦਰਸ਼ਕਾਂ ਦੀ ਭਰਪੂਰ ਹਾਜ਼ਰੀ ਵਿੱਚ ਨਾਟਕ ਲੋਕਾਂ ਦੇ ਦਿਲਾਂ ਤੱਕ ਪਹੁੰਚਿਆ..ਵਿਨੀਪੈੱਗ ਵਿਚ ਨਾਟਕ ਨੇ ਚਰਚਾ ਛੇੜੀ ਹੈ.. ਸਾਰਥਕ ਚਰਚਾ.. ਭਰਪੂਰ ਚਰਚਾ.. ਤਸੱਲੀ ਵਾਲੀ ਚਰਚਾ.. ਮੇਰੇ ਲਈ ਜ਼ਿੰਮੇਵਾਰੀ ਵਧਾਉਣ ਵਾਲ਼ੀ ਚਰਚਾ!..ਦਰਸ਼ਕਾਂ ਵਿਚ ਬਹੁਤ ਸਾਰੇ ਨੌਜਵਾਨ ਤੇ ਮੁਟਿਆਰਾਂ ਸ਼ਾਮਲ ਸਨ.. ਤੇ ਉਨ੍ਹਾਂ ਵੱਲੋਂ ਨਾਟਕ ਨੂੰ ਦਿੱਤਾ ਗਿਆ ਹੁੰਗਾਰਾ ਬੇਮਿਸਾਲ ਸੀ!

ਰਜਿੰਦਰ ਸੇਖੋਂ ਤੇ ਉਸ ਦੇ ਪਰਿਵਾਰ ਵੱਲੋਂ ਪੇਸ਼ਕਾਰੀ ਤੋਂ ਅਗਲੇ ਦਿਨ ਆਪਣੇ ਘਰ ਵਿਖੇ ਕੀਤਾ ਗਿਆ ਸਵਾਗਤ ਯਾਦਗਾਰੀ ਸੀ..ਉਥੇ ਹਾਜ਼ਰ ਪੰਜਾਹ ਦੇ ਕਰੀਬ ਜੀਆਂ ਦਾ ਧੰਨਵਾਦ ਕਰਦਾ ਹਾਂ.. ਉਨ੍ਹਾਂ ਵੱਲੋਂ ਮਿਲਿਆ ਅਥਾਹ ਪਿਆਰ ਮੈਨੂੰ ਹੁਣ ਤਕ ਭਾਵੁਕ ਕਰ ਰਿਹਾ ਹੈ..ਡਾ ਆਤਮਜੀਤ ਦੀ ਬੇਟੀ ਜੈਦੀਪ ਦਾ ਪੇਸ਼ਕਾਰੀ ਦੇਖਣ ਆਉਣਾ.. ਪੇਸ਼ਕਾਰੀ ਨੂੰ ਸਲਾਹੁਣਾ.. ਤੇ ਅਗਲੇ ਦਿਨ ਸੈਰ ਸਪਾਟੇ ਦੌਰਾਨ ਸਾਡੇ ਨਾਲ ਸ਼ਾਮਲ ਹੋਣਾ ਮੇਰੇ ਲਈ ਖ਼ਾਸ ਖ਼ੁਸ਼ੀ ਦਾ ਸਬੱਬ ਬਣਿਆ ਹੈ..ਪੰਜਾਬੀ ਦੀ ਪ੍ਰਸਿੱਧ ਫਿਲਮ ਤਬਾਹੀ ਤੇ ਹੋਰ ਬਹੁਤ ਸਾਰੀਆਂ ਫਿਲਮਾਂ ਦੇ ਨਿਰਦੇਸ਼ਕ ਹਰਿੰਦਰ ਗਿੱਲ ਨਾਲ ਮੁਲਾਕਾਤ ਹੋਣਾ ਕਮਾਲ ਦੀ ਗੱਲ ਸੀ,ਹਰਿੰਦਰ ਇਵੇਂ ਮਿਲੇ ਜਿਵੇਂ ਬਹੁਤ ਦੇਰ ਤੋਂ ਅਸੀਂ ਜਾਣੂ ਹੋਈਏ,ਕਲਾਕਾਰ ਤੇ ਕਲਾਕਾਰ ਦਾ ਸੰਬੰਧ!

..ਸਾਡੇ ਬਹੁਤ ਪਿਆਰੇ ਕਹਾਣੀਕਾਰ ਗੁਰਮੀਤ ਕੜਿਆਲਵੀ ਦੀ ਬੇਟੀ ਗੁਰਲੀਨ ਦਾ ਮਿਲਣਾ ਵੀ ਇਸੇ ਤਰ੍ਹਾਂ ਇਕ ਜਜ਼ਬਾਤੀ ਪਲ ਸੀ..ਜਸਵੀਰ ਮੰਗੂਵਾਲ ਵੱਲੋਂ ਮੇਰੀ ਧੀ ਅਰਸ਼ਿਕਾ ਨੂੰ ਭੂਆ ਵਾਲਾ ਪਿਆਰ ਦੇਣਾ ਮੈਂ ਕਦੇ ਭੁਲਾ ਨਹੀਂ ਸਕਦਾ ..ਹਰਨੇਕ ਧਾਲੀਵਾਲ ਦੀ ਜੀਵਨ ਸਾਥਣ ਜਲ ਕੌਰ ਵੱਲੋਂ ਅਰਸ਼ਿਕਾ ਨੂੰ ਦਿੱਤਾ ਮਾਵਾਂ ਵਰਗਾ ਨਿੱਘ ਸਾਨੂੰ ਦੋਵਾਂ ਨੂੰ ਯਾਦ ਰਹੇਗਾ..ਕਮਲ ਤੇ ਰੇਨੂੰ ਦੇ ਗ੍ਰਹਿ ਵਿਖੇ ਬਿਤਾਏ ਪਲ ਵਿਚਾਰਾਂ ਦੀ ਅਮੀਰੀ ਵਾਲੇ ਪਲ ਸਨ.. ਫ਼ਲਸਫ਼ਾਨਾ ਰਾਜਨੀਤਕ ਸਮਾਜਕ ਗੱਲਾਂ!..ਨੋਨਾ ਬਾਈ, ਬਾਲਾ ਪਾਈ ਤੇ ਰਜਿੰਦਰ ਬਾਈ ਨਾਲ ਕੀਤੀ ਖ਼ੂਬਸੂਰਤ ਯਾਤਰਾ ਯਾਦਗਾਰੀ ਰਹੀ.!..ਮੇਰੇ ਪਿੰਡ ਦਾ ਨੌਜਵਾਨ ਜਸਪ੍ਰੀਤ ਸਿੰਘ ਢਿੱਲੋਂ ਨਾਟਕ ਦੇਖਣ ਤੋਂ ਬਾਅਦ ਬਹੁਤ ਭਾਵੁਕ ਹੋ ਗਿਆ ..ਮਾਣ ਨਾਲ ਭਰ ਗਿਆ..ਉਹਦਾ ਪਿਆਰ ਯਾਦ ਰਹੇਗਾ!

ਮੇਰੀ ਪੈਂਤੀ ਸਾਲ ਦੀ ਰੰਗਮੰਚੀ ਜ਼ਿੰਦਗੀ ਵਿੱਚ ਇਸ ਨਾਟਕ ਦਾ ਵਿਸ਼ੇਸ਼ ਸਥਾਨ ਹੈ..ਇਸ ਨੂੰ ਆਮ ਦਰਸ਼ਕਾਂ ਵੱਲੋਂ ਵੀ ਪਿਆਰ ਮਿਲ ਰਿਹਾ ਹੈ.. ਆਲੋਚਕਾਂ ਤੇ ਚਿੰਤਕਾਂ ਵਲੋਂ ਵੀ.. ਤੇ ਕੁਸ਼ ਉਨ੍ਹਾਂ ਦੋਸਤਾਂ ਵੱਲੋਂ ਵੀ, ਜਿਨ੍ਹਾਂ ਨੂੰ ਛੇਤੀ ਕੀਤੇ ਨਾਟਕ ਪਸੰਦ ਨਹੀਂ ਆਉਂਦਾ..ਦਰਸ਼ਕਾਂ ਨੂੰ ਕੁਝ ਵੱਖਰਾ ਅਹਿਸਾਸ ਹੋ ਰਿਹਾ ਹੈ.. ਤੇ ਮੈਨੂੰ ਡਰ ਲੱਗ ਰਿਹਾ ਹੈ ਕਿ ਅਗਲੇ ਨਾਟਕ ਇਸ ਨਾਟਕ ਦੇ ਹਾਣ ਦੇ ਹੋਣਗੇ ਜਾਂ ਨਹੀਂ …ਖੈਰ..ਇੱਕ ਵਾਰ ਫੇਰ ਉਨ੍ਹਾਂ ਸਾਰੇ ਦੋਸਤਾਂ ਦਾ ਧੰਨਵਾਦ ਜਿਨ੍ਹਾਂ ਨੇ ਵਿਨੀਪੈੱਗ ਦੇ ਇਸ ਰੰਗਮੰਚ ਦੌਰੇ ਨੂੰ ਮੇਰੇ ਲਈ ਯਾਦਗਾਰੀ ਬਣਾਇਆ.. ਜਿਨ੍ਹਾਂ ਦੇ ਨਾਮ ਇਸ ਪੋਸਟ ਵਿਚ ਨਾਂ ਦਰਜ ਕਰ ਸਕਿਆ ਹੋਵਾਂ, ਉਨ੍ਹਾਂ ਦਾ ਵੀ ਧੰਨਵਾਦ!

.. ਮੈਂ ਵਿਨੀਪੈੱਗ ਤੋਂ ਜਾ ਰਿਹਾ ਹਾਂ.. ਇਸ ਵਾਅਦੇ ਨਾਲ ਕਿ ਜਲਦ ਵਿਨੀਪੈੱਗ ਵਾਪਸ ਆਵਾਂਗਾ, ਇੱਕ ਹੋਰ ਪੇਸ਼ਕਾਰੀ ਨਾਲ! ਇਹ ਵਾਅਦਾ ਦੋਸਤਾਂ ਨੇ ਬੜੇ ਹੱਕ ਤੇ ਮਾਣ ਨਾਲ ਲਿਆ ਹੈ.. ਨਿਭਾਵਾਂਗਾ!

ਸਾਹਿਬ ਸਿੰਘ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤ ਮਹਾਨ
Next articleਤਿਓੁਹਾਰਾਂ ਦੇ ਮੌਸਮ *ਚ ਮਿਲਾਵਟ ਦੀ ਖੇਡ