ਸਰਦੀਆਂ ਦੇ ਦਿਨ ਸਨ। ਰਾਤ ਦੇ ਗਿਆਰਾਂ ਕੁ ਵੱਜਣ ਵਾਲੇ ਸਨ। ਮੇਰਾ ਲੜਕਾ ਢਾਈ, ਤਿੰਨ ਘੰਟੇ ਪੜ੍ਹਨ ਪਿੱਛੋਂ ਲਾਈਟ ਬੰਦ ਕਰਕੇ ਹਾਲੇ ਬੈੱਡ ਤੇ ਲੇਟਿਆ ਹੀ ਸੀ ਕਿ ਅਚਾਨਕ ਮੇਰੇ ਘਰ ਦਾ ਗੇਟ ਕਿਸੇ ਨੇ ਆ ਖੜਕਾਇਆ।ਮੇਰਾ ਲੜਕਾ ਛੇਤੀ ਨਾਲ ਉੱਠਿਆ। ਲਾਈਟ ਜਗਾ ਕੇ ਮੈਨੂੰ ਜਗਾਇਆ। ਮੈਂ ਬਾਹਰ ਜਾ ਕੇ ਗੇਟ ਖੋਲ੍ਹ ਦਿੱਤਾ। ਮੈਂ ਵੇਖਿਆ, ਦੋ ਜਣੇ ਗੇਟ ਤੋਂ ਬਾਹਰ ਖੜ੍ਹੇ ਸਨ। ਮੈਨੂੰ ਵੇਖ ਕੇ ਉਨ੍ਹਾਂ ਵਿੱਚੋਂ ਇੱਕ ਜਣਾ ਬੋਲਿਆ,” ਭਾ ਜੀ, ਅਸੀਂ ਮੋਗੇ ਤੋਂ ਆਏ ਆਂ। ਅਸੀਂ ਕਾਫੀ ਚਿਰ ਤੋਂ ਸੜਕ ‘ਚ ਖੜ੍ਹੇ ਸਾਂ। ਅਸੀਂ ਬੜਵੇ ਪਿੰਡ ਨੂੰ ਜਾਣਾ ਆਂ। ਸਾਨੂੰ ਉਸ ਪਿੰਡ ਨੂੰ ਜਾਣ ਦੇ ਰਸਤੇ ਦਾ ਨਹੀਂ ਪਤਾ। ਇਸ ਵੇਲੇ ਸਾਡੇ ਫ਼ੋਨ ਦੀ ਬੈਟਰੀ ਡੈੱਡ ਹੋ ਚੁੱਕੀ ਆ। ਇਸ ਕਰਕੇ ਅਸੀਂ ਉਨ੍ਹਾਂ ਨੂੰ ਫ਼ੋਨ ਵੀ ਨਹੀਂ ਕਰ ਸਕਦੇ, ਜਿਨ੍ਹਾਂ ਦੇ ਘਰ ਅਸੀਂ ਜਾਣਾ ਆਂ। ਕਿਰਪਾ ਕਰਕੇ ਸਾਨੂੰ ਰਸਤਾ ਦੱਸ ਦਿਊ।”
ਮੈਂ ਦੋਹਾਂ ਜਣਿਆਂ ਨੂੰ ਬੜਵੇ ਪਿੰਡ ਜਾਣ ਦਾ ਰਸਤਾ ਚੰਗੀ ਤਰ੍ਹਾਂ ਸਮਝਾਇਆ। ਜਦੋਂ ਦੋਵੇਂ ਜਣੇ ਆਪਣੀ ਕਾਰ ਵਿੱਚ ਬੈਠੇ, ਤਾਂ ਕਾਰ ਚਲਾਉਣ ਵਾਲੇ ਨੇ ਮੈਨੂੰ ਆਖਿਆ,” ਵੇਖੋ ਭਾ ਜੀ,ਅੱਜ ਕੱਲ੍ਹ ਜ਼ਮਾਨਾ ਬੜਾ ਭੈੜਾ ਆ ਗਿਐ। ਪੂਰੀ ਜਾਣਕਾਰੀ ਲੈਣ ਤੋਂ ਬਗੈਰ ਏਦਾਂ ਤੁਹਾਨੂੰ ਗੇਟ ਨਹੀਂ ਸੀ ਖੋਲ੍ਹਣਾ ਚਾਹੀਦਾ। ਅਸੀਂ ਤਾਂ ਚੰਗੇ ਬੰਦੇ ਆਂ। ਸਾਡੇ ਥਾਂ ਕੋਈ ਹੋਰ ਹੁੰਦਾ, ਤੁਹਾਨੂੰ ਨੁਕਸਾਨ ਵੀ ਪਹੁੰਚਾ ਸਕਦਾ ਸੀ।”
ਉਸ ਦੀ ਅਕਲ ਦੀ ਗੱਲ ਸੁਣ ਕੇ ਮੇਰਾ ਦਿਮਾਗ ਟਿਕਾਣੇ ਆ ਗਿਆ। ਇਸ ਤੋਂ ਪਹਿਲਾਂ ਕਿ ਮੈਂ ਕੁੱਝ ਬੋਲਦਾ, ਉਹ ਕਾਰ ਸਟਾਰਟ ਕਰਕੇ ਆਪਣੇ ਸਾਥੀ ਨਾਲ ਚੱਲਦਾ ਬਣਿਆ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ 9915803554
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly