ਏ.ਕੇ.ਐਮ.ਯੂ ਦੇ ਪ੍ਰਧਾਨ ਜੱਥੇਦਾਰ ਨਿਮਾਣਾ ਨੇ ਰਿਲਾਇੰਸ ਕੰਪਨੀ ਵੱਲੋਂ ਲਗਾਏ ਜਾ ਰਹੇ ਪ੍ਰਦੂਸ਼ਿਤ ਗੈਸ ਪਲਾਂਟ ਨੂੰ ਬੰਦ ਕਰਵਾਉਣ ਅਪਣਾ ਸਮਰਥਨ ਦਿੱਤਾ

ਪ੍ਰਦੂਸ਼ਿਤ ਗੈਸ ਕੈਂਸਰ ਪਲਾਂਟ ਕਿਸੇ ਵੀ ਕੀਮਤ ਤੇ ਲਗਾਉਣ ਨਹੀਂ ਦਿੱਤਾ ਜਾਵੇਗਾ- ਜੱਥੇਦਾਰ ਨਿਮਾਣਾ 
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) –  ਇਲਾਕਾ ਨਿਵਾਸੀਆਂ ਵੱਲੋਂ ਬੱਗਾ ਕਲਾਂ ਵਿੱਚ ਲੱਗ ਰਹੇ ਪ੍ਰਦੂਸ਼ਿਤ ਗੈਸ ਪਲਾਂਟ ਨੂੰ ਪੱਕੇ ਤੌਰ ਤੇ ਬੰਦ ਕਰਵਾਉਣ ਲਈ ਧਰਨਾ ਦਿੱਤਾ ਗਿਆ, ਜੋ ਅੱਜ ਅੱਠਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਇਸ ਧਰਨੇ ਦੀ ਅਗਵਾਈ  ਹਰਪਾਲ ਸਿੰਘ ਬੱਗਾ ਕਲਾਂ, ਭੁਪਿੰਦਰ ਸਿੰਘ ਕੁਤਬੇਵਾਲ ਤੇ ਬੂਟਾ ਸਿੰਘ ਨੰਬਰਦਾਰ, ਸਮਸੇਰ ਸਿੰਘ ਲਾਡੋਵਾਲ ਨੇ ਕੀਤੀ । ਅੱਜ ਦੇ ਧਰਨੇ ਵਿੱਚ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਦੇ ਕੌਮੀ ਪ੍ਰਧਾਨ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ, ਪਰਮਜੀਤ ਸਿੰਘ ਨੱਤ ਕੌਮੀ ਜਨਰਲ ਸਕੱਤਰ, ਬਲਦੇਵ ਸਿੰਘ ਸੰਧੂ ਕੌਮੀ ਮੀਤ ਪ੍ਰਧਾਨ, ਪ੍ਰਭਦੀਪ ਸਿੰਘ ਪ੍ਰਧਾਨ ਜਿਲ੍ਹਾ ਦਿਹਾਤੀ ਲੁਧਿਆਣਾ, ਗੁਰਚਰਨ ਸਿੰਘ ਰਾਜੂ ਗਰੇਵਾਲ ਪ੍ਰਧਾਨ ਹਲਕਾ ਗਿੱਲ ਨੇ ਆਪਣੇ ਸਾਥੀਆਂ ਸਮੇਤ ਵੱਡੇ ਪੱਧਰ ਤੇ ਸ਼ਮੂਲੀਅਤ ਕੀਤੀ ਅਤੇ ਇਸ ਮੌਕੇ ਤੇ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਪ੍ਰਦੂਸ਼ਿਤ ਗੈਸ ਪਲਾਂਟ ਨੂੰ ਬੰਦ ਕਰਵਾਉਣ ਲਈ ਪੂਰਨ ਤੌਰ ਤੇ ਸਮਰਥਨ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਗੈਸ ਪਲਾਂਟ ਲੱਗਣ ਨਾਲ ਇਲਾਕੇ ਵਿੱਚ ਕੈਂਸਰ, ਦਿਲ, ਸਾਹ ਅਤੇ ਚਮੜੀ ਦੇ ਰੋਗ ਵਰਗੀਆਂ ਹੋਰ ਕਈ ਘਾਤਕ ਬੀਮਾਰੀਆਂ ਦਾ ਸਾਹਮਣਾ ਕਰਨਾ ਪਵੇਗਾ । ਸਰਕਾਰ ਇਲਾਕਾ ਨਿਵਾਸੀਆਂ ਦੀ ਮੰਗ ਤੇ ਤੁਰੰਤ ਗੈਸ ਪਲਾਂਟ ਬੰਦ ਕਰੇ। ਜੱਥੇਦਾਰ ਨਿਮਾਣਾ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਗੈਸ ਪਲਾਂਟ ਬੰਦ ਨਾ ਕੀਤਾ ਤਾਂ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਕਿਸੇ ਵੀ ਕੀਮਤ ਤੇ ਰਿਲਾਇੰਸ ਕੰਪਨੀ ਵੱਲੋਂ ਲਗਾਏ ਜਾ ਰਹੇ ਗੈਸ ਪਲਾਂਟ ਨੂੰ ਨਹੀਂ ਲੱਗਣ ਦਿੱਤਾ ਜਾਵੇਗਾ। ਇਸ ਸਮੇਂ ਧਰਨਾਕਾਰੀਆਂ ਨੇ ਦੱਸਿਆ ਕਿ ਅਸੀਂ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਇਸ ਸੰਬੰਧੀ ਤਿੰਨ ਵਾਰ ਮੰਗ ਪੱਤਰ ਦੇ ਚੁੱਕੇ ਹਾਂ ਪ੍ਰੰਤੂ ਬਹੁਤ ਅਫਸੋਸ ਨਾਲ ਦੱਸਣਾ ਪੈ ਰਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਸਾਡੇ ਮੰਗ-ਪੱਤਰਾਂ ਤੇ ਅਜੇ ਤੱਕ ਕੋਈ ਵੀ ਠੋਸ ਕਾਰਵਾਈ ਨਹੀਂ ਕੀਤੀ ਗਈ। ਇਸ ਗੈਸ ਫੈਕਟਰੀ ਦੇ ਲੱਗਣ ਨਾਲ ਹੋਣ ਵਾਲੇ ਨੁਕਸਾਨਾਂ ਕਾਰਨ ਭਵਿੱਖ ਵਿੱਚ ਸਾਨੂੰ ਆਪਣੇ ਘਰ ਛੱਡਣੇ ਪੈਣਗੇ ਜੋ ਕਿ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਲੈਸਟਰ ਗੁਰਦੁਆਰਾ ਚੋਣਾਂ
Next articleਰੇਲ ਕੋਚ ਫੈਕਟਰੀ ਵਿੱਚ ਹਿੰਦੀ ਨਾਟਕ ਮੁਕਾਬਲੇ ਕਰਵਾਏ ਗਏ